
ਪੈਸਿਆਂ ਦੇ ਲੈਣ-ਦੇਣ ਤੋਂ ਦੁਖੀ ਹੋ ਕੇ ਪਤੀ-ਪਤਨੀ ਅਤੇ ਧੀ ਨੇ ਕੀਤੀ ਆਤਮ ਹਤਿਆ
ਧਾਰੀਵਾਲ, 23 ਦਸੰਬਰ (ਇੰਦਰ ਜੀਤ): ਪੈਸਿਆਂ ਦੇ ਲੈਣ-ਦੇਣ ਤੋਂ ਦੁਖੀ ਹੋ ਕੇ ਅਤੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਪਤੀ, ਪਤਨੀ ਅਤੇ ਨਾਬਾਲਗ਼ ਧੀ ਵਲੋਂ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਆਤਮ ਹਤਿਆ ਕਰ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਜਿਸ ਦੇ ਸਬੰਧ ’ਚ ਥਾਣਾ ਧਾਰੀਵਾਲ ਦੀ ਪੁਲਿਸ ਨੇ 10 ਵਿਅਕਤੀਆਂ ਵਿਰੁਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਮ੍ਰਿਤਕ ਨਰੇਸ਼ ਸ਼ਰਮਾ ਦੇ ਬੇਟੇ ਕੁਨਾਲ ਸ਼ਰਮਾ ਵਾਸੀ ਧਾਰੀਵਾਲ ਨੇ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਦਸਿਆ ਕਿ ਉਨ੍ਹਾਂ ਕਈ ਲੋਕਾਂ ਨਾਲ ਪੈਸੇ ਦਾ ਲੈਣ-ਦੇਣ ਸੀ ਜਿਸ ਕਾਰਨ ਉਨ੍ਹਾਂ ਦੇ ਮਾਤਾ ਪਿਤਾ 10 ਦਿਨਾਂ ਲਈ ਧਾਰਮਕ ਸਥਾਨ ਦੀ ਯਾਤਰਾ ਉਤੇ ਚੱਲੇ ਗਏ ਅਤੇ ਉਨ੍ਹਾਂ ਦੇ ਨਾ ਆਉਣ ਕਾਰਨ ਜਗਜੀਤ ਸਿੰਘ ਉਰਫ਼ ਜੱਗਾ ਪਟਵਾਰੀ ਅਤੇ ਜਸਪਾਲ ਬੇਦੀ ਪੁੱਤਰ ਤਰਲੋਕ ਬੇਦੀ ਵਾਸੀਆਨ ਧਾਰੀਵਾਲ ਨੇ ਮੇਰੀ ਮਾਤਾ ਵਲੋਂ ਤਿੰਨ ਕਰੋੜ ਰੁਪਏ ਲੈ ਕੇ ਪਰਵਾਰ ਸਮੇਤ ਭੱਜ ਜਾਣ ਦੀਆਂ ਫ਼ੇਸਬੁੱਕ ਉਤੇ ਫ਼ਰਜ਼ੀ ਪੋਸਟਾਂ ਪਾ ਦਿਤੀਆਂ ਜਿਸ ਤੋਂ ਪ੍ਰੇਸ਼ਾਨ ਹੋ ਕੇ ਮੇਰੇ ਮੇਰੀ ਮਾਤਾ ਭਾਰਤੀ ਸ਼ਰਮਾ, ਪਿਤਾ ਨਰੇਸ਼ ਕੁਮਾਰ ਅਤੇ ਭੈਣ ਮਾਨਸੀ ਨੇ ਫ਼ੇਸਬੁੱਕ ਉਤੇ ਲਾਈਵ ਹੋ ਕੇ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ ਅਤੇ ਸਾਰੀ ਗੱਲ ਫ਼ੋਨ ਵਿਚ ਰਿਕਾਰਡ ਵੀ ਕਰ ਦਿਤੀ ਹੈ। ਜਦ ਮੇਰੇ ਹੋਰ ਪਰਵਾਰਕ ਮੈਂਬਰਾਂ ਨੇ ਮੇਰੇ ਪਿਤਾ, ਮਾਤਾ ਤੇ ਭੈਣ ਨੂੰ ਜਦ ਇਲਾਜ ਲਈ ਸਥਾਨਕ ਹਸਪਤਾਲਾਂ ਵਿਚ ਲੈ ਕੇ ਗਏ ਤਾਂ ਉਨ੍ਹਾਂ ਨੇ ਅੰਮ੍ਰਿਤਸਰ ਭੇਜ ਦਿਤਾ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਮੁਕੱਦਮਾ ਦਰਜ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਪੁਲਿਸ ਨੇ ਕੁਨਾਲ ਸ਼ਰਮਾ ਦੇ ਬਿਆਨਾਂ ਅਨੁਸਾਰ ਪ੍ਰਦੀਪ ਸ਼ਰਮਾ, ਨੀਤੀ ਪਠਾਨੀਆਂ, ਗੀਤਾਂਜਲੀ, ਅਮਰਦੀਪ ਮਹਾਜਨ, ਅੰਮਿਤ ਜਿਊਲਰਜ਼, ਦਰਸ਼ਨਾਂ ਬੱਬਰ, ਨਰਿੰਦਰ ਵਿੱਜ, ਅੰਮਿਤ ਧੁੰਨਾ, ਜਗਜੀਤ ਸਿੰਘ, ਜਸਪਾਲ ਬੇਦੀ ਦੇ ਵਿਰੁਧ ਮਾਮਲਾ ਦਰਜ ਕਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ੇਤਸਵੀਰਾਂ-1--ਮ੍ਰਿਤਕਾਂ ਦੀਆਂ ਫਾਈਲ ਫੋਟੋਆਂ ਅਤੇ ਐਸ.ਪੀ.(ਡੀ) ਹਰਵਿੰਦਰ ਸਿੰਘ ਸੰਧੂ ਜਾਣਕਾਰੀ ਦਿੰਦੇ ਹੋਏ। ਫੋਟੋ ਇੰਦਰ ਜੀਤ