
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਸਵਾਲ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਘੇਰ ਕੇ ਕੀਤੀ ਕੁੱਟਮਾਰ
ਦੋਸ਼ੀਆ ਵਿਰੁਧ ਕਾਰਵਾਈ ਨਾ ਹੋਈ ਤਾਂ ਥਾਣੇ ਅੱਗੇ ਦੇਵਾਂਗੇ ਧਰਨਾ : ‘ਆਪ’
ਬਾਘਾ ਪੁਰਾਣਾ, 23 ਦਸੰਬਰ (ਸੰਦੀਪ ਬਾਘੇਵਾਲੀਆ) : ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਸਵਾਲ ਕਰਨਾ ਇਕ ਨੌਜਵਾਨ ਨੂੰ ਇੰਨਾ ਮਹਿੰਗਾ ਪੈ ਗਿਆ ਕਿ ਇਕ ਸਕੂਲੀ ਵੈਨ ਚਲਾ ਕੇ ਗੁਜ਼ਾਰਾਂ ਕਰਦੇ ਨੌਜਵਾਨ ਦੀ ਘਰ ਜਾ ਕੇ ਕੁੱਟਮਾਰ ਕੀਤੀ ਗਈ। ਇਸ ਮਾਮਲੇ ਵਿਚ ਜ਼ਖ਼ਮੀ ਹੋਏ ਨੌਜਵਾਨ ਮਨਦੀਪ ਸਿੰਘ ਮਾਹਲਾ ਨੇ ਲਾਈਵ ਹੋ ਕੇ ਫ਼ੇਸਬੁੱਕ ’ਤੇ ਦੋਸ਼ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਉਮੀਦਵਾਰ ਤੀਰਥ ਸਿੰਘ ਮਾਹਲਾ ਦੇ ਦੋਵੇਂ ਪੁੱਤਰਾਂ ’ਤੇ ਹੋਰ ਨੌਜਵਾਨਾਂ ਨੇ ਉਸ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਹੈ, ਕਿਉਂਕਿ ਕੁਝ ਦਿਨ ਪਹਿਲਾਂ ਉਸ ਨੇ ਸਵਾਲ ਕੀਤਾ ਸੀ ਕਿ ਜੇਕਰ ਅਕਾਲੀ ਦਲ ਦੇ ਉਮੀਦਵਾਰ ਸੱਚਮੁਚ ਪੰਜਾਬ ਨੂੰ ਸੋਹਣਾ ਬਣਾਉਣਾ ਚਾਹੁੰਦੇ ਹਨ ਤਾਂ ਫ਼ਿਰ ਕਥਿਤ ਤੌਰ ’ਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਵਿਦੇਸ਼ ਕਿਉਂ ਰਹਿੰਦੇ ਹਨ। ਨੌਜਵਾਨ ਨੇ ਭਰੇ ਮਨ ਨਾਲ ਕਿਹਾ ਕਿ ਸਵਾਲ ਕਰਨਾ ਹਰ ਕਿਸੇ ਦਾ ਹੱਕ ਹੈ ਤੇ ਕੀ ਹੁਣ ਮੈਂ ਡਰ ਜਵਾਂਗਾ, ਸਗੋਂ ਇਸ ਤਰ੍ਹਾਂ ਦੇ ਸਵਾਲ ਮੁੜ ਕਰਾਂਗਾ। ਦੂਜੇ ਪਾਸੇ ਪੀੜਤ ਨੌਜਵਾਨ ਸਿਵਲ ਹਸਪਤਾਲ ਬਾਘਾ ਪੁਰਾਣਾ ਵਿਖੇ ਦਾਖ਼ਲ ਹੈ, ਜਿੱਥੇ ਉਸ ਦਾ ਇਲਾਜ ਚਲ ਰਿਹਾ ਹੈ। ਇਸੇ ਦੌਰਾਨ ਹੀ ਜ਼ਿਲਾ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਨੌਜਵਾਨ ਦੇ ਤਰਕ ਦੇ ਆਧਾਰ ’ਤੇ ਜਵਾਬ ਦੇਣੇ ਚਾਹੀਦੇ ਸਨ ਕਿਉਂਕਿ ਲੀਡਰਾਂ ਤੋਂ ਜਵਾਬ ਮੰਗਣਾ ਹਰ ਕਿਸੇ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਇਕ ਵੈਨ ਚਾਲਕ ’ਤੇ ਇਸ ਤਰ੍ਹਾਂ ਹਮਲਾ ਅਤੇ ਜਦੋਂ ਬੱਚੇ ਵੀ ਵੈਨ ਵਿਚ ਬੈਠੇ ਹੋਣ ਇਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਹਾਲੇ ਤਾਂ ਅਕਾਲੀ ਦਲ ਦੀ ਸਰਕਾਰ ਨਹੀਂ ਅਤੇ ਹੁਣ ਇਹ ਹਾਲ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਵੇਲੇ ਸਾਡੇ ’ਤੇ ਵੀ ਮਾਹਲਾ ਕਲਾਂ ਵਿਖੇ ਚੋਣ ਪ੍ਰਚਾਰ ਦੌਰਾਨ ਇਸ ਤਰ੍ਹਾਂ ਹਮਲਾ ਕੀਤਾ ਸੀ। ਹਲਕਾ ਬਾਘਾ ਪੁਰਾਣਾ ਤੋਂ ਆਮ ਪਾਰਟੀ ਦੇ ਉਮੀਦਵਾਰ ਅਮ੍ਰਿੰਤਪਾਲ ਸਿੰਘ ਸੁਖਾਨੰਦ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਨੌਜਵਾਨ ਡਰਾਈਵਰ ਦਾ ਹਾਲ ਚਾਲ ਪੁੱਛਿਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਦੋਸ਼ੀਆ ਵਿਰੁਧ ਪੁਲਿਸ ਨੇ ਢਿੱਲੀ ਕਾਰਵਾਈ ਕੀਤੀ ਤਾਂ ਅਸੀਂ ਥਾਣੇ ਅੱਗੇ ਅਤੇ ਜਥੇਦਾਰ ਦੇ ਘਰ ਦੇ ਅੱਗੇ ਧਰਨਾ ਲਗਾ ਕੇ, ਪੀੜਤ ਵਿਅਕਤੀ ਨੂੰ ਇਨਸਾਫ਼ ਦਿਵਾਉਣ ਤੋਂ ਗੁਰੇਜ਼ ਨਹੀਂ ਕਰਾਂਗੇ।
23 ਬਾਘਾ ਪੁਰਾਣਾ 02
ਕੈਪਸ਼ਨ: ਸਿਵਲ ਹਸਪਤਾਲ ਵਿਖੇ ਜਖ਼ਮੀ ਦਾ ਹਾਲ ਚਾਲ ਪੁੱਛਦੇ ਹੋਏ ਆਮ ਪਾਰਟੀ ਦੇ ਉਮੀਦਵਾਰ ਅਮ੍ਰਿੰਤਪਾਲ ਸਿੰਘ ਸੁਖਾਨੰਦ। (ਸੰਦੀਪ)