
ਸਾਲ 2013 'ਚ ਅਕਾਲੀ-ਭਾਜਪਾ ਸਰਕਾਰ ਵੇਲੇ ਹੀ 6 ਹਜ਼ਾਰ ਕਰੋੜ ਰੁਪਏ ਦਾ ਡਰੱਗਜ਼ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ,
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਪ੍ਰੈਸ ਕਾਨਫ਼ਰੰਸ ਕੀਤੀ ਗਈ ਜਿਸ ਵਿਚ ਉਹਨਾਂ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੀਤੇ ਗਏ ਕੇਸ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮਜੀਠੀਆ ਖ਼ਿਲਾਫ਼ ਇਹ ਮਾਮਲਾ ਕਾਂਗਰਸ ਸਰਕਾਰ ਵੱਲੋਂ ਨਹੀਂ ਸਗੋਂ ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਈਡੀ ਨੇ ਵੀ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਉਸ 'ਚ ਮਜੀਠੀਆ ਦਾ ਨਾਂ ਸ਼ਾਮਲ ਸੀ।
Bikram singh majithia
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਇਸ ਸਾਰੇ ਮਾਮਲੇ ਦੀ ਅਸਲੀਅਤ ਪਤਾ ਕੀਤੀ ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਚਮੁੱਚ ਨਸ਼ਾ ਤਸਕਰੀ ਦੇ ਮਾਮਲੇ 'ਚ ਮਜੀਠੀਆ ਦੀ ਸ਼ਮੂਲੀਅਤ ਹੈ ਤਾਂ ਫਿਰ ਜਾ ਕੇ ਉਹਨਾਂ ਨੇ ਇਹ ਕਾਰਵਾਈ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 2013 'ਚ ਅਕਾਲੀ-ਭਾਜਪਾ ਸਰਕਾਰ ਵੇਲੇ ਹੀ 6 ਹਜ਼ਾਰ ਕਰੋੜ ਰੁਪਏ ਦਾ ਡਰੱਗਜ਼ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ, ਉਸ ਸਮੇਂ ਪੰਜਾਬ ਪੁਲਿਸ ਵੱਲੋਂ ਜੋ ਦਸਤਾਵੇਜ਼ ਲਿਖੇ ਗਏ, ਉਸ 'ਚ ਮਜੀਠੀਆ ਦਾ ਨਾਂ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਈ. ਡੀ. ਵੱਲੋਂ ਵੀ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਮਜੀਠੀਆ ਦੀ ਸ਼ਮੂਲੀਅਤ ਪਾਈ ਗਈ।
CM Charanjit singh channi
ਉਨ੍ਹਾਂ ਕਿਹਾ ਕਿ ਹਾਲਾਂਕਿ ਕੈਪਟਨ ਅਮਰਿੰਦਰ ਨੇ ਐੱਸ. ਟੀ. ਐੱਫ. ਦੀ ਰਿਪੋਰਟ ਨਹੀਂ ਖੁੱਲ੍ਹਵਾਈ ਅਤੇ ਨਾ ਹੀ ਇਸ ਕੇਸ ਦੀ ਪੈਰਵੀ ਕੀਤੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਹੁਣ ਐੱਸ. ਟੀ. ਐੱਫ. ਦੀ ਰਿਪੋਰਟ ਦੇ ਆਧਾਰ 'ਤੇ ਹੀ ਬਿਕਰਮ ਮਜੀਠੀਆ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਇਕ ਵੱਡੀ ਲੜਾਈ ਹੈ ਅਤੇ ਇਸ 'ਚ ਵੱਡੇ ਮਗਰਮੱਛ ਅਤੇ ਵੱਡੀਆਂ ਤਾਕਤਾਂ ਦਾ ਡਟ ਕੇ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਸੌਖਾ ਕੰਮ ਨਹੀਂ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸੀਐੱਮ ਚੰਨੀ ਨੇ ਕਪੂਰਥਲਾ ਕੇਸ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਹੈ।
kapurthla Case
ਉਹਨਾਂ ਨੇ ਕਿਹਾ ਕਿ ਕਪੂਰਥਲਾ 'ਚ ਸਾਨੂੰ ਬੇਅਦਬੀ ਦੀ ਕੋਈ ਘਟਨਾ ਨਹੀਂ ਮਿਲੀ ਤੇ ਨਾ ਹੀ ਕੋਈ ਸਬੂਤ ਹੈ ਕਿ ਉੱਥੇ ਬੇਅਦਬੀ ਹੋਈ ਹੈ। ਇਹ ਮਾਮਲਾ ਕਤਲ ਵੱਲ ਨੂੰ ਗਿਆ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਮਾਮਲੇ ਨੂੰ ਹੱਲ ਕਰ ਲਿਆ ਹੈ ਤੇ ਇਸ ਕੇਸ ਵਿਚ FIR ਦਰਜ ਕਰਨ ਜਾ ਰਹੇ ਹਾਂ। ਇਸ ਮੌਕੇ ਸੀਐੱਮ ਚੰਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਪੰਜਾਬੀਆਂ ਨਾਲ ਵੱਡੇ-ਵੱਡੇ ਵਾਅਦੇ ਕਰਨ ਵਾਲੇ ਕੇਜਰੀਵਾਲ ਨੇ ਹੀ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗੀ ਸੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅਜੇ ਵੀ ਮੌਕਾ ਹੈ, ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਕੋਲੋਂ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ ਪਰ ਬਾਅਦ 'ਚ ਲੋਕ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਲੁਧਿਆਣਾ ਕੋਰਟ ਕੰਪਲੈਕਸ ਧਮਾਕੇ ਬਾਰੇ ਬੋਲਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।