
ਅਮਨਦੀਪ ਨੇ ਸਾਲ 2019 ’ਚ ਸੜਦੀ ਸਕੂਲ ਵੈਨ ’ਚੋਂ 8 ਬੱਚੇ ਸੁਰੱਖਿਅਤ ਕੱਢੇ ਸਨ ਬਾਹਰ
ਸੰਗਰੂਰ: ਸਾਲ 2019 'ਚ ਸਰਕਾਰੀ ਸਕੂਲ ਲੌਂਗੋਵਾਲ ਦੀ ਇਕ ਬੱਚਿਆ ਨਾਲ ਭਰੀ ਵੈਨ ਨੂੰ ਅਚਾਨਕ ਅੱਗ ਲੱਗ ਗਈ ਸੀ। ਇਸ ਦੌਰਾਨ ਵੈਨ 'ਚ ਸਵਾਰ ਨਿੱਜੀ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਹਿੰਮਤ ਦਿਖਾਉਂਦਿਆਂ ਵੈਨ 'ਚ ਪਏ ਲੋਹੇ ਦੇ ਸੰਦਾਂ ਨਾਲ ਸੜਦੀ ਵੈਨ ਦੇ ਸ਼ੀਸ਼ੇ ਭੰਨ ਕੇ ਆਪਣੇ-ਆਪ ਨੂੰ ਤੇ 8 ਬੱਚਿਆ ਨੂੰ ਸੁਰੱਖਿਅਤ ਬਾਹਰ ਕੱਢਿਆ ਸੀ। ਪਰ ਏਨੀ ਦੇਰ 'ਚ ਅੱਗ ਦੀਆਂ ਲਾਟਾਂ ਹੋਰ ਤੇਜ਼ ਹੋ ਗਈਆਂ ਤੇ 4 ਬੱਚੇ ਬੁਰੀ ਤਰ੍ਹਾਂ ਅੱਗ ਦੀ ਲਪੇਟ 'ਚ ਆ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ।
ਜ਼ਿਲ੍ਹਾ ਸੰਗਰੂਰ ਦੇ ਕਸਬਾ ਲੌਂਗੋਵਾਲ ਦੇ ਪਿੰਡ ਪਿੰਡੀ ਅਮਰ ਸਿੰਘ ਵਾਲਾ ਦੀ ਅਮਨਦੀਪ ਕੌਰ ਨੂੰ ਇੰਡੀਆ ਕੌਂਸਲ ਵਾਰ ਚਾਈਲਡ ਵੈਲਫੇਅਰ ਵੱਲੋਂ ਰਾਸ਼ਟਰੀ ਬਾਲ ਬਹਾਦਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਪੁਰਸਕਾਰ ਉਸ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ਦਿੱਤਾ ਜਾਵੇਗਾ। ਇਸ ਦੇ ਲਈ ਉਹ ਦਿੱਲੀ ਲਈ ਰਵਾਨਾ ਹੋ ਗਈ ਹੈ। ਇਸ ਸਬੰਧੀ ਗੱਲ ਕਰਦਿਆਂ ਅਮਨਦੀਪ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਮੁੰਡਾ-ਕੁੜੀ ਵਿੱਚ ਫ਼ਰਕ ਨਹੀਂ ਸਮਝਿਆ। ਮਾਂ-ਪਿਓ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੱਚੀ ਦੀ ਇਸ ਬਹਾਦਰੀ 'ਤੇ ਮਾਣ ਹੈ। ਅਮਨਦੀਪ ਕੌਰ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ ਤੇ ਉਹ ਮਾਪਿਆਂ ਦੀ ਇਕਲੌਤੀ ਧੀ ਹੈ।
ਇਹ ਖ਼ਬਰ ਵੀ ਪੜ੍ਹੋ: ਮੁੱਖ ਮੰਤਰੀ ਨੇ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਜਾਣਬੁੱਝ ਕੇ ਸ਼ਾਮਲ ਨਾ ਕਰਨ ਲਈ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ
ਅਮਨਦੀਪ ਕੌਰ ਨੇ ਕਿਹਾ ਕਿ ਉਹ ਆਪਣਾ ਜੀਵਨ ਕੁੜੀਆਂ ਦੀ ਬਿਹਤਰੀ ਲਈ ਸਮਰਪਿਤ ਕਰਨਾ ਚਾਹੁੰਦੀ ਹੈ। ਉਸ ਦੇ ਪਰਿਵਾਰ ਨੇ ਹਮੇਸ਼ਾ ਉਸ ਨੂੰ ਉਤਸ਼ਾਹਿਤ ਕੀਤਾ ਹੈ। ਇਸ ਹਿੰਮਤ ਕਾਰਨ ਉਹ ਵੱਡੀ ਤੋਂ ਵੱਡੀ ਮੁਸੀਬਤ ਦਾ ਵੀ ਬਹਾਦਰੀ ਨਾਲ ਸਾਹਮਣਾ ਕਰ ਸਕੀ ਹੈ। ਉਨ੍ਹਾਂ ਨੇ ਬਾਕੀ ਬੱਚਿਆਂ ਦੇ ਮਾਪਿਆਂ ਨੂੰ ਵੀ ਇਹੀ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਅਤੇ ਖ਼ਾਸ ਤੌਰ 'ਤੇ ਆਪਣੀਆਂ ਕੁੜੀਆਂ ਨੂੰ ਉਤਸ਼ਾਹਿਤ ਕਰਕੇ ਉਨ੍ਹਾਂ ਨੂੰ ਉਚੇਰੀ ਸਿੱਖਿਆ ਦਿਵਾਉਣ ਲਈ ਯਤਨ ਕਰਨ ਤਾਂ ਜੋ ਕੁੜੀਆਂ ਵੀ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਕੇ ਹਰ ਮੁਸ਼ਕਿਲ ਦਾ ਸਾਹਮਣਾ ਕਰ ਸਕਣ।