
ਰਣਜੀਤ ਸਿੰਘ ਬ੍ਰਹਮਪੁਰਾ ਮੁੜ ਸ਼ੋ੍ਰਮਣੀ ਅਕਾਲੀ ਦਲ ਵਿਚ ਹੋਏ ਸ਼ਾਮਲ
ਚੰਡੀਗੜ੍ਹ, 23 ਦਸੰਬਰ (ਜੀ.ਸੀ.ਭਾਰਦਵਾਜ): ਦੋ ਸਾਲ ਪਹਿਲਾਂ ਮਾਂ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਨੂੰ ਛੱਡ ਕੇ ਆਏ, ਤਿੰਨ ਸੀਨੀਅਰ ਸਿੱਖ ਨੇਤਾ ਸ. ਸੁਖਦੇਵ ਸਿੰਘ ਢੀਂਡਸਾ, ਸ. ਸੇਵਾ ਸਿੰਘ ਸੇਖਵਾ ਤੇ ਸ. ਰਣਜੀਤ ਸਿੰਘ ਬ੍ਰਹਮਪੁਰਾ ਵਿਚੋਂ ਇਕ ਸੱਭ ਤੋਂ ਵੱਧ ਤਜਰਬੇਕਾਰ ਤੇ 2 ਵਾਰ ਮੰਤਰੀ ਰਹੇ ਸਾਬਕਾ ਐਮ.ਪੀ. ਸ. ਰਣਜੀਤ ਸਿੰਘ ਬ੍ਰਹਮਪੁਰਾ ਅੱਜ ਮੁੜ ਅਪਣੀ ਘਰ ਵਾਪਸੀ ਕਰ ਗਏ | ਇਥੇ ਸੈਕਟਰ 15 ਦੀ ਅਪਣੀ ਨਿਜੀ ਰਿਹਾਇਸ਼ 'ਤੇ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਮਨਾਉਣ ਤੇ ਪਲੋਸਣ ਉਪਰੰਤ ਟਕਸਾਲੀ ਨੇਤਾ ਸ. ਬ੍ਰਹਮਪੁਰਾ ਨੇ ਅੱਜ ਸੈਕਟਰ 28 ਵਿਚ ਹੋਈ ਕੋਰ ਕਮੇਟੀ ਦੀ ਬੈਠਕ ਵਿਚ ਵੀ ਹਾਜ਼ਰੀ ਭਰੀ | ਜ਼ਿਕਰਯੋਗ ਹੈ ਕਿ ਬਾਦਲ ਦਲ ਨੂੰ ਛੱਡ ਕੇ ਗਏ ਅਤੇ ਮੌਜੂਦਾ ਰਾਜ ਸਭਾ ਦੇ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਬਾਰੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ
ਦਲ ਦੇ ਦਰਵਾਜ਼ੇ ਹਮੇਸ਼ਾ ਖੁਲ੍ਹੇ ਹਨ ਅਤੇ ਅਕਾਲੀ ਦਲ ਦੀ ਸਫ਼ਲਤਾ ਲਈ ਉਹ ਹਰ ਸੰਭਵ ਕੋਸ਼ਿਸ਼ ਕਰਦੇ ਰਹਿਣਗੇ | ਸ. ਸੇਖਵਾਂ ਤੇ ਬ੍ਰਹਮਪੁਰਾ ਨਾਲ ਮਿਲ ਕੇ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਬਣਾਇਆ ਸੀ | ਮਗਰੋਂ ਸ. ਸੇਖਵਾਂ ਆਮ ਆਦਮੀ ਪਾਰਟੀ ਵਿਚ ਚਲੇ ਗਏ ਅਤੇ 2 ਮਹੀਨੇ ਪਹਿਲਾਂ ਹੀ ਉਹ ਅਕਾਲ ਚਲਾਣਾ ਕਰ ਗਏ ਸਨ | ਸ. ਬ੍ਰਹਮਪੁਰਾ ਨਾਲ ਇਕ ਹੋਰ ਸਾਥੀ ਤੇ ਸਾਬਕਾ ਵਿਧਾਇਕ ਸ. ਉਜਾਗਰ ਸਿੰਘ ਬਡਾਲੀ ਵੀ ਅੱਜ ਮੁੜ ਸ਼ੋ੍ਰਮਣੀ ਅਕਾਲੀ ਦਲ ਵਿਚ ਵਾਪਸ ਆ ਗਏ | ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਸ. ਬ੍ਰਹਮਪੁਰਾ ਦੇ ਸਪੁੱਤਰ ਸ. ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਹ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਰਮਨ ਸਿੱਕੀ ਤੋਂ 17000 ਵੋਟਾਂ ਦੇ ਫ਼ਰਕ ਨਾਲ ਹਾਰ ਕੇ ਦੂਜੇ ਨੰਬਰ 'ਤੇ ਰਹੇ ਸਨ ਅਤੇ ਐਤਕੀਂ ਪੂਰੀ ਚੜ੍ਹਤ ਵਿਚ ਹਨ ਤੇ ਸਫ਼ਲਤਾ ਜ਼ਰੂਰ ਹੋਵੇਗੀ |
ਫ਼ੋਟੋ ਸੰਤੋਖ ਸਿੰਘ ਵਲੋਂ