
ਅੱਜ ਪੰਜਾਬ ਵਿਚ ਬਹੁਤ ਕਮਜ਼ੋਰ ਸਰਕਾਰ ਹੈ ਜੋ ਆਪਸ ਵਿਚ ਲੜ ਰਹੀ ਹੈ।
ਚੰਡੀਗੜ੍ਹ - 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਲਗਾਤਾਰ ਸੀਐੱਮ ਚੰਨੀ 'ਤੇ ਨਿਸ਼ਾਨੇ ਸਾਧ ਰਹੇ ਹਨ ਤੇ ਅੱਜ ਇਕ ਵਾਰ ਫਿਰ ਉਹਨਾਂ ਨੇ 2 ਟਵੀਟ ਕਰ ਕੇ ਸੀਐੱਮ ਚੰਨੀ 'ਤੇ ਵਾਰ ਕੀਤਾ ਹੈ। ਉਹਨਾਂ ਨੇ ਲਿਖਿਆ ਕਿ ਸੀਐੱਮ ਚੰਨੀ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ ਬੀਤੇ ਦਿਨ ਲੁਧਿਆਣਾ ਕਚਹਿਰੀ 'ਚ ਹੋਏ ਧਮਾਕੇ ਬਾਰੇ ਬੋਲਣ ਦੀ ਬਜਾਏ ਉਹਨਾਂ ਨੇ ਮੈਨੂੰ ਖੂਬ ਗਾਲ੍ਹਾਂ ਕੱਢੀਆਂ।
ਕੇਜਰੀਵਾਲ ਨੇ ਕਿਹਾ ਕਿ ''ਲੁਧਿਆਣਾ ਵਿਚ ਬੰਬ ਬਲਾਸਟ ਹੋਇਆ। ਲੋਕ ਸਦਮੇ ਵਿਚ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰੈਸ ਕਾਨਫ਼ਰੰਸ ਕੀਤੀ। ਪੰਜਾਬ ਦੇ ਲੋਕਾਂ ਨੂੰ ਉਮੀਦ ਸੀ ਕਿ CM ਲੁਧਿਆਣਾ ਬਲਾਸਟ 'ਤੇ ਕੁਝ ਕਹਿਣਗੇ। ਪੂਰੀ PC ਵਿਚ ਚੰਨੀ ਸ੍ਹਾਬ ਨੇ ਬਲਾਸਟ 'ਤੇ ਇੱਕ ਸ਼ਬਦ ਨਹੀਂ ਬੋਲਿਆ ਪਰ ਮੈਨੂੰ ਵਾਧੂ ਗਾਲ੍ਹਾਂ ਕੱਢੀਆਂ। ਇਸ ਮੁਸ਼ਕਲ ਸਮੇਂ ਵਿਚ ਵੀ ਇਸ ਤਰ੍ਹਾਂ ਦੀ ਰਾਜਨੀਤੀ?''
ਇਸ ਦੇ ਨਾਲ ਹੀ ਦੱਸ ਦਈਏ ਕਿ ਕੇਜਰੀਵਾਲ ਨੇ ਸਵੇਰੇ ਵੀ ਇਕ ਟਵੀਟ ਕਰ ਕੇ ਸੀਐੱਮ ਚੰਨੀ 'ਤੇ ਨਿਸ਼ਾਨਾ ਸਾਧਿਆ ਸੀ। ਉਹਨਾਂ ਨੇ ਲਿਖਿਆ ਸੀ ਕਿ ''ਪਹਿਲਾਂ ਬੇਅਦਬੀ, ਹੁਣ ਬੰਬ ਧਮਾਕਾ। ਕੁਝ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ, ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਅੱਜ ਪੰਜਾਬ ਵਿਚ ਬਹੁਤ ਕਮਜ਼ੋਰ ਸਰਕਾਰ ਹੈ ਜੋ ਆਪਸ ਵਿਚ ਲੜ ਰਹੀ ਹੈ।
ਪੰਜਾਬ ਵਿਚ ਅਮਨ-ਸ਼ਾਂਤੀ ਕਾਇਮ ਰੱਖਣ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਲਈ ਪੰਜਾਬ ਵਿਚ ਸਖ਼ਤ ਤੇ ਇਮਾਨਦਾਰ ਸਰਕਾਰ ਦੀ ਲੋੜ ਹੈ''। ਦੱਸ ਦਈਏ ਕਿ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਤੋਂ ਦੋ ਦਿਨਾਂ ਪੰਜਾਬ ਦੌਰੇ 'ਤੇ ਹਨ ਅਤੇ ਅੱਜ ਉਹ ਗੁਰਦਾਸਪੁਰ ਦਾ ਦੌਰਾ ਕਰ ਰਹੇ ਹਨ।