
"ਇਕ ਕੈਬਨਿਟ ਮੰਤਰੀ CM ਕੇਜਰੀਵਾਲ ਨੂੰ ਮਿਲ ਸਕਦਾ ਤਾਂ ਆਮ ਬੰਦਾ ਕਿਵੇਂ ਮਿਲ ਸਕਦਾ ਹੈ"
ਨਵੀਂ ਦਿੱਲੀ (ਲੰਕੇਸ਼ ਤ੍ਰਿਖਾ): ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਦਿੱਲੀ ਹਵਾਈ ਅੱਡੇ ਤੱਕ ਜਾਣ ਦੀ ਇਜਾਜ਼ਤ ਦੇਣ ਦੀ ਮੰਗ ਲੈ ਕੇ ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ ਪਰ ਉਹਨਾਂ ਨਾਲ ਮੁਲਾਕਾਤ ਲਈ ਦਿੱਲੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ। ਇਸ ਦੌਰਾਨ ਰਾਜਾ ਵੜਿੰਗ ਨੇ ਅਰਵਿੰਦ ਕੇਜਰੀਵਾਲ ਦੇ ਘਰ ਅੱਗੇ ਧਰਨਾ ਲਗਾਇਆ। ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿਚ ਵੀ ਲਿਆ।
Raja Warring Protest outside Kejriwa's house
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਬਾਦਲਾਂ ਦੀਆਂ ਬੱਸਾਂ ਦਿੱਲੀ ਏਅਰਪੋਰਟ ਤੋਂ ਐਨਆਰਆਈ ਭਰਾਵਾਂ ਨੂੰ ਜਲੰਧਰ ਜਾਂ ਅੰਮ੍ਰਿਤਸਰ ਲਿਜਾਉਣ ਲਈ 3 ਹਜ਼ਾਰ ਰੁਪਏ ਲੈਂਦੀਆਂ ਹਨ, ਜੇਕਰ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਉਹਨਾਂ ਨੂੰ ਸਿਰਫ 1200 ਰੁਪਏ ਵਿਚ ਲਿਜਾਇਆ ਜਾ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਬਾਦਲਾਂ ਦੀ ਇਕ ਬੱਸ ਨੂੰ ਤਿੰਨ ਲੱਖ ਦੀ ਕਮਾਈ ਹੁੰਦੀ ਹੈ, ਬਾਦਲ ਪਰਿਵਾਰ ਨੂੰ ਇੰਡੋ ਕੈਨੈਡੀਅਨ ਤੋਂ ਇਕ ਦਿਨ ਦੀ 87 ਲੱਖ ਆਮਦਨ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਿੰਨੀ ਕਮਾਈ ਕਰ ਰਹੇ ਹਨ ਅਤੇ ਕਿਸ ਦੀ ਛਤਰ ਛਾਇਆ ਹੇਠ ਕਰ ਰਹੇ ਨੇ। ਇਹ ਪੰਜਾਬ ਦੇ ਲੋਕਾਂ ਨਾਲ ਧੱਕਾ ਹੈ। ਉਹਨਾਂ ਕਿਹਾ ਕਿ ਬਾਦਲ ਅਤੇ ਕੇਜਰੀਵਾਲ ਆਪਸ ਵਿਚ ਰਲੇ ਹੋਏ ਹਨ।
Raja Warring
ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ਜਦੋਂ ਵੀ ਕੋਈ ਸਾਡੇ ਘਰ ਆਉਂਦਾ ਹੈ ਤਾਂ ਅਸੀਂ ਉਸ ਨੂੰ ਪੂਰਾ ਮਾਣ ਸਤਿਕਾਰ ਦਿੰਦੇ ਹਾਂ। ਜੇਕਰ ਕੇਜਰੀਵਾਲ ਕੋਲ ਇਕ ਮੰਤਰੀ ਨੂੰ ਮਿਲਣ ਦਾ ਸਮਾਂ ਨਹੀਂ ਹੈ ਤਾਂ ਉਹ ਇਕ ਆਮ ਵਿਅਕਤੀ ਨੂੰ ਕਿਵੇਂ ਮਿਲਣਗੇ। ਉਹਨਾਂ ਦੱਸਿਆ ਕਿ ਪੰਜਾਬ ਦੀਆਂ ਬੱਸਾਂ ਦਾ ਕੋਈ ਟੈਕਸ ਬਕਾਇਆ ਨਹੀਂ ਹੈ। ਜੇਕਰ ਕੋਈ ਟੈਕਸ ਬਕਾਇਆ ਹੈ ਤਾਂ ਕੇਜਰੀਵਾਲ ਉਸ ਦੀ ਰਸੀਦ ਦੇਣ, ਮੈਂ ਹੁਣੇ ਟੈਕਸ ਭਰਨ ਲਈ ਤਿਆਰ ਹਾਂ।
Arvind kejriwal
ਦੱਸ ਦਈਏ ਕਿ ਰਾਜਾ ਵੜਿੰਗ ਪਹਿਲਾਂ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 13 ਪੱਤਰ ਲਿਖ ਕੇ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਪੰਜਾਬ ਰਾਜ ਬੱਸ ਸੇਵਾ ਮੁੜ ਸ਼ੁਰੂ ਕਰਨ ਦੀ ਮੰਗ ਕਰ ਚੁੱਕੇ ਹਨ ਪਰ ਉਹਨਾਂ ਵਲੋਂ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।