
ਰਾਜਧਾਨੀ ਵਲ ਵਧ ਰਹੇ ਰੂਸੀ ਟੈਂਕਾਂ ਨੂੰ ਰੋਕਣ ਲਈ ਪੁਲ ਦੇ ਨਾਲ ਖ਼ੁਦ ਨੂੰ ਉਡਾ ਲਿਆ
ਕੀਵ, 25 ਫ਼ਰਵਰੀ : ਰੂਸੀ ਹਮਲੇ ਦੌਰਾਨ ਯੂਕਰੇਨ ਦੇ ਇਕ ਸੈਨਿਕ ਦੀ ਬਹਾਦਰੀ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ੁਕਰਵਾਰ ਸਵੇਰੇ, ਜਦੋਂ ਯੂਕਰੇਨ ਦੀ ਫ਼ੌਜ ਨੂੰ ਪਤਾ ਲੱਗਾ ਕਿ ਰੂਸੀ ਫ਼ੌਜੀ ਅਪਣੇ ਟੈਂਕਾਂ ਨਾਲ ਰਾਜਧਾਨੀ ਕੀਵ ਵਲ ਵਧ ਰਹੇ ਹਨ, ਤਾਂ ਉਨ੍ਹਾਂ ਨੇ ਖ਼ੁਦ ਹੀ ਸ਼ਹਿਰ ਨੂੰ ਜੋੜਨ ਵਾਲੇ ਤਿੰਨ ਪੁਲਾਂ ਨੂੰ ਉਡਾ ਦਿਤਾ। ਇਕ ਅਜਿਹਾ ਪੁਲ ਸੀ ਜਿਸ ਨੂੰ ਉਡਾਉਣ ਲਈ ਯੂਕਰੇਨੀ ਫ਼ੌਜ ਦੇ ਇੰਜੀਨੀਅਰ ਨੇ ਅਪਣੀ ਜਾਨ ਦੀ ਬਾਜ਼ੀ ਲਗਾ ਦਿਤੀ। ਯੂਕਰੇਨ ਦੀ ਫ਼ੌਜ ਨੇ ਇਸ ਫ਼ੌਜੀ ਨੂੰ ਹੀਰੋ ਦਸਦੇ ਹੋਏ ਅਪਣੀ ਕਹਾਣੀ ਸੋਸਲ ਮੀਡੀਆ ’ਤੇ ਸਾਂਝੀ ਕੀਤੀ ਹੈ। ਯੂਕਰੇਨੀ ਆਰਮਡ ਫੋਰਸਿਜ ਦੇ ਜਨਰਲ ਸਟਾਫ਼ ਦੇ ਅਨੁਸਾਰ, ਪੇਰੇਕੋਪ ਦਾ ਇਸਥਮਸ ਕ੍ਰੀਮੀਆ ਦੇ ਨੇੜੇ ਸੱਭ ਤੋਂ ਖ਼ਤਰਨਾਕ ਮੋਰਚਾ ਹੈ। ਦੁਸ਼ਮਣ ਇਥੇ ਸੱਭ ਤੋਂ ਪਹਿਲਾਂ ਮਿਲਦੇ ਹਨ। ਸਪੇਸ ਮਰੀਨ ਬਟਾਲੀਅਨ ਰੂਸ ਨਾਲ ਮੁਕਾਬਲਾ ਕਰਨ ਲਈ ਇਥੇ ਤਾਇਨਾਤ ਸੀ। ਇਸ ਬਟਾਲੀਅਨ ਦੇ ਇੰਜਨੀਅਰ ਵਿਟਾਲੀ ਸਕਾਕੁਨ ਵੋਲੋਡੀਮੇਰੋਵਿਚ ਨੇ ਕ੍ਰੀਮੀਆ ਦੇ ਨੇੜੇ ਇਕ ਪੁਲ ਉੱਤੇ ਰੂਸੀ ਫ਼ੌਜ ਦੇ ਖ਼ਿਲਾਫ਼ ਮੋਰਚਾ ਸੰਭਾਲਿਆ ਸੀ। ਜਦੋਂ ਸਾਡੀ ਫ਼ੌਜ ਨੂੰ ਖ਼ਬਰ ਮਿਲੀ ਕਿ ਰੂਸੀ ਟੈਂਕ ਤੇਜ਼ੀ ਨਾਲ ਰਾਜਧਾਨੀ ਕੀਵ ਵੱਲ ਵਧ ਰਹੇ ਹਨ, ਤਾਂ ਅਸੀਂ ਹੇਨੀਚੇਸਕ ਪੁਲ ਨੂੰ ਉਡਾਉਣ ਦਾ ਫ਼ੈਸਲਾ ਕੀਤਾ।
ਪੁਲ ਨੂੰ ਉਡਾਉਣ ਦੀ ਜ਼ਿੰਮੇਵਾਰੀ ਵਿਟਾਲੀ ਨੂੰ ਦਿਤੀ ਗਈ ਸੀ। ਉਨ੍ਹਾਂ ਨੇ ਪੁਲ ਵਿਚ ਵਿਸਫੋਟਕ ਲਗਾਉਣੇ ਸ਼ੁਰੂ ਕਰ ਦਿਤੇ। ਜਦੋਂ ਵਿਟਾਲੀ ਨੂੰ ਅਹਿਸਾਸ ਹੋਇਆ ਕਿ ਉਹ ਧਮਾਕੇ ਤੋਂ ਪਹਿਲਾਂ ਸਮੇਂ ਸਿਰ ਬਾਹਰ ਨਹੀਂ ਨਿਕਲ ਸਕੇਗਾ, ਤਾਂ ਉਸਨੇ ਅਪਣੇ ਆਖ਼ਰੀ ਸਾਹ ਤਕ ਮਿਸ਼ਨ ਨੂੰ ਪੂਰਾ ਕਰਨ ਦਾ ਫ਼ੈਸਲਾ ਕੀਤਾ। ਵਿਟਾਲੀ ਦੇਸ਼ ਲਈ ਦਿਤੇ ਗਏ ਅਪਣੇ ਮਿਸ਼ਨ ਵਿਚ ਸਫ਼ਲ ਰਿਹਾ, ਪਰ ਉਸਨੂੰ ਅਪਣਾ ਬਲੀਦਾਨ ਦੇਣਾ ਪਿਆ।
ਮੇਜਰ ਨੇ ਅੱਗੇ ਕਿਹਾ ਕਿ ਵਿਟਾਲੀ ਦੀ ਹਿੰਮਤ ਅਤੇ ਲਗਨ ਨੇ ਦੁਸ਼ਮਣ ਦੇ ਟੈਂਕਾਂ ਦੀ ਹਰਕਤ ਨੂੰ ਰੋਕ ਦਿਤਾ ਅਤੇ ਸਾਡੀ ਯੂਨਿਟ ਨੂੰ ਪੂਰੇ ਪ੍ਰਬੰਧ ਨਾਲ ਮੁੜ ਮੋਰਚਾ ਸੰਭਾਲਣ ਦਾ ਮੌਕਾ ਮਿਲਿਆ। ਹਾਲਾਂਕਿ, ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਰੂਸੀ ਫ਼ੌਜ ਨੇ ਇਸ ਖੇਤਰ ’ਤੇ ਕਬਜ਼ਾ ਕਰ ਲਿਆ। ਫ਼ੌਜੀ ਅਧਿਕਾਰੀ ਮੁਤਾਬਕ ਵਿਟਾਲੀ ਦੀ ਬਹਾਦਰੀ ਲਈ ਮਰਨ ਉਪਰੰਤ ਸਟੇਟ ਮਿਲਟਰੀ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। (ਏਜੰਸੀ)