
ਪੰਜਾਬ ਭਰ 'ਚ ਲੋਕ ਪ੍ਰੇਸ਼ਾਨ
ਲੁਧਿਆਣਾ - ਸਿਰਫ਼ ਲੁਧਿਆਣਾ ਹੀ ਨਹੀਂ, ਸਗੋਂ ਪੰਜਾਬ ਭਰ ਦੇ ਲੋਕਾਂ ਨੂੰ ਆਰਸੀ-ਲਾਇਸੈਂਸ ਦੇ ਬਕਾਇਆ ਹੋਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਰ.ਸੀ.-ਲਾਇਸੈਂਸ ਘਰ ਨਾ ਪਹੁੰਚਣ 'ਤੇ ਲੋਕ ਰੋਜ਼ਾਨਾ ਆਰ.ਟੀ.ਏ.ਦਫ਼ਤਰ ਦੇ ਚੱਕਰ ਲਗਾ ਰਹੇ ਹਨ, ਪਰ ਮੁੱਖ ਦਫ਼ਤਰ ਤੋਂ ਆਰ.ਸੀ. ਅਤੇ ਲਾਇਸੰਸ ਦੀ ਛਪਾਈ ਨਾ ਹੋਣ ਕਾਰਨ ਲੋਕਾਂ ਨੂੰ ਦਸਤਾਵੇਜ਼ ਨਹੀਂ ਮਿਲ ਰਹੇ।
ਆਰਸੀ-ਲਾਇਸੈਂਸ ਦੀ ਛਪਾਈ ਦਾ ਕੰਮ ਦੂਜੀ ਵਾਰ ਠੱਪ ਹੋ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ 2022 ਦੇ ਆਸਪਾਸ ਲੋਕਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਵੀ ਅਧਿਕਾਰੀਆਂ ਨੇ ਚਿਪ ਦੀ ਕਮੀ ਦੀ ਗੱਲ ਕਹੀ ਸੀ। ਜਾਣਕਾਰੀ ਅਨੁਸਾਰ ਪੰਜਾਬ ਵਿਚ ਪਿਛਲੇ 10 ਦਿਨਾਂ ਤੋਂ ਛਪਾਈ ਦੀ ਸਮੱਸਿਆ ਹੈ। ਇਸ ਕਾਰਨ ਪੈਂਡੈਂਸੀ ਵੀ 70 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਕੰਪਨੀ ਦੇ ਮੁਲਾਜ਼ਮਾਂ ਨੂੰ ਪੈਸੇ ਨਾ ਦਿੱਤੇ ਜਾਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ ਪਰ ਅਧਿਕਾਰੀਆਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ।
ਦੱਸ ਦਈਏ ਕਿ ਹਾਲ ਹੀ ਵਿਚ ਚੰਡੀਗੜ੍ਹ ਵਿਚ ਐਸਟੀਸੀ ਅਤੇ ਟਰੈਫਿਕ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ। ਇਸ ਵਿਚ ਫੈਸਲਾ ਕੀਤਾ ਗਿਆ ਕਿ ਡੀਜੀ ਲਾਕਰ ਵਿਚ ਆਰ.ਸੀ.-ਲਾਇਸੈਂਸ ਦਸਤਾਵੇਜ਼ ਨੂੰ ਜਾਇਜ਼ ਮੰਨਿਆ ਜਾਵੇ, ਤਾਂ ਜੋ ਡਰਾਈਵਰ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਛਪਾਈ ਵਿਚ ਦੇਰੀ ਹੋਣ ਕਾਰਨ ਇਸ ਸਬੰਧੀ ਮੀਟਿੰਗ ਵੀ ਕੀਤੀ ਗਈ। ਇਸ ਦੇ ਨਾਲ ਹੀ ਐਸਟੀਸੀ ਮਨੀਸ਼ ਕੁਮਾਰ ਨੇ ਕਿਹਾ ਕਿ ਇਹ ਇੱਕ ਗਲੋਬਲ ਮੁੱਦਾ ਹੈ। ਸਮਾਰਟ ਚਿੱਪ ਬਣਾਉਣ ਵਾਲੀ ਕੰਪਨੀ ਨੂੰ ਜਲਦ ਹੀ ਚਿੱਪ ਦਾ ਆਰਡਰ ਦੇ ਕੇ ਪੈਂਡੈਂਸੀ ਨੂੰ ਦੂਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਕੰਪਨੀ ਨੂੰ ਦੇਰੀ ਲਈ ਜੁਰਮਾਨਾ ਵੀ ਲਗਾਇਆ ਜਾਵੇਗਾ।
ਡੀਜੀ ਲਾਕਰ ਵਿਚ ਮੌਜੂਦ ਦਸਤਾਵੇਜ਼ ਨੂੰ ਟਰੈਫਿਕ ਪੁਲਿਸ ਵੱਲੋਂ ਵੈਧ ਮੰਨਿਆ ਜਾਵੇਗਾ। ਇਹ ਸਮੱਸਿਆ ਕਰੀਬ 10 ਦਿਨਾਂ ਤੋਂ ਆਈ ਹੈ। ਅਸਲ ਵਿਚ ਇਕਰਾਰਨਾਮੇ ਦੇ ਅਨੁਸਾਰ ਜਦੋਂ ਕੰਪਨੀ ਕੋਲ ਫਾਈਲ ਤਿਆਰ ਕੀਤੀ ਜਾਂਦੀ ਹੈ, ਤਾਂ ਇਸ ਨੂੰ 3 ਦਿਨਾਂ ਦੇ ਅੰਦਰ ਛਾਪ ਕੇ ਭੇਜਣਾ ਹੁੰਦਾ ਹੈ, ਨਹੀਂ ਤਾਂ ਉਨ੍ਹਾਂ 'ਤੇ ਜੁਰਮਾਨਾ ਲਗਾਇਆ ਜਾਂਦਾ ਹੈ।
ਕਰਨ ਵਿਸ਼ਿਸ਼ਟ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਉਨ੍ਹਾਂ ਨੇ ਲਾਇਸੈਂਸ ਬੈਕਲਾਗ ਕਰਵਾ ਕੇ ਸਮਾਰਟ ਚਿੱਪ ਨਾਲ ਲਾਇਸੈਂਸ ਲਈ ਅਪਲਾਈ ਕੀਤਾ ਸੀ ਪਰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਲਾਇਸੰਸ ਜਨਰੇਟ ਨਹੀਂ ਕੀਤਾ ਗਿਆ। ਉਹ ਇਸ ਸਬੰਧੀ ਤਿੰਨ ਵਾਰ ਆਰ.ਟੀ.ਏ. ਦਫ਼ਤਰ ਜਾ ਚੁੱਕਾ ਹੈ ਪਰ ਕੋਈ ਵੀ ਇਹ ਦੱਸਣ ਨੂੰ ਤਿਆਰ ਨਹੀਂ ਹੈ ਕਿ ਉਸ ਨੂੰ ਲਾਇਸੈਂਸ ਕਦੋਂ ਮਿਲੇਗਾ। ਦੂਜੇ ਪਾਸੇ ਪ੍ਰਵੀਨ ਨੇ ਦੱਸਿਆ ਕਿ ਉਸ ਨੇ ਨਵੀਂ ਕਾਰ ਖਰੀਦੀ ਸੀ। ਇਸ ਦੀ ਆਰਸੀ ਅਜੇ ਮਿਲਣੀ ਬਾਕੀ ਹੈ। ਪਹਿਲੀ ਮਨਜ਼ੂਰੀ ਨੂੰ ਲੈ ਕੇ ਫਾਈਲ ਇਕ ਮਹੀਨੇ ਤੱਕ ਪਈ ਰਹੀ। ਜਦੋਂ ਮਨਜ਼ੂਰੀ ਮਿਲ ਗਈ ਤਾਂ 20 ਦਿਨ ਬੀਤ ਜਾਣ ਤੋਂ ਬਾਅਦ ਵੀ ਆਰਸੀ ਨਹੀਂ ਆ ਰਹੀ। ਇਸ ਸਬੰਧੀ ਮੈਂ ਏਜੰਸੀ, ਆਰ.ਟੀ.ਏ. ਦਫ਼ਤਰ ਦੇ ਕਈ ਵਾਰ ਦੌਰੇ ਕੀਤੇ ਹਨ।