
ਰੂਸ : ਵਿਰੋਧੀ ਆਗੂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ 70 ਸ਼ਹਿਰਾਂ ’ਚ ਹੋਇਆ ਰੋਸ ਪ੍ਰਦਰਸ਼ਨ
ਨਵਲਾਨੀ ਦੀ ਪਤਨੀ ਸਮੇਤ ਹਿਰਾਸਤ ’ਚ ਲਏ 3000 ਤੋਂ ਵੱਧ ਪ੍ਰਦਰਸ਼ਨਕਾਰੀ
ਮਾਸਕੋ, 24 ਜਨਵਰੀ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਮਰਥਕਾਂ ਅਤੇ ਵਿਰੋਧੀ ਧਿਰ ਦੇ ਨੇਤਾ ਐਲੇਕਸੀ ਨਵਾਲਨੀ ਦੇ ਸਮਰਥਕਾਂ ਵਿਚਾਲੇ ਸਨਿਚਰਵਾਰ ਨੂੰ ਝੜਪ ਹੋ ਗਈ। ਵਿਰੋਧੀ ਧਿਰ ਦੇ ਆਗੂ ਐਲੇਕਸੀ ਨਵਾਲਨੀ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਦੇਸ਼ ਭਰ ’ਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਗਲੋਬਲ ਨੇਤਾਵਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਝੜਪ ਦੌਰਾਨ ਪੁਲਿਸ ਪ੍ਰਦਰਸਨਕਾਰੀਆਂ ਨੂੰ ਕੁਟਦੇ ਅਤੇ ਘਸੀਟਦੇ ਹੋਏ ਦਿਖਾਈ ਦਿਤੀ। ਕਈ ਥਾਵਾਂ ਤੇ ਘੱਟੋ-ਘੱਟ -50 ਡਿਗਰੀ ਦੇ ਬਾਵਜੂਦ 3000 ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨ ’ਚ ਹਿੱਸਾ ਲਿਆ। ਇਹ ਪੁਤਿਨ ਵਿਰੁਧ ਸੱਭ ਤੋਂ ਵੱਡਾ ਵਿਰੋਧ ਮੰਨਿਆ ਜਾ ਰਿਹਾ ਹੈ।
ਹਜ਼ਾਰਾਂ ਲੋਕਾਂ ਨੇ ਸਰਕਾਰ ਦੇ ਵਿਰੁਧ ਸਨਿਚਰਵਾਰ ਨੂੰ 70 ਸ਼ਹਿਰਾਂ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ’ਚ ਹਿੱਸਾ ਲਿਆ। ਇਹ ਪ੍ਰਦਰਸ਼ਨ ਨਵਾਲਨੀ ਨੂੰ ਜੇਲ ’ਚ ਬੰਦ ਕਰਨ ਨੂੰ ਲੈ ਕੇ ਕੀਤੇ ਗਏ ਹਨ। ਨਵਲਾਨੀ ਰੂਸ ਵਿਚ ਪਿਛਲੇ ਸਾਲ ਇਕ ਘਾਤਕ ਨਰਵ ਏਜੰਟ ਦੇ ਹਮਲੇ ਤੋਂ ਬਾਅਦ ਬਰਲਿਨ ’ਚ ਇਲਾਜ ਕਰ ਰਹੇ ਸੀ। ਉਹ ਐਤਵਾਰ ਨੂੰ ਹੀ ਰੂਸ ਵਾਪਸ ਪਰਤੇ ਸੀ ਅਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਨਵਲਾਨੀ ਪੁਤਿਨ ਦੀ ਸੱਭ ਤੋਂ ਵੱਡੇ ਆਲੋਚਕ ਹਨ।
ਅਧਿਕਾਰੀਆਂ ਨੇ ਸਨਿਚਰਵਾਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ 3,400 ਲੋਕਾਂ ਨੂੰ ਹਿਰਾਸਤ ਵਿਚ ਲਿਆ, ਜਿਨ੍ਹਾਂ ਵਿਚ ਉਸ ਦੀ 44 ਸਾਲਾ ਪਤਨੀ ਯੁਲੀਆ ਨਵਲਨਿਆ ਵੀ ਸ਼ਾਮਲ ਹੈ। ਉਸ ਦੀ ਗਿ੍ਰਫ਼ਤਾਰੀ ਤੋਂ ਬਾਅਦ ਉਸਨੇ ਸ਼ੋਸ਼ਲ ਮੀਡੀਆ ਉੱਤੇ ਇਕ ਸੈਲਫ਼ੀ ਪੋਸਟ ਕੀਤੀ। ਦੂਜੇ ਪਾਸੇ ਸਾਈਬੇਰੀਅਨ ਸਹਿਰ ਯੈਕੁਤਸਕ ਵਿਚ -50 ਡਿਗਰੀ ਸੈਲਸੀਅਸ ਤਾਪਮਾਨ ਵਿਚ ਵੀ ਲੋਕ ਸੜਕਾਂ ਤੇ ਆ ਗਏ। ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਬੱਸਾਂ ਅਤੇ ਟਰੱਕਾਂ ਵਿਚ ਸੁੱਟ ਦਿਤਾ। ਕੁੱਝ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਲਾਠੀਆਂ ਨਾਲ ਕੁੱਟਿਆ।
ਸਨਿਚਰਵਾਰ ਪੂਰੇ ਦਿਨ ਅਤੇ ਐਤਵਾਰ ਸਵੇਰੇ ਲੋਕ ਹੱਥਾਂ ’ਚ ਤਖ਼ਤੀਆਂ ਫੜੇ ਵੇਖੇ ਗਏ ਜਿਸ ਵਿਚ ਲਿਖਿਆ ਸੀ, “ਰੂਸ ਅਜਾਦ ਹੋ ਜਾਏਗਾ ਅਤੇ “ਪੁਤਿਨ ਇਕ ਚੋਰ ਹੈ’’। ਕੁੱਝ ਲੋਕਾਂ ਨੇ ਕ੍ਰੇਮਲਿਨ ਵਲ ਕੂਚ ਕੀਤਾ ਜਦੋਂ ਕਿ ਕਈਆਂ ਨੇ ਰਾਜਧਾਨੀ ਦੇ ਮੁੱਖ ਮਾਰਗ ਟਾਵਰਸਕਾਇਆ ਸਟ੍ਰੀਟ ਨੂੰ ਬੰਦ ਕਰ ਦਿਤਾ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਪ੍ਰਦਰਸ਼ਨ ਵਿਚ 4,000 ਲੋਕਾਂ ਨੇ ਹਿੱਸਾ ਲਿਆ ਸੀ। (ਏਜੰਸੀ)