
ਪੰਜਾਬ ਦੇ ਲੋਕਾਂ ਨਾਲ ਚੰਦ-ਤਾਰੇ ਤੋੜ ਕੇ ਲਿਆਉਣ ਦੇ ਵਾਅਦੇ ਕਰਨ ਤੋਂ ਪਹਿਲਾਂ ਦਿੱਲੀ 'ਚ ਆਪਣੀ ਕਾਰਗੁਜ਼ਾਰੀ ਦਿਖਾਓ- ਮੁੱਖ ਮੰਤਰੀ ਦੀ ਕੇਜਰੀਵਾਲ ਨੂੰ ਦੋ-ਟੁੱਕ
ਸਰਕਾਰ ਸੂਬੇ ਵਿਚ ਹਰ ਕੀਮਤ 'ਤੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ
ਪਠਾਨਕੋਟ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਚੰਦ-ਤਾਰੇ ਤੋੜ ਕੇ ਲਿਆਉਣ ਦੇ ਵਾਅਦੇ ਕਰਨ ਤੋਂ ਪਹਿਲਾਂ, ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦਿੱਲੀ 'ਚ ਆਪਣੀ ਕਾਰਗੁਜ਼ਾਰੀ ਵਿਖਾਉਣ। ਉਨ੍ਹਾਂ ਕਿਹਾ ਕਿ ਪੰਜਾਬ ਚ ਸੂਬਾ ਸਰਕਾਰ ਆਮ ਲੋਕਾਂ ਦੇ ਹਿੱਤਾਂ ਦੀ ਬਾਖ਼ੂਬੀ ਰਾਖੀ ਕਰ ਰਹੀ ਹੈ, ਕੇਜਰੀਵਾਲ ਨੂੰ ਉਨ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ।
CM Vows to maintain peace and amity in state at all costs
ਅੱਜ ਇੱਥੇ ਤਲਵਾੜਾ ਜੱਟਾਂ ਤੋਂ ਸਿੰਬਲੀ ਗੁੱਜਰਾਂ ਤੱਕ ਬਣਾਏ ਵੱਡੇ ਪੁਲ ਨੂੰ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ, ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 'ਆਪ' ਸੁਪਰੀਮੋ ਪੰਜਾਬ ਦੀ ਦੌਲਤ 'ਤੇ ਨਜ਼ਰ ਰੱਖ ਰਹੇ ਹਨ ਜਿਸ ਕਾਰਨ ਉਹ ਲੋਕਾਂ ਨੂੰ ਲੁਭਾਉਣ ਲਈ ਹਵਾਈ ਕਿਲ੍ਹੇ ਬਣਾ ਰਹੇ ਹਨ। ਉਨ੍ਹਾਂ ਕੇਜਰੀਵਾਲ ਨੂੰ ਚੁਣੌਤੀ ਦਿਤੀ ਕਿ ਪੰਜਾਬੀਆਂ ਦੇ ਸਾਹਮਣੇ ਝੂਠ ਦੇ ਪੁਲੰਦੇ ਫੋਲਣ ਤੋਂ ਪਹਿਲਾਂ ਉਹ ਪੰਜਾਬ ਸਰਕਾਰ ਵਾਂਗ ਦਿੱਲੀ ਵਾਸੀਆਂ ਨੂੰ ਸਸਤੀ ਬਿਜਲੀ ਅਤੇ ਪੈਟਰੋਲ ਦੇਣ ਦਾ ਐਲਾਨ ਕਰਨ ਦੀ ਹਿੰਮਤ ਕਰੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ 'ਆਪ' ਲੀਡਰਸ਼ਿਪ ਨੂੰ ਇੱਕ ਮੋਟੀ ਜਿਹੀ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਣਖੀ ਪੰਜਾਬੀ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਰਾਜ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦੇਣਗੇ।
CM Vows to maintain peace and amity in state at all costs
ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਯਾਦ ਕਰਵਾਇਆ ਕਿ ਪੰਜਾਬ ਸਰਕਾਰ ਪੂਰੇ ਉੱਤਰੀ ਖੇਤਰ ਵਿੱਚ ਸਭ ਤੋਂ ਸਸਤਾ ਪੈਟਰੋਲ ਅਤੇ ਡੀਜ਼ਲ ਆਪਣੇ ਲੋਕਾਂ ਨੂੰ ਮੁਹੱਈਆ ਕਰਵਾ ਰਹੀ ਹੈ ਅਤੇ ਇਸੇ ਤਰ੍ਹਾਂ ਪੂਰੇ ਦੇਸ਼ ਨਾਲੋਂ ਸੂਬੇ ਵਿਚ ਬਿਜਲੀ ਦੀਆਂ ਦਰਾਂ ਸਭ ਤੋਂ ਸਸਤੀਆਂ ਹਨ।ਉਨ੍ਹਾਂ ਸੁਆਲ ਕੀਤਾ, " ਕੀ ਕੇਜਰੀਵਾਲ ਪੰਜਾਬ ਵਿੱਚ ਆ ਕੇ ਲੋਕਾਂ ਨੂੰ ਭਰਮਾਉਣ ਲਈ ਕਈ ਤਰ੍ਹਾਂ ਦੇ ਝੂਠੇ ਐਲਾਨ ਕਰਨ ਤੋਂ ਪਹਿਲਾਂ ਦਿੱਲੀ ਵਿਚ ਪੰਜਾਬ ਵਾਂਗ ਆਮ ਆਦਮੀ ਦੇ ਏਜੰਡੇ ਨੂੰ ਲਾਗੂ ਕਰਨਗੇ।"
ਉਨ੍ਹਾਂ ਆਪਣੀ ਸਰਕਾਰ ਵਲੋਂ ਲਏ ਗਏ ਕਈ ਲੋਕ ਪੱਖੀ ਫੈਸਲਿਆਂ ਦੀ ਸੂਚੀ ਗਿਣਵਾਉਂਦਿਆਂ ਕਿਹਾ ਕਿ ਬਿਜਲੀ ਬਿੱਲਾਂ ਦੇ 1500 ਕਰੋੜ ਰੁਪਏ ਦੇ ਬਕਾਏ ਮੁਆਫ਼ ਕੀਤੇ ਗਏ ਹਨ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਪ੍ਰਤੀ ਯੂਨਿਟ ਤਿੰਨ ਰੁਪਏ ਘਟਾਈਆਂ ਗਈਆਂ ਹਨ। ਪੇਂਡੂ ਖੇਤਰਾਂ ਵਿਚ ਜਲ ਸਪਲਾਈ ਘਰਾਂ ਦੀਆਂ ਮੋਟਰਾਂ ਦੇ ਸਬੰਧ ਵਿਚ 1200 ਕਰੋੜ ਰੁਪਏ ਮੁਆਫ਼ ਕੀਤੇ ਗਏ ਹਨ, ਜਲ ਸਪਲਾਈ ਦੇ ਪਾਣੀ ਦੇ ਮਾਸਿਕ ਖਰਚੇ ਘਟਾ ਕੇ 50 ਰੁਪਏ ਕੀਤੇ ਗਏ ਹਨ ਅਤੇ ਰੇਤ ਦੇ ਰੇਟ ਬਹੁਤ ਘੱਟ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਹੀ ਆਮ ਆਦਮੀ ਦਾ ਏਜੰਡਾ ਹੈ ਅਤੇ ਪੰਜਾਬ ਸਰਕਾਰ ਆਮ ਆਦਮੀ ਨੂੰ ਲਾਭ ਪਹੁੰਚਾਉਣ ਲਈ ਇਸ ਨੂੰ ਪੂਰੇ ਜੋਸ਼ ਨਾਲ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲੇ ਭਵਿੱਖ ਵਿਚ ਵੀ ਜਾਰੀ ਰਹਿਣਗੇ ਤਾਂ ਜੋ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਚੰਨੀ ਨੇ ਕਿਹਾ, 'ਮੈਂ ਆਮ ਆਦਮੀ ਦੀਆਂ ਮੁਸ਼ਕਿਲਾਂ ਨੂੰ ਜਾਣਦਾ ਹਾਂ ਅਤੇ ਮੇਰਾ ਹਰ ਕਦਮ ਉਨ੍ਹਾਂ ਨੂੰ ਘੱਟ ਕਰਨ ਲਈ ਹੈ।"
CM Vows to maintain peace and amity in state at all costs
ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖਾ ਹਮਲਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਲੁਟੇਰਿਆਂ ਨੇ ਡਰੱਗ ਮਾਫ਼ੀਆ ਨੂੰ ਪਨਾਹ ਦੇ ਕੇ ਇਸ ਦੀ ਸਰਪ੍ਰਸਤੀ ਕੀਤੀ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਹੁਣ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਦੇ ਮਾੜੇ ਕੰਮਾਂ ਲਈ ਉਸ 'ਤੇ ਮੁਕੱਦਮਾ ਦਰਜ ਕਰ ਲਿਆ ਹੈ, ਜਿਸ ਕਾਰਨ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਏਧਰ-ਓਧਰ ਭੱਜ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਹਰ ਵਿਅਕਤੀ ਨੂੰ ਸੂਬੇ ਅਤੇ ਇੱਥੋਂ ਦੇ ਲੋਕਾਂ ਨਾਲ ਧ੍ਰੋਹ ਕਮਾਉਣ ਦੇ ਗੁਨਾਹਗਾਰ ਵਜੋਂ ਲੈ ਕੇ ਉਨ੍ਹਾਂ ' ਤੇ ਨੱਥ ਪਾਈ ਜਾਵੇਗੀ।
cabinet minister aruna chaudhary and cm channi
ਸੂਬੇ ਵਿਚ ਹਰ ਕੀਮਤ 'ਤੇ ਅਮਨ-ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦਾ ਅਹਿਦ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਦੁਸ਼ਮਣ ਤਾਕਤਾਂ ਸੂਬੇ ਨੂੰ ਅਸਥਿਰ ਕਰਨ 'ਤੇ ਤੁਲੀਆਂ ਹੋਈਆਂ ਹਨ, ਪਰ ਪੰਜਾਬ ਦੇ ਲੋਕਾਂ ਦੀ ਮੱਦਦ ਨਾਲ, ਇਨ੍ਹਾਂ ਤਾਕਤਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕੀਤਾ ਜਾਵੇਗਾ ਅਤੇ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿਤਾ ਜਾਵੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਅਮਨ-ਸ਼ਾਂਤੀ ਨੂੰ ਹਰ ਕੀਮਤ 'ਤੇ ਬਰਕਰਾਰ ਰੱਖਣ ਲਈ ਵਚਨਬੱਧ ਹੈ।
CM Vows to maintain peace and amity in state at all costs
ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਪੁੱਜਣ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਕਾਰਨ, ਇਨ੍ਹਾਂ ਸਮਾਗਮਾਂ ਵਿਚ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਕੋਈ ਏਜੰਡਾ ਨਹੀਂ ਹੈ, ਇਸ ਲਈ ਲੋਕ ਅਕਾਲੀਆਂ ਅਤੇ 'ਆਪ' ਦੇ ਸਮਾਗਮਾਂ ਵਿਚ ਨਹੀਂ ਜਾ ਰਹੇ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਲੋਕਾਂ ਦਾ ਇਹ ਸਮਰਥਨ, ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸੂਬੇ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ।
ਮੁੱਖ ਮੰਤਰੀ ਨੇ ਆਪਣੇ ਹਲਕੇ ਵਿਚ ਕਈ ਅਹਿਮ ਪ੍ਰਾਜੈਕਟ ਸ਼ੁਰੂ ਕਰਨ ਲਈ ਵਿਧਾਇਕ ਅਮਿਤ ਵਿਜ ਦੀ ਸ਼ਲਾਘਾ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਪਠਾਨਕੋਟ ਵਿੱਚ 32 ਏਕੜ ਜ਼ਮੀਨ 'ਚ ਮੈਡੀਕਲ ਕਾਲਜ ਸਥਾਪਤ ਕੀਤਾ ਜਾਵੇਗਾ ਅਤੇ ਹਿੰਦੂ ਸਹਿਕਾਰੀ ਬੈਂਕ ਦਾ ਸਹਿਕਾਰੀ ਬੈਂਕਾਂ ਵਿੱਚ ਰਲੇਵਾਂ ਕੀਤਾ ਜਾਵੇਗਾ। ਮੁੱਖ ਮੰਤਰੀ ਚੰਨੀ ਨੇ ਐਲੀਵੇਟਿਡ ਰੋਡ ਦੇ ਨਾਲ-ਨਾਲ ਕਈ ਹੋਰ ਪ੍ਰੋਜੈਕਟਾਂ ਲਈ 120 ਕਰੋੜ ਰੁਪਏ ਮਨਜ਼ੂਰ ਕਰਨ ਦਾ ਵੀ ਐਲਾਨ ਕੀਤਾ।
CM Charanjit Singh Channi
ਮਾਲ ਤੇ ਮੁੜ ਵਸੇੇਬਾ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ 'ਮੇਰਾ ਘਰ, ਮੇਰੇ ਨਾਮ' ਸਕੀਮ ਦਾ ਘੇਰਾ ਪੂਰੇ ਸੂਬੇ ਵਿਚ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ ਦੀਆਂ ਕਈ ਅਹਿਮ ਸਮੱਸਿਆਵਾਂ ਦਾ ਹੱਲ ਕੀਤਾ ਹੈ। ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਸੂਬੇ ਦੇ ਵਿਕਾਸ ਲਈ ਠੋਸ ਉਪਰਾਲੇ ਕਰ ਰਹੇ ਹਨ। ਇਸ ਤੋਂ ਪਹਿਲਾਂ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਨੇ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਦਾ ਸਟੇਜ 'ਤੇ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਅਮਿਤ ਵਿਜ ਤੇ ਜੋਗਿੰਦਰ ਪਾਲ ਵੀ ਮੌਜੂਦ ਸਨ।