
''ਕੈਪਟਨ ਆਧੁਨਿਕ ਯੁੱਗ ਦੇ 'ਨੀਰੋ' ਹੈ, ਉਨ੍ਹਾਂ ਨੂੰ ਸੂਬੇ ਦੇ ਲੋਕਾਂ ਦੀ ਪ੍ਰੇਸ਼ਾਨੀ ਨਹੀਂ ਦਿਖਾਈ ਦਿੰਦੀ ''
ਚੰਡੀਗੜ੍ਹ: ਕਰਜ਼ੇ ਵਿੱਚ ਡੁੱਬੇ ਕਿਸਾਨਾਂ ਵੱਲੋਂ ਕੀਤੀ ਗਈ ਖੁਦਕੁਸ਼ੀ ਉੱਤੇ ਚਿੰਤਾ ਪ੍ਰਗਟਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਕਿਹਾ ਕਿ ਪੰਜਾਬ ਦੀ ਜਨਤਾ ਕੈਪਟਨ ਦੀਆਂ ਨੀਤੀਆਂ ਤੋਂ ਤੰਗ ਆ ਗਈ ਹੈ। ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀਆਂ ਨੀਤੀਆਂ ਲੋਕਾਂ ਨੂੰ ਪ੍ਰੇਸ਼ਾਨੀਆਂ ਵਿੱਚ ਪਾ ਰਹੀ ਰੈ ਅਤੇ ਉਨ੍ਹਾਂ ਦੇ ਘਰਾਂ ਨੂੰ ਤਬਾਹ ਕਰ ਰਹੀ ਹੈ। ਕੈਪਟਨ ਸਰਕਾਰ ਕੇਵਲ ਝੂਠੀ ਸਰਕਾਰ ਹੀ ਨਹੀਂ ਹੈ, ਸਗੋਂ ਲਾਪਰਵਾਹੀ ਦੀ ਸਰਕਾਰ ਵੀ ਹੈ। ਹਰਪਾਲ ਸਿੰਘ ਚੀਮਾ ਨੇ ਦਸੂਹਾ ਵਿੱਚ ਆਤਮਹੱਤਿਆ ਕਰਨ ਵਾਲੇ ਕਿਸਾਨ ਪਿਤਾ-ਪੁੱਤ ਦੇ ਘਰ ਦੁੱਖ ਪ੍ਰਗਟਾਉਣ ਪਹੁੰਚੇ, ਜਿੰਨਾਂ ਕਰਜ਼ੇ ਤੋਂ ਤੰਗ ਆ ਕੇ ਪੰਜ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਸੀ।
Harpal Singh Cheema
ਉਨ੍ਹਾਂ ਸ਼ੋਕ ਪ੍ਰਗਟਾਉਂਦੇ ਹੋਏ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਮ੍ਰਿਤਕ ਪਿਤਾ-ਪੁੱਤ ਨੇ ਆਪਣੇ ਸੁਸਾਇਡ ਨੋਟ ਵਿੱਚ ਉਨ੍ਹਾਂ ਦੇ ਕਰਜ਼ੇ ਮੁਆਫੀ ਦੇ ਝੂਠੇ ਵਾਅਦੇ ਨੂੰ ਆਪਣੀ ਆਤਮਹੱਤਿਆ ਦਾ ਕਾਰਨ ਦੱਸਿਆ। ਇਸ ਦੁੱਖਦਾਈ ਘਟਨਾ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦੇ ਸੂਬੇ ਵਿੱਚ ਮੌਤਾਂ ਦਾ ਕਾਰਨ ਬਣ ਰਹੇ ਹਨ, ਪ੍ਰੰਤੂ ਕੈਪਟਨ ਉੱਤੇ ਇਸਦਾ ਕੋਈ ਅਸਰ ਨਹੀਂ ਪੈਂਦਾ।
Harpal Singh Cheema
ਕੈਪਟਨ ਅਮਰਿੰਦਰ ਨੇ ਆਪਣੇ ਚੁਣਾਵੀਂ ਘੋਸਣਾ ਪੱਤਰ ਵਿੱਚ ਵਾਅਦਾ ਕੀਤਾ ਸੀ ਕਿ ਉਹ ਸਾਰੇ ਖੇਤੀ ਕਰਜ਼ਿਆਂ ਨੂੰ ਮੁਆਫ ਕਰਨਗੇ ਅਤੇ ਕਿਸਾਨਾਂ ਨੂੰ ਕਰਜੇ ਤੋਂ ਮੁਕਤੀ ਦਿਵਾਉਣਗੇ। ਪ੍ਰੰਤੂ ਚਾਰ ਸਾਲ ਬੀਤ ਚੁੱਕੇ ਹਨ, ਇਕ ਵੀ ਰੁਪਇਆ ਮੁਆਫ ਨਹੀਂ ਕੀਤਾ ਗਿਆ। ਇਸ ਰਾਹਤ ਦੀ ਉਡੀਕ ਕਰ ਰਹੇ ਕਿਸਾਨ ਹੁਣ ਨਿਰਾਸ਼ ਹੋ ਕੇ ਖੁਦਕੁਸ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਸੂਹਾ ਦੀ ਘਟਨਾ ਤੋਂ ਦੋ ਦਿਨ ਪਹਿਲਾਂ ਹੀ ਇਸ ਤਰ੍ਹਾਂ ਦੀ ਘਟਨਾ ਤਰਨਤਾਰਨ ਵਿੱਚ ਵਾਪਰੀ ਸੀ। ਉਥੇ ਵੀ ਇਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕਿ ਖੁਦਕੁਸ਼ੀ ਕਰ ਲਈ। ਇਕ ਸਾਲ ਪਹਿਲਾਂ ਕਰਜ਼ੇ ਕਾਰਨ ਉਸੇ ਕਿਸਾਨ ਦੇ ਪੁੱਤਰ ਨੇ ਖੁਦਕੁਸ਼ੀ ਕੀਤੀ ਸੀ।
CM Punjab
ਚੀਮਾ ਨੇ ਕਿਹਾ ਕਿ ਕਰਜ਼ੇ ਦੇ ਬੋਝ ਕਾਰਨ ਕਿਸਾਨਾਂ ਵੱਲੋਂ ਖੁਦਕੁਸ਼ੀ ਕਰਨ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਕਿਸਾਨਾਂ ਨੇ ਕੈਪਟਨ ਨੂੰ ਵੋਟ ਦਿੱਤੀ ਸੀ, ਕਿਉਂਕਿ ਉਨ੍ਹਾਂ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ, ਪ੍ਰੰਤੂ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਅਜੇ ਤੱਕ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ। ਕਿਸਾਨਾਂ ਦੀ ਮੌਤ ਨਾਲ ਜੁੜੇ ਅੰਕੜਿਆਂ ਉੱਤੇ ਚਾਨਣ ਪਾਉਂਦੇ ਹੋਏ ਚੀਮਾ ਨੇ ਕਿਹਾ ਕਿ ਪਿਛਲੀ 24 ਜੂਨ ਤੋਂ 1 ਸਤੰਬਰ ਵਿੱਚ 65 ਤੋਂ ਜ਼ਿਆਦਾ ਕਿਸਾਨਾਂ ਨੇ ਕਰਜ਼ੇ ਕਾਰਨ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੰਜਾਬ ਵਿੱਚ ਕਿਸਾਨਾਂ ਦੀ ਸਥਿਤੀ ਕਾਫੀ ਗੰਭੀਰ ਹੈ, ਪ੍ਰੰਤੂ ਕੈਪਟਨ ਅਮਰਿੰਦਰ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਪੰਜਾਬ ਵਿੱਚ ਲਗਾਤਾਰ ਕਿਸਾਨਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਤੋਂ ਪਤਾ ਲੱਗਦਾ ਹੈ ਕਿ ਕੈਪਟਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦਿੱਤਾ।
harpal Singh Cheema
ਉਨ੍ਹਾਂ ਕਿਹਾ ਕਿ ਕੈਪਟਨ ਕਿਸਾਨ ਸਮਰਥਕ ਹੋਣ ਦਾ ਸਿਰਫ ਡਰਾਮਾ ਕਰਦੇ ਹਨ, ਅਸਲ ਵਿੱਚ ਉਹ ਕਿਸਾਨ ਵਿਰੋਧੀ ਹਨ। ਉਨ੍ਹਾਂ ਕੈਪਟਨ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਦਾ ਸੰਕਟ ਦੂਰ ਕਰਨ ਤੋਂ ਪਹਿਲਾਂ ਕੈਪਟਨ ਅਤੇ ਕਿੰਨੇ ਕਿਸਾਨਾਂ ਦੀ ਮੌਤ ਦੇਖਣਾ ਚਾਹੁੰਦੇ ਹਨ? ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਧੁਨਿਕ ਯੁੱਗ ਦੇ 'ਨੀਰੋ' ਹਨ। ਸੂਬੇ ਦੇ ਲੋਕ ਬਰਬਾਦ ਹੋ ਰਹੇ ਹਨ, ਪ੍ਰੰਤੂ ਉਹ ਆਪਣੇ ਸ਼ਾਹੀ ਫਾਰਮ ਹਾਊਸ਼ ਵਿੱਚ ਬੈਠਕੇ ਰਾਜ ਨੂੰ ਬਰਬਾਦ ਹੁੰਦਾ ਦੇਖ ਰਹੇ ਹਨ। ਕੈਪਟਨ ਦੇ ਹੱਥ ਕਿਸਾਨਾਂ ਦੇ ਖੂਨ ਨਾਲ ਭਰੇ ਹੋਏ ਹਨ, ਕੋਈ ਵੀ ਚਾਲ ਉਨ੍ਹਾਂ ਨੂੰ ਪਾਪਾਂ ਤੋਂ ਨਹੀਂ ਬਚਾ ਸਕਦੀ। ਚੀਮਾ ਨੇ ਕਿਹਾ ਕਿ ਆਉਣ ਵਾਲੇ ਬਜ਼ਟ ਸੈਸ਼ਨ ਵਿੱਚ ਆਮ ਆਦਮੀ ਪਾਰਟੀ ਇਨ੍ਹਾਂ ਦੁਖੀ ਕਿਸਾਨਾਂ ਦੀ ਆਵਾਜ਼ ਚੁੱਕੇਗੀ।