
ਗਰੋਵਾਲ ਦੀ ਲੜਾਈ ’ਚ ਬਾਬਾ ਦੀਪ ਸਿੰਘ ਜੀ ਜੰਗ ਦੇ ਮੈਦਾਨ ਵਿਚ ਆਖ਼ਰੀ ਸਾਹ ਤਕ ਲੜਦੇ ਰਹੇ ਅਤੇ ਸਿੱਖ ਧਰਮ ਤੇ ਕੇਸਰੀ ਝੰਡੇ ਨੂੰ ਉੱਚਾ ਰਖਿਆ
ਬਾਜ਼ਾਂ ਵਾਲਿਆ ਤੇਰੇ ਸਕੂਲ ਅੰਦਰ ਮੈਂ ਸੁਣਿਐ ਲਗਦੀ ਫ਼ੀਸ ਹੈ ਨਹੀਂ,
ਅੰਦਰ ਜਾ ਕੇ ਜਦੋਂ ਮੈਂ ਨਿਗਾਹ ਮਾਰੀ,
ਕਿਸੇ ਵਿਦਿਆਰਥੀ ਦੀ ਧੜ ’ਤੇ ਸੀਸ ਹੈ ਨਹੀਂ
Photo
‘ਬਾਬੇ ਦੀਪ ਸਿੰਘ ਹੱਥ ਖੰਡਾ, ਖੱਪੇ ਖੋਲ੍ਹੀ ਜਾਂਦਾ ਏ
ਸਿੰਘ ਸੂਰਮਾ ਸੀਸ ਤਲੀ ’ਤੇ, ਤੋਲੀ ਜਾਂਦਾ ਏ’
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਸ਼ਕਤੀ ਖਿਲਰਨ ਲੱਗੀ ਤੇ ਹੌਲੀ-ਹੌਲੀ ਉਤਰ-ਪੱਛਮ ਵਲੋਂ ਧਾੜਵੀਆਂ ਦੇ ਹਮਲੇ ਵਧਣ ਲੱਗੇ। ਸੱਭ ਤੋਂ ਪਹਿਲਾਂ ਨਾਦਰਸ਼ਾਹ ਨੇ 1739 ਈਸਵੀ ’ਚ ਪੰਜਾਬ ਸਮੇਤ ਭਾਰਤ ’ਤੇ ਧਾਵਾ ਬੋਲਿਆ। ਉਸ ਨੇ ਸਰਕਾਰਾਂ ਤੇ ਲੋਕਾਂ ਨਾਲ ਲੁੱਟ ਮਚਾਈ ਪਰ ਜਦੋਂ ਖਿਲਰੀ ਹੋਈ ਸਿੱਖ ਸ਼ਕਤੀ ਇਕੱਠੀ ਹੋਈ ਤਾਂ ਉਸ ਨੂੰ ਵੀ ਪੂਛ ਦਬਾ ਕੇ ਲਾਹੌਰ ਪਹੁੰਚਣਾ ਪਿਆ।
ਉਸ ਵੇਲੇ ਸਾਸ਼ਕ ਜ਼ਕਰੀਆ ਖ਼ਾਨ ਨਾਲ ਬੜਾ ਗੁੱਸੇ ਹੋਇਆ ਤੇ ਪੁਛਿਆ ਕਿ ਇਹ ਲੋਕ ਕੌਣ ਹਨ ਤਾਂ ਸਿੱਖਾਂ ਦੀ ਜਾਣ-ਪਛਾਣ ਜਿਵੇਂ ਜ਼ਕਰੀਆ ਖ਼ਾਨ ਨੇ ਕਰਵਾਈ ਤਾਂ ਨਾਦਰਸ਼ਾਹ ਨੇ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਇਹ ਲੋਕ ਰਾਜਸੱਤਾ ’ਤੇ ਕਾਬਜ਼ ਹੋਣਗੇ। ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ’ਤੇ ਹਮਲੇ ਕਰਨੇ ਸ਼ੁਰੂ ਕਰ ਦਿਤੇ।
ਜਦੋਂ ਅਬਦਾਲੀ ਦਾ ਰੁਤਬਾ ਸਿਖਰਾਂ ’ਤੇ ਸੀ ਤੇ ਉਸ ਨੇ ਪਾਣੀਪਤ ਦੀ ਤੀਜੀ ਲੜਾਈ ਵਿਚ ਮਰਾਠਿਆਂ ਨੂੰ ਹਰਾਇਆ ਸੀ ਉਸ ਵੇਲੇ ਵੀ ਸਿੱਖਾਂ ਨੇ ਹੀ ਉਸ ਦਾ ਮੂੰਹ ਮੋੜਿਆ ਤੇ ਸਿੱਖਾਂ ਨੇ ਉਸ ਨੂੰ ਅਜਿਹਾ ਸਬਕ ਸਿਖਾਇਆ ਕਿ ਉਸ ਨੇ ਮੁੜ ਪੰਜਾਬ ਵਲ ਮੂੰਹ ਨਹੀਂ ਕੀਤਾ। ਪਾਣੀਪਤ ਦੀ ਲੜਾਈ ਤੋਂ ਬਾਅਦ ਕਰੀਬ 1764-65 ਵਿਚ ਅਬਦਾਲੀ ਪੂਰੇ ਜੋਸ਼ ਨਾਲ ਪੰਜਾਬ ’ਤੇ ਹਮਲਾ ਕਰਦਾ ਹੈ ਕਿਉਂਕਿ ਉਸ ਨੂੰ ਲਗਦਾ ਸੀ ਕਿ ਮਰਾਠਾ ਸ਼ਕਤੀ ਤਾਂ ਉਸ ਨੇ ਖ਼ਤਮ ਕਰ ਦਿਤੀ ਤੇ ਹੁਣ ਉਹ ਸਿੱਖ ਤਾਕਤ ਨੂੰ ਵੀ ਖ਼ਤਮ ਕਰ ਦੇਵੇਗਾ।
ਜਦੋਂ ਉਸ ਨੂੰ ਪਤਾ ਲੱਗਾ ਕਿ ਸਿੱਖਾਂ ਨੂੰ ਦਰਬਾਰ ਸਾਹਿਬ ਦੇ ਸਰੋਵਰ ਤੋਂ ਤਾਕਤ ਮਿਲਦੀ ਹੈ ਤੇ ਇਥੋਂ ਅੰਮ੍ਰਿਤ ਪੀ ਕੇ ਸਿੱਖ ਅਮਰ ਹੋ ਜਾਂਦੇ ਹਨ ਤਾਂ ਉਸ ਨੇ ਸਰੋਵਰ ਨੂੰ ਪੂਰ ਦਿਤਾ। ਇਸ ਦੀ ਖ਼ਬਰ ਜਦੋਂ ਸਿੱਖ ਆਗੂਆਂ ਨੂੰ ਮਿਲੀ ਤਾਂ ਉਨ੍ਹਾਂ ਦੇ ਡੌਲੇ ਫ਼ਰਕਣ ਲੱਗੇ ਤੇ ਅੱਖਾਂ ਵਿਚ ਖ਼ੂਨ ਉਤਰ ਆਇਆ। ਦਮਦਮਾ ਸਾਹਿਬ (ਤਲਵੰਡੀ ਸਾਬੋ) ਬੈਠੇ 75 ਸਾਲਾ ਬਾਬੇ ਦੀਆਂ ਅੱਖਾਂ ਵਿਚ ਵੀ ਖ਼ੂਨ ਦੇ ਅੱਥਰੂ ਵਹਿਣ ਲੱਗੇ ਤੇ ਗੁਰੂ ਦੀ ਆਬਰੂ ਤੇ ਆਨ-ਸ਼ਾਨ ਬਚਾਉਣ ਦਾ ਬੀੜਾ ਚੁਕ ਕੇ ਉਸ ਬਾਬੇ ਨੇ ਖੰਡਾ ਚੁਕਿਆ ਤੇ ਅਪਣੇ ਕੁੱਝ ਕੁ ਸਾਥੀਆਂ ਨੂੰ ਲਾਮਵੰਦ ਕਰ ਕੇ ਅੰਮ੍ਰਿਤਸਰ ਵਲ ਨੂੰ ਚੱਲ ਪਿਆ।
ਜਦੋਂ ਬਾਬਾ ਦੀਪ ਸਿੰਘ ਨੂੰ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਢੋਲ ਵਜਾ ਕੇ ਜੰਗ ਦੀ ਤਿਆਰੀ ਕਰਨ ਦਾ ਹੁਕਮ ਦਿਤਾ ਅਤੇ ਤੁਰਤ ਸਾਰੀ ‘ਸਾਬੋਂ ਕੀ ਤਲਵੰਡੀ’ ਨੂੰ ਹੁਕਮ ਦਿਤਾ। ‘ਸ਼ਹਿਰ ਜੰਗ ਲਈ ਤਿਆਰ ਰਹੇ ਤੇ ਸ਼ਰਧਾਲੂ ਨਾਗਰਿਕ ਇਕੱਠੇ ਹੋਏ।’ ਬਾਬਾ ਦੀਪ ਸਿੰਘ ਜੀ ਨੇ ਧਾਰਮਕ ਯੁੱਧ ਦਾ ਸੱਦਾ ਦਿਤਾ ਅਤੇ ਕਿਹਾ ਕਿ ਸਿੱਖੋ, ਸਾਨੂੰ ਹਮਲਾਵਰਾਂ ਤੋਂ ਪਵਿੱਤਰ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਅਪਮਾਨ ਦਾ ਬਦਲਾ ਲੈਣਾ ਚਾਹੀਦਾ ਹੈ।
ਬਾਬੇ ਦੀਪ ਸਿੰਘ ਹੱਥ ਖੰਡਾ, ਖੱਪੇ ਖੋਲ੍ਹੀ ਜਾਂਦਾ ਏ
ਸਿੰਘ ਸੂਰਮਾ ਸੀਸ ਤਲੀ ’ਤੇ, ਤੋਲੀ ਜਾਂਦਾ ਏ
ਕੁੱਝ ਕੁ ਸਿੱਖਾਂ ਦਾ ਜਥੇ ਤਲਵੰਡੀ ਸਾਬੋ ਤੋਂ ਚਲਿਆ ਕੁੱਝ ਕੁ ਦੂਰੀ ਤਕ ਵਹੀਰ ਬਣ ਗਿਆ। ਪਿੰਡਾਂ ਵਿਚੋਂ ਨੌਜਵਾਨ, ਬੱਚੇ ਤੇ ਬੁੱਢੇ ਵੀ ਬਾਬਾ ਦੀਪ ਸਿੰਘ ਦਾ ਸਾਥ ਦੇਣ ਲਈ ਅਪਣੇ-ਅਪਣੇ ਹਥਿਆਰ ਚੁਕ ਕੇ ਨਾਲ ਤੁਰ ਪਏ। ਜਦੋਂ ਅਬਦਾਲੀ ਨੂੰ ਪਤਾ ਲੱਗਾ ਕਿ ਹਜ਼ਾਰਾਂ ਸਿੱਖਾਂ ਦਾ ਜੱਥਾ ਅੰਮ੍ਰਿਤਸਰ ਵਲ ਵਧ ਰਿਹਾ ਹੈ ਤਾਂ ਉਸ ਨੇ ਅਪਣੀ ਫ਼ੌਜ ਨੂੰ ਇਸ ਸਿਰਲੱਥ ਕਾਫ਼ਲੇ ਨੂੰ ਰੋਕਣ ਲਈ ਹੁਕਮ ਦੇ ਦਿਤਾ। ਦੋਹਾਂ ਫ਼ੌਜਾਂ ਦਾ ਸਾਹਮਣਾ ਅੰਮ੍ਰਿਤਸਰ ਤੋਂ ਕਰੀਬ 12 ਕਿਲੋਮੀਟਰ ਪਿਛੇ ਹੋਇਆ ਤੇ ਬਾਬਾ ਦੀਪ ਸਿੰਘ ਨੇ ਅਪਣੇ ਖੰਡੇ ਨਾਲ ਦੁਸ਼ਮਣਾਂ ਦੇ ਆਹੂ ਲਾਹੁਣੇ ਸ਼ੁਰੂ ਕਰ ਦਿਤੇ।
ਬਾਬਾ ਦੀਪ ਸਿੰਘ ਦਰਬਾਰ ਸਾਹਿਬ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਚੁੰਗਲ ਤੋਂ ਛੁਡਾਉਣ ਲਈ ਆਪਣੀ ਫ਼ੌਜ ਨਾਲ ਬਹਾਦਰੀ ਨਾਲ ਲੜ ਰਹੇ ਸਨ। ਇਸ ਦੌਰਾਨ, ਉਸ ਨੇ ਖ਼ਾਲਸਾ ਯੋਧਿਆਂ ਨੂੰ ਕਿਹਾ ਕਿ ਉਸ ਦਾ ਸੀਸ ਸਿਰਫ਼ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਹੀ ਭੇਟ ਚੜ੍ਹੇਗਾ। ਜਦੋਂ ਤਕ ਉਹ ਤਰਨਤਾਰਨ ਪਹੁੰਚੇ, ਲਗਭਗ ਪੰਜ ਹਜ਼ਾਰ ਖ਼ਾਲਸਾ ਯੋਧੇ ਉਨ੍ਹਾਂ ਦੀ ਫ਼ੌਜ ਵਿਚ ਸ਼ਾਮਲ ਹੋ ਚੁੱਕੇ ਸਨ। ਜਿਵੇਂ ਹੀ ਸਿੱਖਾਂ ਦੀਆਂ ਇਨ੍ਹਾਂ ਤਿਆਰੀਆਂ ਦੀ ਖ਼ਬਰ ਲਾਹੌਰ ਦਰਬਾਰ ਤਕ ਪਹੁੰਚੀ, ਜਹਾਨ ਖ਼ਾਨ ਘਬਰਾ ਗਿਆ ਤੇ ਇਸ ਜੰਗ ਦੇ ਨਾਮ ’ਤੇ ਜਹਾਦੀਆਂ ਨੂੰ ਸੱਦਾ ਦਿਤਾ ਕਿ ਇਸਲਾਮ ਖ਼ਤਰੇ ਵਿਚ ਹੈ।
ਸਿੱਖਾਂ ਨੇ ਅਪਣੀਆਂ ਤਲਵਾਰਾਂ ਇੰਨੀ ਬਹਾਦਰੀ ਨਾਲ ਵਰਤੀਆਂ ਕਿ ਜਹਾਨ ਖ਼ਾਨ ਦੀ ਫ਼ੌਜ ਵਿਚ ਭਗਦੜ ਮਚ ਗਈ। ਹਰ ਪਾਸੇ ਲਾਸ਼ਾਂ ਦੇ ਢੇਰ ਸਨ। ਦੂਜੇ ਪਾਸੇ, ਜਹਾਨ ਖ਼ਾਨ ਦਾ ਡਿਪਟੀ ਕਮਾਂਡਰ ਜਮਾਲ ਸ਼ਾਹ ਅੱਗੇ ਵਧਿਆ ਅਤੇ ਬਾਬਾ ਜੀ ਨੂੰ ਚੁਣੌਤੀ ਦੇਣ ਲੱਗਾ। ਦੋਵਾਂ ਵਿਚਕਾਰ ਭਿਆਨਕ ਲੜਾਈ ਹੋਈ। ਉਸ ਸਮੇਂ ਬਾਬਾ ਦੀਪ ਸਿੰਘ ਦੀ ਉਮਰ 75 ਸਾਲ ਸੀ ਅਤੇ ਉਨ੍ਹਾਂ ਦੇ ਹੱਥ ਵਿਚ 18 ਕਿਲੋ ਦਾ ਖੰਡਾ ਫੜਿਆ ਹੋਇਆ ਸੀ। ਜਦੋਂ ਕਿ ਜਮਾਲ ਸ਼ਾਹ ਦੀ ਉਮਰ ਲਗਭਗ 40 ਸਾਲ ਸੀ।
ਜਦੋਂ ਬਾਬਾ ਜੀ ਨੇ ਉਸ ਨੌਜਵਾਨ ਸੈਨਾਪਤੀ ਨਾਲ ਲੜਾਈ ਕੀਤੀ ਤਾਂ ਉਸ ਦਾ ਘੋੜਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਸ ’ਤੇ ਉਸ ਨੇ ਘੋੜਾ ਛੱਡ ਦਿਤਾ ਅਤੇ ਪੈਦਲ ਲੜਨਾ ਸ਼ੁਰੂ ਕਰ ਦਿਤਾ। ਬਾਬਾ ਜੀ ਨੇ ਆਪਣੀ ਰਣਨੀਤੀ ਬਦਲੀ ਅਤੇ ਜਮਾਲ ਸ਼ਾਹ ਦੀ ਗਰਦਨ ’ਤੇ ਖੰਡਾ ਮਾਰਿਆ, ਜੋ ਕਿ ਬਿਲਕੁਲ ਸਹੀ ਸੀ। ਬਾਬਾ ਦੀਪ ਸਿੰਘ ਅਤੇ ਜਮਾਲ ਸ਼ਾਹ ਨੇ ਇਕ ਦੂਜੇ ’ਤੇ ਹਮਲਾ ਕੀਤਾ ਅਤੇ ਉਨ੍ਹਾਂ ਦੋਵਾਂ ਦੀਆਂ ਗਰਦਨਾਂ ਕੱਟ ਗਈਆਂ।
ਇਹ ਸਭ ਦੇਖ ਕੇ ਦੋਵਾਂ ਪਾਸਿਆਂ ਦੀਆਂ ਫ਼ੌਜਾਂ ਹੈਰਾਨ ਰਹਿ ਗਈਆਂ। ਫਿਰ ਦਿਆਲ ਸਿੰਘ ਜੋ ਕੋਲ ਖੜ੍ਹਾ ਸੀ, ਨੇ ਬਾਬਾ ਜੀ ਨੂੰ ਉਚੀ ਆਵਾਜ਼ ਵਿਚ ਕਿਹਾ ਕਿ ਬਾਬਾ ਜੀ, ਤੁਸੀਂ ਜੰਗ ਦੇ ਮੈਦਾਨ ਵਿਚ ਜਾਂਦੇ ਸਮੇਂ ਬਚਨ ਦਿਤਾ ਸੀ ਕਿ ਤੁਸੀਂ ਸ੍ਰੀ ਦਰਬਾਰ ਸਾਹਿਬ ਜੀ ’ਚ ਗੁਰੂ ਦੇ ਚਰਨਾਂ ਵਿਚ ਆਪਣਾ ਸੀਸ ਭੇਟ ਕਰੋਗੇ। ਜਿਵੇਂ ਹੀ ਇਹ ਸ਼ਬਦ ਮ੍ਰਿਤ ਬਾਬਾ ਦੀਪ ਸਿੰਘ ਜੀ ਦੇ ਕੰਨਾਂ ਵਿਚ ਗੂੰਜੇ, ਉਹ ਤੁਰਤ ਖੜ੍ਹੇ ਹੋ ਗਏ ਅਤੇ ਇੱਛਾ ਸ਼ਕਤੀ ਨਾਲ ਉਨ੍ਹਾਂ ਨੇ ਫਿਰ ਆਪਣਾ ਖੰਡਾ ਚੁਕਿਆ।
ਬਾਬਾ ਦੀਪ ਸਿੰਘ ਨੇ ਇਕ ਹਥੇਲੀ ’ਤੇ ਆਪਣਾ ਸੀਸ ਅਤੇ ਦੂਜੀ ਵਿਚ ਖੰਡਾ ਫੜਿਆ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਜੰਗ ਦੇ ਮੈਦਾਨ ਵਿਚ ਦੁਬਾਰਾ ਲੜਨਾ ਸ਼ੁਰੂ ਕਰ ਦਿਤਾ। ਜਦੋਂ ਦੁਸ਼ਮਣ ਦੇ ਸਿਪਾਹੀਆਂ ਨੇ ਬਾਬਾ ਜੀ ਨੂੰ ਇਸ ਹਾਲਤ ਵਿਚ ਜੰਗ ਦੇ ਮੈਦਾਨ ’ਚ ਲੜਦੇ ਦੇਖਿਆ ਤਾਂ ਉਹ ਡਰ ਗਏ ਅਤੇ ਜੰਗ ਦੇ ਮੈਦਾਨ ਤੋਂ ਅਲੀ ਅਲੀ, ਤੋਬਾ ਤੋਬਾ ਕਹਿੰਦੇ ਹੋਏ ਭੱਜਣ ਲੱਗੇ। ਕਿਹਾ ਜਾਂਦਾ ਹੈ ਇਹ ਸਥਾਨ ਦਰਬਾਰ ਸਾਹਿਬ ਤੋਂ ਕਰੀਬ 12 ਕਿਲੋ ਮੀਟਰ ਹੈ।
ਬਾਬਾ ਜੀ ਨੇ ਆਪਣਾ ਸੀਸ ਤਲੀ ’ਤੇ ਰੱਖ ਕੇ ਇਹ ਦੂਰੀ ਤੈਅ ਕੀਤੀ ਅਤੇ ਅੰਤ ’ਚ ਆਪਣਾ ਸੀਸ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਭੇਟ ਕਰ ਦਿਤਾ। ਬਾਬਾ ਦੀਪ ਸਿੰਘ ਨੇ ਹੇਠਲੀਆਂ ਪੰਕਤੀਆਂ ਨੂੰ ਪੁਖ਼ਤਾ ਕਰ ਦਿਤਾ :
ਬਾਜਾਂ ਵਾਲਿਆ ਤੇਰੇ ਸਕੂਲ ਅੰਦਰ ਮੈਂ ਸੁਣਿਐ ਲਗਦੀ ਫ਼ੀਸ ਹੈ ਨਹੀਂ,
ਅੰਦਰ ਜਾ ਕੇ ਜਦੋਂ ਮੈਂ ਨਿਗਾਹ ਮਾਰੀ,
ਕਿਸੇ ਵਿਦਿਆਰਥੀ ਦੀ ਧੜ ’ਤੇ ਸੀਸ ਹੈ ਨਹੀਂ