
ਨਿਰਾਸ਼ ਲੋਕਾਂ ਨੂੰ ਜ਼ਿੰਦਗੀ ਦੇਵੇਗਾ ਕਿਸਾਨੀ ਅੰਦੋਲਨ : ਗਿੱਲ ਰੌਂਤਾ
ਨਵੀਂ ਦਿੱਲੀ, 24 ਜਨਵਰੀ (ਸੈਸ਼ਵ ਨਾਗਰਾ) : ਦਿੱਲੀ ਬਾਰਡਰ ਦੀਆਂ ਸੜਕਾਂ ’ਤੇ ਚਲ ਰਿਹਾ ਕਿਸਾਨੀ ਅੰਦੋਲਨ ਨਿਰਾਸ਼ ਲੋਕਾਂ ਨੂੰ ਜ਼ਿੰਦਗੀ ਦੇਵੇਗਾ ਅਤੇ ਕਿਸਾਨੀ ਜਿੱਤ ਮਗਰੋਂ ਲੋਕਾਂ ਦਾ ਜਿਉਣਾ ਢੰਗ ਬਣੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਗੀਤਕਾਰ ਗਿੱਲ ਰੌਂਤੇ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਕਿਸਾਨੀ ਅੰਦੋਲਨ ਇਕ ਮਹਾਨ ਅੰਦੋਲਨ ਹੈ ਇਸ ਅੰਦੋਲਨ ਨੇ ਲੋਕਾਂ ਦੀ ਸੋਚ ਦਾ ਘੇਰਾ ਬਦਲ ਕੇ ਰੱਖ ਦਿਤਾ ਹੈ ਜਿਸ ਕਰ ਕੇ ਅੰਦੋਲਨ ਦੀ ਜਿੱਤ ਤੋਂ ਬਾਅਦ ਲੋਕਾਂ ਦਾ ਜਿਊਣ ਦਾ ਤਰੀਕਾ ਵੀ ਬਦਲੇਗਾ।
ਗੀਤਕਾਰ ਗਿੱਲ ਰੌਂਤੇ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਪੰਜਾਬ ਦੇ ਅਦਾਕਾਰਾਂ ਅਤੇ ਗੀਤਕਾਰਾਂ ਦਾ ਅਹਿਮ ਰੋਲ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਵਿਚ ਪੰਜਾਬੀ ਨੌਜਵਾਨਾਂ ਨੇ ਅਪਣਾ ਅਨੁਸ਼ਾਸਨ ਦਿਖਾਉਂਦਿਆਂ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਇਤਿਹਾਸ ਵਿਚ ਹਮੇਸ਼ਾ ਯਾਦ ਰਖਿਆ ਜਾਵੇਗਾ। ਗਿੱਲ ਰੌਂਤੇ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਕਲਮ ਨਾਲ ਲਿਖਿਆ ਨਹੀਂ ਜਾ ਸਕਦਾ ਪਰ ਇਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਬਹੁਤ ਹੀ ਸ਼ਾਂਤਮਈ ਅਤੇ ਅਨੁਸ਼ਾਸਨ ਵਿਚ ਚਲ ਰਿਹਾ ਹੈ, ਜੇਕਰ ਕੋਈ ਹੁਣ ਗ਼ਲਤੀ ਕਰੇਗਾ ਤਾਂ ਉਹ ਸਰਕਾਰ ਹੈ ਜੋ ਗ਼ਲਤੀ ਕਰੇਗੀ। ਕਿਸਾਨੀ ਨੂੰ ਅੰਦੋਲਨ ਦੀ ਮਿਸਾਲ ਦੁਨੀਆਂ ਵਿਚ ਕਿਤੇ ਵੀ ਨਹੀਂ ਦੇਖਣ ਨੂੰ ਮਿਲ ਸਕਦੀ ਕਿਉਂਕਿ ਇਸ ਅੰਦੋਲਨ ਨੇ ਪੰਜਾਬੀਆਂ ਦੀ ਅੰਦਰ ਸਬਰ ਅਤੇ ਅਨੁਸ਼ਾਸਨ ਦਾ ਪ੍ਰਗਟਾਵਾ ਕੀਤਾ ਹੈ।
ਧਰਨੇ ਵਿੱਚ ਪੁੱਜੇ ਸਟਾਲਿਨਵੀਰ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਇਕ ਕੈਮਰੇ ਵਿਚ ਕੈਦ ਕਰਨਾ ਬਹੁਤ ਹੀ ਮੁਸ਼ਕਲ ਕੰਮ ਹੈ। ਇਸ ਸੰਘਰਸ਼ ਦੇ ਬਹੁਤ ਸਾਰੇ ਰੰਗ ਹਨ, ਇਨ੍ਹਾਂ ਸਾਰੇ ਰੰਗਾਂ ਨੂੰ ਕੈਮਰਾ ਅਪਣੇ ਅੰਦਰ ਕਵਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੇ ਸੰਘਰਸ਼ਮਈ ਇਤਿਹਾਸ ਨੂੰ ਸੰਭਾਲਣ ਲਈ ਦਸਤਾਵੇਜ਼ੀ ਫ਼ਿਲਮਾਂ ਦਾ ਬਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਕਿਸਾਨੀ ਅੰਦੋਲਨ ਵਿਚ ਬਹੁਤ ਸਾਰੀਆਂ ਨਿਵੇਕਲੀਆਂ ਚੀਜ਼ਾਂ ਵਾਪਰੀਆਂ ਹਨ ਜਿਨ੍ਹਾਂ ਨੂੰ ਇਤਿਹਾਸ ਲਈ ਸਾਂਭ ਕੇ ਰੱਖਣਾ ਬਹੁਤ ਜ਼ਰੂਰੀ ਬਣ ਗਿਆ ਹੈ।