
ਮਾਣਹਾਨੀ ਮਾਮਲੇ ਵਿਚ ਲੁਧਿਆਣਾ ਦੀ ਸਿਵਲ ਅਦਾਲਤ ਵਿਚ ਪੇਸ਼ ਹੋਏ ਬਿਕਰਮ ਸਿੰਘ ਮਜੀਠੀਆ ਤੇ ਆਪ ਆਗੂ ਸੰਜੇ ਸਿੰਘ
ਲੁਧਿਆਣਾ: ਮਾਣਹਾਨੀ ਮਾਮਲੇ ਵਿਚ ਅੱਜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਆਪ ਆਗੂ ਸੰਜੇ ਸਿੰਘ ਲੁਧਿਆਣਾ ਦੀ ਸਿਵਲ ਅਦਾਲਤ ਵਿਚ ਪੇਸ਼ ਹੋਏ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਵਲੋਂ ਦਾਇਰ ਮਾਣਹਾਨੀ ਮਾਮਲੇ ਵਿਚ ਅਹਿਮ ਸੁਣਵਾਈ ਹੋਈ। ਇਸ ਮਾਮਲੇ ’ਤੇ ਹੁਣ ਅਗਲੀ ਸੁਣਵਾਈ 4 ਮਾਰਚ ਨੂੰ ਹੋਵੇਗੀ।
Bikram Singh Majithia
ਦਰਅਸਲ ਲੁਧਿਆਣਾ ਦੀ ਸਿਵਲ ਅਦਾਲਤ ਵਿਚ ਅੱਜ ਕਰਾਸ ਐਗਜ਼ਾਮਿਨ ਰੱਖੀ ਗਈ ਸੀ ਪਰ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਦਾਅਵਾ ਕੀਤਾ ਕਿ ਦੂਜੀ ਧਿਰ ਯਾਨੀ ਕਿ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਦੇ ਵਕੀਲ ਨੇ ਕਰਾਸ ਐਗਜ਼ਾਮਿਨ (Cross Examine) ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਜ਼ਾਹਿਰ ਹੈ ਕਿ ਉਹ ਹੁਣ ਖੁਦ ਕੇਸ ਤੋਂ ਭੱਜਣਾ ਚਾਹੁੰਦੇ ਹਨ।
Bikram Singh Majithia
ਪੱਤਰਕਾਰਾਂ ਨਾਲ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਸੰਜੇ ਸਿੰਘ ਸੁਣਵੀ ਤੋਂ ਭੱਜ ਰਹੇ ਹਨ ਕਿਉਂਕਿ ਉਹਨਾਂ ਦੀ ਹਾਰ ਪੱਕੀ ਹੈ। । ਮਜੀਠੀਆ ਨੇ ਤੰਜ ਕੱਸਦਿਆਂ ਕਿਹਾ ਕਿ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸੰਜੇ ਸਿੰਘ ਆਖਿਰ ਹੈ ਕੌਣ, ਉਹਨਾਂ ਨੇ ਕੇਸ ਵਿਚ ਆਪਣੀ ਜਿੱਤ ਯਕੀਨੀ ਦੱਸਦਿਆਂ ਕਿਹਾ ਕਿ ਪਹਿਲਾਂ ਕੇਜਰੀਵਾਲ ਤੋਂ ਮਾਫੀ ਮੰਗਵਾਈ ਸੀ ਅਤੇ ਹੁਣ ਸੰਜੇ ਸਿੰਘ ਦਾ ਵੀ ਉਹੀ ਹਾਲ ਹੋਣ ਵਾਲਾ ਹੈ। ਉਹਨਾਂ ਕਿਹਾ ਜਿੱਤ ਸੱਚਾਈ ਦੀ ਹੋਵੇਗੀ ਤੇ ਸੰਜੇ ਸਿੰਘ ਹਰ ਹਾਲ ਵਿਚ ਜੇਲ ਜਾਣਗੇ।
Sanjay Singh
ਮਜੀਠੀਆ ਦੇ ਵਕੀਲ ਨੇ ਕਿਹਾ ਕਿ ਲਗਾਤਾਰ ਸੰਜੇ ਸਿੰਘ ਵਲੋਂ ਕੋਰਟ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ, ਪਰ ਅੱਜ ਕੋਰਟ ਨੇ ਆਪ ਆਗੂ ਨੂੰ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 4 ਮਾਰਚ ਨੂੰ ਹੋਵੇਗੀ। ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਅਦਾਲਤ ਦੇ ਮਾਮਲੇ ’ਤੇ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ।
Sanjay Singh
ਆਪ ਆਗੂ ਦੇ ਵਕੀਲ ਨੇ ਕਿਹਾ ਕਿ ਅਸੀਂ ਡਾਕੂਮੈਂਟ ਪੇਸ਼ ਕਰ ਰਹੇ ਹਾਂ ਅਤੇ ਕਰਾਸ ਐਗਜ਼ਾਮਿਨ ਲਈ ਅਸੀਂ ਅਦਾਲਤ ਵਿਚ ਮਨ੍ਹਾਂ ਨਹੀਂ ਕੀਤਾ। ਵਕੀਲ ਨੇ ਕਿਹਾ ਕਿ ਸੰਜੇ ਸਿੰਘ ਦੀ ਜਿੱਤ ਯਕੀਨੀ ਹੋਵੇਗੀ। ਸੰਜੇ ਸਿੰਘ ਨੇ ਮਜੀਠੀਆ ਵੱਲੋਂ ਦਿੱਤੇ ਗਏ ਬਿਆਨ ’ਤੇ ਟਿੱਪਣੀ ਦਿੰਦਿਆਂ ਕਿਹਾ ਕਿ ਫ਼ੈਸਲਾ ਮਜੀਠੀਆ ਨਹੀਂ ਕਰਨਗੇ ਇਹ ਫ਼ੈਸਲਾ ਅਦਾਲਤ ਦਾ ਹੋਵੇਗਾ।