
ਹੁਣ ਕਿਸੇ ਸਥਾਨ ’ਤੇ 30 ਮਿੰਟ ਤੋਂ ਜ਼ਿਆਦਾ ਸਮੇਂ ਤਕ ਨਹੀਂ ਰੁਕ ਸਕੇਗੀ ਵੀਡੀਉ ਵੈਨ
ਨਵੀਂ ਦਿੱਲੀ, 24 ਜਨਵਰੀ : ਚੋਣ ਕਮਿਸ਼ਨ ਨੇ ਪੰਜ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਪ੍ਰਚਾਰ ਲਈ ਵੀਡੀਉ ਵੈਨ ਦੀ ਵਰਤੋਂ ਦੀ ਇਜਾਜ਼ਤ ਦੇਣ ਦੇ ਨਾਲ ਹੀ ਇਸ ਨਾਲ ਜੁੜੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਵੀਡੀਉ ਵੈਨ ਦੇ ਕਿਸੇ ਵੀ ਸਥਾਨ ’ਤੇ 30 ਮਿੰਟ ਤੋਂ ਜ਼ਿਆਦਾ ਸਮੇਂ ਤਕ ਰੁਕਣ ’ਤੇ ਪਾਬੰਦੀ ਲਾਈ ਗਈ ਹੈ। ਕੋਰੋਨਾ ਲਾਗ ਦਾ ਪਸਾਰ ਰੋਕਣ ਲਈ ਚੋਣ ਕਮਿਸ਼ਨ ਨੇ ਰੈਲੀਆਂ ’ਤੇ ਲੱਗੀ ਪਾਬੰਦੀ 31 ਜਨਵਰੀ ਤਕ ਵਧਾ ਦਿਤੀ ਸੀ। ਹਾਲਾਂਕਿ, ਕਮਿਸ਼ਨ ਨੇ ਸਨਿਚਰਵਾਰ ਨੂੰ ਖੁਲ੍ਹੀਆਂ ਥਾਵਾਂ ’ਤੇ ਕੋਰੋਨਾ ਪ੍ਰੋਟੋਕਾਲ ਦੇ ਪਾਲਣ ਦੇ ਨਾਲ ਵੱਧ ਤੋਂ ਵੱਧ 500 ਦਰਸ਼ਕਾਂ ਦੀ ਹਾਜ਼ਰੀ ’ਚ ਵੀਡੀਉ ਵੈਨ ਜ਼ਰੀਏ ਪ੍ਰਚਾਰ ਕਰਨ ਦੀ ਇਜਾਜ਼ਤ ਦਿਤੀ ਸੀ। ਕਮਿਸ਼ਨ ਨੇ ਚੌਕਸ ਕੀਤਾ ਸੀ ਕਿ ਵੀਡੀਉ ਵੈਨ ਤੋਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਅਤੇ ਆਮ ਆਵਾਜਾਈ ’ਚ ਇਸ ਨਾਲ ਕੋਈ ਰੁਕਾਵਟ ਨਹੀਂ ਪੈਦਾ ਹੋਣੀ ਚਾਹੀਦੀ ਹੈ।
ਕਮਿਸ਼ਨ ਨੇ ਸਾਰੇ ਮੁੱਖ ਚੋਣ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਪਾਰਟੀਆਂ ਵਲੋਂ ਵੀਡੀਉ ਵੈਨ ਦੇ ਇਸਤੇਮਾਲ ਨਾਲ ਜੁੜੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਸਨ। ਪੱਤਰ ’ਚ ਕਿਹਾ ਗਿਆ ਹੈ ਕਿ ਸਿਆਸੀ ਪਾਰਟੀਆਂ ਵਲੋਂ ਵੀਡੀਉ ਵੈਨ ਦਾ ਇਸਤੇਮਾਲ ਉਨ੍ਹਾਂ ਦੀਆਂ ਯੋਜਨਾਵਾਂ ਅਤੇ ਐਲਾਨਾਂ ਦੇ ਪ੍ਰਚਾਰ ਲਈ ਕੀਤਾ ਜਾ ਸਕਦਾ ਹੈ। ਇਨ੍ਹਾਂ ਜ਼ਰੀਏ ਕਿਸੇ ਉਮੀਦਵਾਰ ਵਿਸ਼ੇਸ਼ ਲਈ ਵੋਟ ਜਾਂ ਸਮਰਥਨ ਨਹੀਂ ਮੰਗਿਆ ਜਾ ਸਕੇਗਾ। ਪੱਤਰ ’ਚ ਕਿਹਾ ਗਿਆ ਹੈ ਕਿ ਜੇਕਰ ਵੀਡੀਉ ਵੈਨ ਦਾ ਇਸਤੇਮਾਲ ਕਿਸੇ ਉਮੀਦਵਾਰ ਦੇ ਪ੍ਰਚਾਰ ਲਈ ਕੀਤਾ ਜਾਂਦਾ ਹੈ ਤਾਂ ਉਸ ਦਾ ਖ਼ਰਚ ਸਬੰਧਤ ਉਮੀਦਵਾਰ ਦੇ ਖਾਤੇ ਵਿਚ ਦਰਜ ਕੀਤਾ ਜਾਵੇਗਾ। ਚੋਣ ਆਬਜ਼ਰਵਰਾਂ ਨੂੰ ਅਜਿਹੇ ਖ਼ਰਚਿਆਂ ’ਤੇ ਕਰੀਬੀ ਨਜ਼ਰ ਰਖਣ ਦਾ ਨਿਰਦੇਸ਼ ਦਿਤਾ ਗਿਆ ਹੈ। (ਏਜੰਸੀ