
ਕਿਸਾਨਾਂ ਦੀ ਪ੍ਰੇਸ਼ਾਨੀ ਸੁਣਨ ਦੀ ਥਾਂ ਮੋਦੀ ਸਰਕਾਰ ਉਨ੍ਹਾਂ ਨੂੰ ਕਹਿੰਦੀ ਹੈ ਅਤਿਵਾਦੀ : ਰਾਹੁਲ ਗਾਂਧੀ
ਰਾਹੁਲ ਨੇ ਗੈਸ ਤੇ ਪਟਰੌਲ ਦੀਆਂ ਕੀਮਤਾਂ ਦੇ ਵਿਰੋਧ 'ਚ ਕੀਤਾ ਟਵੀਟ
ਤਾਮਿਲਨਾਡੂ, 24 ਜਨਵਰੀ: ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਅਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਐਤਵਾਰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ | ਰਾਹੁਲ ਨੇ ਤਾਮਿਲਨਾਡੂ ਦੇ ਇਰੋਡ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਭਾਰਤ ਦੇ ਮਜ਼ਦੂਰ, ਕਿਸਾਨ ਅਤੇ ਬੁਣਕਰ ਮਜ਼ਬੂਤ ਹੁੰਦੇ ਤਾਂ ਚੀਨ ਭਾਰਤ 'ਚ ਦਾਖ਼ਲ ਹੋਣ ਦੀ ਹਿੰਮਤ ਨਾ ਕਰਦਾ |
ਰਾਹੁਲ ਨੇ ਕਿਹਾ ਕਿ ਤੁਸੀਂ ਅਖ਼ਬਾਰ 'ਚ ਪੜਿ੍ਹਆ ਹੋਵੇਗਾ ਕਿ ਚੀਨ ਭਾਰਤ ਦੀ ਜ਼ਮੀਨ 'ਤੇ ਕਬਜ਼ਾ ਕਰ ਰਿਹਾ ਹੈ | ਚੀਨ ਵੇੇਖ ਸਕਦਾ ਹੈ ਕਿ ਭਾਰਤ ਅੱਜ ਕਮਜ਼ੋਰ ਹੈ | ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਕਿ ਜੇਕਰ ਭਾਰਤ ਦੇ ਮਜ਼ਦੂਰ, ਕਿਸਾਨ, ਬੁਣਕਰ ਮਜ਼ਬੂਤ ਅਤੇ ਸੁਰੱਖਿਅਤ ਹੁੰਦੇ ਤਾਂ ਚੀਨ ਭਾਰਤ 'ਚ ਆਉਣ ਦੀ ਹਿੰਮਤ ਕਦੇ ਨਾ ਕਰਦਾ | ਰਾਹੁਲ ਗਾਂਧੀ ਨੇ ਦਸਿਆ ਕਿ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਨੂੰ ਸੁਣਨ, ਸਮਝਣ ਦੀ ਥਾਂ ਮੌਜੂਦਾ ਸਰਕਾਰ ਉਨ੍ਹਾਂ ਨੂੰ ਅਤਿਵਾਦੀ ਕਹਿੰਦੀ ਹੈ |
ਇਨ੍ਹਾਂ ਤਾਕਤਾਂ ਨਾਲ ਅਸੀਂ ਮਿਲ ਕੇ ਲੜਾਂਗੇ | ਅਸੀਂ ਅਪਣੇ ਇਤਿਹਾਸ 'ਚ ਪਹਿਲੀ ਵਾਰ ਵੇੇਖ ਰਹੇ ਹਾਂ ਕਿ ਕਿਸਾਨ 26 ਜਨਵਰੀ ਨੂੰ ਰੈਲੀ ਕਰ ਰਹੇ ਹਨ, ਕਿਉਾਕਿ ਉਹ ਦੁਖੀ ਹਨ ਅਤੇ ਇਸ ਗੱਲ ਨੂੰ ਸਮਝਦੇ ਹਨ ਕਿ ਜੋ ਉਨ੍ਹਾਂ ਦਾ ਹੈ, ਉਹ ਉਨ੍ਹਾਂ ਤੋਂ ਖੋਹਿਆ ਜਾ ਰਿਹਾ ਹੈ |
ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਨੇ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ ਕਿ ਮੋਦੀ ਜੀ ਨੇ ਜੀ.ਡੀ.ਪੀ. ਯਾਨੀ ਗੈਸ-ਡੀਜ਼ਲ-ਪਟਰੌਲ ਦੀਆਂ ਕੀਮਤਾਂ 'ਚ ਜ਼ਬਰਦਸਤ ਵਿਕਾਸ ਕਰ ਕੇ ਦਿਖਾਇਆ ਹੈ! ਜਨਤਾ ਮਹਿੰਗਾਈ ਤੋਂ ਪੀੜਤ, ਮੋਦੀ ਸਰਕਾਰ ਟੈਕਸ ਵਸੂਲੀ 'ਚ ਮਸਤ | ਦਸਣਯੋਗ ਹੈ ਕਿ ਕੀਮਤਾਂ 'ਚ ਵਾਧੇ ਤੋਂ ਬਾਅਦ ਦਿੱਲੀ 'ਚ ਪਟਰੌਲ ਦੀimage ਕੀਮਤ 85.70 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ 'ਚ 92.28 ਰੁਪਏ ਪ੍ਰਤੀ ਲੀਟਰ ਹੋ ਗਈ ਹੈ | ਇਸੇ ਤਰ੍ਹਾਂ ਦਿੱਲੀ 'ਚ ਡੀਜ਼ਲ ਦੀ ਕੀਮਤ 75.88 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ 'ਚ 82.66 ਰੁਪਏ ਪ੍ਰਤੀ ਲੀਟਰ ਹੋ ਗਏ ਹਨ | (ਪੀਟੀਆਈ)