
ਯੂਕਰੇਨੀਅਨਾਂ ਨੇ ਵ੍ਹਾਈਟ ਹਾਊਸ ਸਾਹਮਣੇ ਕੀਤਾ ਜ਼ੋਰਦਾਰ ਪ੍ਰਦਰਸ਼ਨ
ਵਾਸ਼ਿੰਗਟਨ, ਡੀ ਸੀ, 25 ਫ਼ਰਵਰੀ (ਸੁਰਿੰਦਰ ਗਿੱਲ): ਅਮਰੀਕਾ ਵਿਚ ਰਹਿੰਦੇ ਯੂਕਰੇਨੀਅਨਾਂ ਨੇ ਵ੍ਹਾਈਟ ਹਾਊਸ ਸਾਹਮਣੇ ਭਾਰੀ ਪ੍ਰਦਰਸ਼ਨ ਕੀਤਾ। ਉਨ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਕਿ ਉਹ ਪੁਤਿਨ ਨਾਲ ਗੱਲਬਾਤ ਕਰ ਕੇ ਯੂਕਰੇਨ ਦੇ ਹਮਲੇ ਨੂੰ ਰੋਕੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਸਾਨੂੰ ਨਹੀਂ ਪਤਾ ਕੀ ਹੋ ਰਿਹਾ ਹੈ ਪਰ ਜੋ ਕੁੱਝ ਹੋ ਰਿਹਾ ਹੈ ਉਹ ਬਹੁਤ ਮਾੜਾ ਹੈ। ਜਿਥੇ ਪੁਤਿਨ ਦੀ ਬਦਖੋਈ ਕੀਤੀ ਗਈ,ਉਥੇ ਉਸ ਵਿਰੁਧ ਮੁਰਦਾਬਾਦ ਦੇ ਨਾਹਰੇ ਮਾਰੇ ਗਏ। ਪ੍ਰਦਰਸ਼ਨਕਾਰੀਆ ਦਾ ਕਹਿਣਾ ਹੈ ਕਿ ਲੋਕਾਂ ਦੀ ਰਖਿਆ ਕਰਨਾ ਯੂ ਐਨ ਓ ਦਾ ਫ਼ਰਜ਼ ਹੈ। ਅਮਰੀਕਾ ਨੂੰ ਤੁਰਤ ਦਖ਼ਲ ਅੰਦਾਜ਼ੀ ਕਰਨਾ ਸਮੇਂ ਦੀ ਲੋੜ ਹੈ। ਪ੍ਰਵਾਸੀ ਯੂਕਰੇਨੀਅਨ ਹਮੇਸ਼ਾ ਹੀ ਅਪਣੇ ਮੁਲਕ ਦੀ ਹਮਾਇਤ ਵਿਚ ਇਸ ਕਰ ਕੇ ਵ੍ਹਾਈਟ ਹਾਊਸ ਸਾਹਮਣੇ ਉਤਰੇ ਹਨ ਕਿ ਸੰਸਾਰ ਨੂੰ ਪਤਾ ਲੱਗ ਜਾਵੇ ਕੇ ਪੁਤਿਨ ਗ਼ਲਤ ਕਰ ਰਿਹਾ ਹੈ। ਉਸ ਦੀ ਹਿਟਲਰ ਸੋਚ ਨੇ ਯੂਕਰੇਨ ਨੂੰ ਬਰਬਾਦ ਕਰਨ ਦਾ ਮਨਸੂਬਾ ਬਣਾਇਆ ਹੋਇਆ ਹੈ ਜੋ ਕਿ ਸਰਾਸਰ ਗ਼ਲਤ ਹੈ। ਪ੍ਰਵਾਸੀ ਯੂਕਰੇਨ ਹਮਾਇਤੀ ਸੰਸਾਰ ਦੇ ਮੁਲਕਾਂ ਨੂੰ ਦਖ਼ਲ ਅੰਦਾਜ਼ੀ ਕਰ ਕੇ ਇਸ ਕਾਰਵਾਈ ਨੂੰ ਤੁਰਤ ਬੰਦ ਕੀਤਾ ਜਾਵੇ।