
ਕਿਸਾਨਾਂ ਦਾ ਅੰਦੋਲਨ 114ਵੇਂ ਦਿਨ ਵਿਚ ਦਾਖ਼ਲ ਹੋਇਆ
ਅੱਜ 28ਵੇਂ ਦਿਨ ਭੁੱਖ ਹੜਤਾਲ ’ਤੇ ਪਿੰਡ ਸੁਲਤਾਨਵਿੰਡ ਦੀਆਂ 25 ਬੀਬੀਆਂ ਬੈਠੀਆਂ
ਅੰਮ੍ਰਿਤਸਰ/ਜੰਡਿਆਲਾ ਗੁਰੂ, 24 ਜਨਵਰੀ (ਸੁਰਜੀਤ ਸਿੰਘ ਖ਼ਾਲਸਾ): ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁਧ ਜੀ.ਟੀ. ਰੋਡ ਅੰਮ੍ਰਿਤਸਰ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਧਰਨਾ 114ਵੇਂ ਦਿਨ ਵਿਚ ਦਾਖ਼ਲ ਹੋਣ ’ਤੇ 28ਵੇਂ ਦਿਨ ਲਗਾਤਾਰ ਭੱੁਖ ਹੜਤਾਲ ਤੇ ਅੱਜ ਦਾ ਮੋਰਚਾ ਸੁਰਿੰਦਰ ਕੌਰ ਰਾਣੀ ਸੁਲਤਾਨਵਿੰਡ ਦੀ ਅਗਵਾਈ ਵਿਚ ਬੀਬੀਆਂ ਨੇ ਸੰਭਾਲਿਆ।
ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਬੀਬੀ ਸੁਰਿੰਦਰ ਕੌਰ ਨੇ ਦਸਿਆ ਕਿ ਅੱਜ ਦੀ ਭੱੁਖ ਹੜਤਾਲ ਵਿਚ ਪਿੰਡ ਸੁਲਤਾਨਵਿੰਡ ਦੀਆਂ 25 ਬੀਬੀਆਂ ਸ਼ਾਮਲ ਹੋਈਆਂ ਹਨ। ਕੇਂਦਰ ਦੀ ਸਰਕਾਰ ਕਿਸਾਨ ਖੇਤੀ ਵਿਰੋਧੀ ਕਾਲੇ ਕਾਨੂੰਨ ਸਿੱਧੇ ਤੌਰ ’ਤੇ ਕਾਰਪੋਰੇਟ ਘਰਾਣਿਆਂ ਦੇ ਫ਼ਾਇਦੇ ਲਈ ਹੀ ਆਈ ਹੈ। ਇਸ ਨਾਲ ਗ਼ਰੀਬੀ, ਬੇਰੁਜ਼ਗਾਰੀ ਅਤੇ ਭੁੱਖਮਰੀ ਬਹੁਤ ਵੱਧ ਜਾਵੇਗੀ। ਅਮੀਰ ਘਰਾਣੇ ਹੋਰ ਅਮੀਰ ਹੋ ਜਾਣਗੇ। ਮੋਦੀ ਸਰਕਾਰ ਜਲਦੀ ਤੋਂ ਜਲਦੀ ਇਹ ਕਾਲੇ ਕਾਨੂੰਨ ਰੱਦ ਕਰੇ ਤਾਕਿ ਕਿਸਾਨ ਵੀ ਅਪਣੇ ਘਰਾਂ ਨੂੰ ਵਾਪਸ ਪਰਤ ਸਕਣ। ਇਸ ਮੌਕੇ ਕਿਸਾਨ ਆਗੂ ਮੰਗਲ ਸਿੰਘ ਰਾਮਪੁਰ, ਸਤਨਾਮ ਸਿੰਘ, ਬੱਚਿਤਰ ਸਿੰਘ ਚਾਟੀਵਿੰਡ, ਲਖਵਿੰਦਰ ਸਿੰਘ ਰਟੌਲ, ਕੁਲਦੀਪ ਸਿੰਘ ਨਿਜਰਪੁਰਾ, ਸੋਹਣ ਸਿੰਘ ਆਦਿ ਆਗੂਆਂ ਨੇ 26 ਜਨਵਰੀ ਦੀ ਕਿਸਾਨ ਪਰੇਡ ਦੀਆਂ ਤਿਆਰੀਆਂ ਸਬੰਧੀ ਦਸਿਆ ਕਿ ਬਹੁਤ ਵੱਡੀ ਗਿਣਤੀ ਵਿਚ ਕਿਸਾਨ ਲਗਾਤਾਰ ਦਿੱਲੀ ਵੱਲ ਨੂੰ ਵਹੀਰਾਂ ਘੱਤ ਕੇ ਜਾ ਰਹੇ ਹਨ।
ਅੱਜ ਦੀ ਭੱੁਖ ਹੜਤਾਲ ਵਿਚ ਬੀਬੀ ਸੁਰਿੰਦਰ ਕੌਰ, ਕੁਲਵੰਤ ਕੌਰ, ਬਲਬੀਰ ਕੌਰ, ਦਰਸ਼ਨ ਕੌਰ, ਦਵਿੰਦਰ ਕੌਰ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਗੁਰਮੀਤ ਕੌਰ, ਅਮਰਜੀਤ ਕੌਰ, ਬਲਵਿੰਦਰ ਕੌਰ, ਗੁਰਦੇਵ ਕੌਰ, ਮਾਇਆ ਕੌਰ ਆਦਿ ਭੱੁਖ ਹੜਤਾਲ ਵਿਚ ਸ਼ਾਮਲ ਹੋਈਆਂ।