
ਭੂਪੀ ਰਾਣਾ ਗੈਂਗ ਨਾਲ ਦੱਸਿਆ ਜਾ ਰਿਹਾ ਫੜੇ ਗਏ ਮੁਲਜ਼ਮਾਂ ਦਾ ਸਬੰਧ
ਨੌਜਵਾਨ ਦੀਆਂ ਉਂਗਲਾਂ ਵੱਢਣ ਦਾ ਮਾਮਲਾ
ਸ਼ੰਭੂ ਬਾਰਡਰ ‘ਤੇ ਮੁਕਾਬਲੇ ਦੌਰਾਨ ਪੁਲਿਸ ਨੇ ਮੁੱਖ ਮੁਲਜ਼ਮ ਗੌਰਵ ਉਰਫ਼ ਗੁਰੀ ਤੇ ਉਸ ਦੇ ਸਾਥੀ ਤਰੁਣ ਨੂੰ ਕੀਤਾ ਕਾਬੂ
ਭੂਪੀ ਰਾਣਾ ਗੈਂਗ ਨਾਲ ਦੱਸਿਆ ਜਾ ਰਿਹਾ ਫੜੇ ਗਏ ਮੁਲਜ਼ਮਾਂ ਦਾ ਸਬੰਧ
ਮੋਹਾਲੀ (ਲੰਕੇਸ਼ ਤ੍ਰਿਖਾ, ਕੋਮਲਜੀਤ ਕੌਰ) : ਸੀ.ਆਈ.ਏ ਸਟਾਫ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਹਾਲ ਹੀ 'ਚ ਸ਼ੰਭੂ ਬੈਰੀਅਰ 'ਤੇ ਹੋਏ ਮੁਕਾਬਲੇ ਦੌਰਾਨ ਭੂਪੀ ਰਾਣਾ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਦੋਸ਼ੀਆਂ 'ਚ ਇਕ ਦਾ ਨਾਂ ਗੌਰਵ ਉਰਫ ਗੁਰੀ ਅਤੇ ਦੂਜੇ ਦਾ ਨਾਂ ਤਰੁਣ ਦੱਸਿਆ ਜਾ ਰਿਹਾ ਹੈ।
ਸੀਆਈਏ ਸਟਾਫ਼ ਨਾਲ ਹੋਏ ਮੁਕਾਬਲੇ ਵਿੱਚ ਗੌਰਵ ਉਰਫ਼ ਗੁਰੀ ਦੀ ਲੱਤ ਵਿੱਚ ਗੋਲੀ ਲੱਗੀ ਹੈ। ਦੱਸ ਦੇਈਏ ਕਿ ਉਸ ਨੇ ਬੜਮਾਜਰਾ ਵਿੱਚ ਇੱਕ ਨੌਜਵਾਨ ਦੀਆਂ ਉਂਗਲਾਂ ਵੱਢ ਦਿਤੀਆਂ ਗਈਆਂ ਸਨ। ਇਹ ਵਾਰਦਾਤ 8 ਫ਼ਰਵਰੀ 2023 ਨੂੰ ਅੰਜਾਮ ਦਿਤੀ ਗਈ ਸੀ। ਜਿਸ ਦਾ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਅਤੇ ਪੀੜਤ ਦਾ ਪਰਿਵਾਰ ਵੀ ਮੀਡੀਆ ਸਾਹਮਣੇ ਆਇਆ ਸੀ। ਉਨ੍ਹਾਂ ਦੱਸਿਆ ਸੀ ਕਿ 8 ਫ਼ਰਵਰੀ ਨੂੰ ਦੋ ਅਣਪਛਾਤੇ ਨੌਜਵਾਨ ਆਏ ਜੋ ਆਪਣੇ ਆਪ ਨੂੰ ਸੀਆਈਏ ਸਟਾਫ ਤੋਂ ਦੱਸ ਰਹੇ ਸਨ, ਅਤੇ ਉਨ੍ਹਾਂ ਨੇ ਨੌਜਵਾਨ ਹਰਦੀਪ ਨੂੰ ਆਪਣੇ ਨਾਲ ਚੱਲਣ ਲਈ ਕਿਹਾ।
ਉਨ੍ਹਾਂ ਦਾ ਕਹਿਣਾ ਸੀ ਕਿ ਉਹ ਹਰਦੀਪ ਤੋਂ ਪੁੱਛਗਿੱਛ ਕਰਨਾ ਚਾਹੁੰਦੇ ਹਨ। ਜਾਣਕਾਰੀ ਮੁਤਾਬਕ ਵਾਰਦਾਤ ਵਾਲੇ ਦਿਨ ਉਨ੍ਹਾਂ ਕੋਲ ਇੱਕ ਪਿਸਤੌਲ ਅਤੇ ਇੱਕ ਦਾਤਰੀ ਵੀ ਸੀ। ਉਨ੍ਹਾਂ ਨੂੰ ਸੀਆਈਏ ਸਟਾਫ ਦੇ ਮੈਂਬਰ ਸਮਝ ਕੇ ਹਰਦੀਪ ਉਨ੍ਹਾਂ ਨਾਲ ਚੱਲਿਆ ਗਿਆ ਅਤੇ ਰਸਤੇ ਵਿਚ ਹੀ ਉਕਤ ਦੋਵਾਂ ਅਣਪਛਾਤੇ ਬੰਦਿਆਂ ਨੇ ਸ਼ਮਸ਼ਾਨ ਘਾਟ ਦੇ ਪਿਛਲੇ ਪਾਸੇ ਹਰਦੀਪ ਦੀਆਂ ਬੜੀ ਹੀ ਬੇਰਹਿਮੀ ਨਾਲ ਉਂਗਲਾਂ ਵੱਢ ਦਿਤੀਆਂ।
ਇਹ ਵੀ ਪੜ੍ਹੋ : ਨਾਕਾਬੰਦੀ ਦੌਰਾਨ 24 ਲੱਖ ਰੁਪਏ ਸਮੇਤ ਇੱਕ ਕਾਬੂ
ਮੀਡੀਆ ਵਿਚ ਖਬਰ ਆਉਣ ਮਗਰੋਂ ਇਸ ਮਾਮਲੇ ਨੇ ਕਾਫੀ ਤੂਲ ਫੜ੍ਹ ਲਿਆ ਸੀ ਜਿਸ 'ਤੇ ਪੁਲਿਸ ਵੀ ਹਰਕਤ ਵਿਚ ਆਈ। ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਆਖਰ ਅੱਜ ਡੀਐਸਪੀ ਗੁਰਸ਼ੇਰ ਸੰਧੂ ਦੀ ਅਗਵਾਈ ਵਿੱਚ ਸੀਆਈਏ ਸਟਾਫ ਮੁਹਾਲੀ ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਬੰਟੀ ਨਾਮ ਦੇ ਸਖ਼ਸ਼ ਦਾ ਕਤਲ ਹੋਇਆ ਸੀ ਜੋ ਕਿ ਤਿੰਨ ਭਰਾ ਹਨ- ਬੰਟੀ, ਗੁਰੀ ਅਤੇ ਰਵੀ। ਇਨ੍ਹਾਂ ਵਿਚੋਂ ਬੰਟੀ ਦਾ ਕਤਲ ਹੋ ਗਿਆ ਸੀ, ਰਵੀ ਜੇਲ੍ਹ ਵਿਚ ਹੈ ਜਦਕਿ ਗੁਰੀ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਗੁਰੀ 'ਤੇ ਇਲਜ਼ਾਮ ਲਗਾਏ ਗਏ ਸਨ ਕਿ ਉਸ ਨੇ ਹਰਦੀਪ ਰਾਜੂ ਦੀਆਂ ਉਂਗਲਾਂ ਵੱਢੀਆਂ ਹਨ। ਪੀੜਤ ਦੇ ਪਰਵਾਰ ਨੇ ਰੋਜ਼ਾਨਾ ਸਪੋਕਸਮੈਨ ਜ਼ਰੀਏ ਆਪਣਾ ਦਰਦ ਬਿਆਨ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਗੌਰਵ ਉਰਫ਼ ਗੁਰੀ ਅਤੇ ਉਸ ਦੇ ਇੱਕ ਸਾਥੀ ਨੂੰ ਸ਼ੰਭੂ ਬੈਰੀਅਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਮੇਰੇ ਪੁੱਤਰ ਬੰਟੀ ਦੇ ਕਤਲ ਵਿਚ ਸ਼ਾਮਲ ਸੀ ਰਾਜੂ : ਫੜੇ ਗਏ ਗੌਰਫ ਉਰਫ਼ ਗੁਰੀ ਦੇ ਮਾਤਾ
ਇਸ ਬਾਰੇ ਜਦੋਂ ਗੁਰੀ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੇ ਮਾਤਾ ਨੇ ਦੱਸਿਆ ਕਿ ਮੇਰੇ ਪੁੱਤਰ ਬੰਟੀ ਦਾ ਕਤਲ ਹੋਇਆ ਸੀ ਜਿਸ ਵਿਚ ਰਾਜੂ ਹੁਰਾਂ ਦਾ ਹੱਥ ਸੀ। ਉਨ੍ਹਾਂ ਦੱਸਿਆ ਕਿ ਇਸ ਕਤਲ ਤੋਂ ਪਹਿਲਾਂ ਰਾਜੂ ਅਤੇ ਰਵੀ ਚੰਗੇ ਦੋਸਤ ਸਨ। ਪੈਸਿਆਂ ਦੇ ਲੈਣ-ਦੇਣ ਤੋਂ ਝਗੜਾ ਹੋਇਆ ਅਤੇ ਕਰੀਬ 35 ਜਣਿਆਂ ਨੇ ਬੰਟੀ ਦਾ ਕਤਲ ਕਰ ਦਿੱਤਾ।
ਪਰਿਵਾਰ ਮੁਤਾਬਕ ਬੰਟੀ ਨੇ ਮਿੱਤਲ ਨਾਮ ਦੇ ਸਖ਼ਸ਼ ਤੋਂ ਵਿਆਜ 'ਤੇ ਪੈਸੇ ਲਏ ਸਨ ਪਰ ਰਾਜੂ ਅਤੇ ਹੋਰ ਉਸ ਨੂੰ ਮਿੱਤਲ ਤੋਂ ਪੈਸੇ ਲੈਣ ਤੋਂ ਰੋਕਦੇ ਸਨ। ਗੁਰੀ ਦੀ ਮਾਤਾ ਨੇ ਦੱਸਿਆ ਕਿ ਉਸ ਵੇਲੇ ਜੇਲ੍ਹ ਵਿਚੋਂ ਕਾਲੀ ਸ਼ੂਟਰ ਵਲੋਂ ਫੋਨ ਕਰ ਕੇ ਬੰਟੀ ਅਤੇ ਉਸ ਦੇ ਪਰਿਵਾਰ ਨੂੰ ਧਮਕੀਆਂ ਵੀ ਦਿਤੀਆਂ ਗਈਆਂ ਸਨ ਕਿ ਜੇਕਰ ਉਸ ਨੇ ਮਿੱਤਲ ਤੋਂ ਪੈਸੇ ਲਏ ਤਾਂ ਉਹ ਬੰਟੀ ਨੂੰ ਜਾਨ ਤੋਂ ਮਾਰ ਦੇਣਗੇ। ਉਨ੍ਹਾਂ ਦੱਸਿਆ ਕਿ ਉਸ ਵੇਲੇ ਦਰਜ ਕਰਵਾਏ ਮਾਮਲੇ ਵਿਚ ਰਾਜੂ ਸਮੇਤ ਉਸ ਦੇ ਭਰਾ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।
ਮੁਲਜ਼ਮਾਂ ਕੋਲੋਂ ਪਿਸਤੌਲ, ਕਾਰਤੂਸ ਤੇ ਇੱਕ ਗੱਡੀ ਬਰਾਮਦ : ਐਸ.ਐਸ.ਪੀ. ਸੰਦੀਪ ਗਰਗ
ਫੜੇ ਗਏ ਮੁਲਜ਼ਮਾਂ ਦਾ ਭੂਪੀ ਰਾਣਾ ਗੈਂਗ ਨਾਲ ਸਬੰਧ
ਇਸ ਬਾਰੇ ਜਾਣਕਾਰੀ ਦਿੰਦਿਆਂ ਮੋਹਾਲੀ ਦੇ ਐਸ.ਐਸ.ਪੀ. ਸੰਦੀਪ ਗਰਗ ਨੇ ਦੱਸਿਆ ਕਿ ਨੌਜਵਾਨ ਦੀਆਂ ਉਂਗਲਾਂ ਵੱਢਣ ਦੇ ਮਾਮਲੇ ਵਿਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਗੌਰਵ ਉਰਫ਼ ਗੁਰੀ ਦੇ ਪੱਟ ਵਿਚ ਗੋਲੀ ਲੱਗੀ ਹੈ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ 9 ਐਮ.ਐਮ. ਦਾ ਪਿਸਤੌਲ, ਤਿੰਨ ਖਾਲੀ ਅਤੇ ਇੱਕ ਜ਼ਿੰਦਾ ਕਾਰਤੂਸ ਸਮੇਤ ਵਾਰਦਾਤ ਮੌਕੇ ਵਰਤੀ ਗਈ ਸਵਿਫਟ ਗੱਡੀ ਵੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਵਿਚ ਇਨ੍ਹਾਂ ਦਾ ਸਬੰਧ ਭੂਪੀ ਰਾਣਾ ਗੈਂਗ ਨਾਲ ਸਾਹਮਣੇ ਆਇਆ ਹੈ, ਫਿਲਹਾਲ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।