ਨਕਾਬਪੋਸ਼ ਚਾਕੂ ਦੁਕਾਨ ’ਚ ਸੁੱਟ ਕੇ ਹੋਇਆ ਫਰਾਰ
ਲਾਡੋਵਾਲ : ਲੁਧਿਆਣਾ ਦੇ ਪੁਲਿਸ ਥਾਣਾ ਲਾਡੋਵਾਲ ਅਧੀਨ ਪੈਂਦੇ ਹੰਬੜਾ ਵਿਖੇ ਮਨੀ ਟਰਾਂਸਫਰ ਦੀ ਦੁਕਾਨ ਲੁੱਟਣ ਆਏ ਨਕਾਬਪੋਸ਼ ਲੁਟੇਰੇ ਦਾ ਲੜਕੀ ਸੋਨੀ ਵਰਮਾ ਵੱਲੋਂ ਬਹਾਦਰੀ ਨਾਲ ਸਾਹਮਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਉਕਤ ਲਟੇਰੇ ਨੇ ਚਾਕੂ ਦੀ ਤਿੱਖੀ ਨੋਕ ’ਤੇ ਲੜਕੀ ਨੂੰ ਡਰਾਉਂਦਿਆਂ ਕਾਊਂਟਰ ਦੇ ਦਰਾਜ ’ਚ ਪਈ ਨਗਦੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਲੜਕੀ ਨੇ ਬਹਾਦਰੀ ਦਿਖਾਉਂਦੇ ਹੋਏ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਉਸ ਲਟੇਰੇ ਦਾ ਸਾਹਮਣਾ ਕੀਤਾ। ਜਿਸ ਤੋਂ ਬਾਅਦ ਲੁਟੇਰਾ ਆਪਣਾ ਚਾਕੂ ਦੁਕਾਨ ’ਚ ਹੀ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਿਆ ਅਤੇ ਦੁਕਾਨ ’ਤੇ ਲੁੱਟ ਹੋਣ ਤੋਂ ਬਚ ਗਈ। ਲੜਕੀ ਦੀ ਇਸ ਬਹਾਦਰੀ ਭਰੀ ਕਾਰਵਾਈ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਤੋਂ ਲੜਕੀ ਦੀ ਬਹਾਦਰੀ ਲਈ ਉਸ ਦਾ ਸਨਮਾਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕੁੱਝ ਲੋਕਾਂ ਨੇ ਕਿਹਾ ਕਿ ਇਸ ਬਹਾਦਰ ਲੜਕੀ ਨੂੰ ਪੁਲਿਸ ’ਚ ਸੇਵਾ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
