
ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਸਥਿਤ ਨੈਸ਼ਨਲ ਕਾਲਜ ਉਸ ਸਮੇਂ ਵਿਵਾਦਾਂ ਵਿਚ ਆ ਗਿਆ, ਜਦੋਂ ਇੱਥੇ ਇਕ...
ਮਾਨਸਾ : ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਸਥਿਤ ਨੈਸ਼ਨਲ ਕਾਲਜ ਉਸ ਸਮੇਂ ਵਿਵਾਦਾਂ ਵਿਚ ਆ ਗਿਆ, ਜਦੋਂ ਇੱਥੇ ਇਕ ਗਰਲਸ ਹੋਸਟਲ ਵਿਚੋਂ ਹਰੀ ਪੋਸਤ ਦੀ ਪੂਰੀ 30 ਕਿੱਲੋ ਦੀ ਖੇਪ ਬਰਾਮਦ ਕੀਤੀ ਗਈ ਹੈ। ਦਰਅਸਲ ਕਿਸੇ ਨੇ ਇੱਥੇ ਅਫ਼ੀਮ ਦੀ ਫ਼ਸਲ ਖੜੀ ਵੇਖੀ ਤਾਂ ਪੁਲਿਸ ਨੂੰ ਸੂਚਨਾ ਦੇ ਦਿਤੀ। ਇਸ ਤੋਂ ਬਾਅਦ ਪੁਲਿਸ ਨੇ ਨਾ ਸਿਰਫ਼ ਮੌਕੇ ਉਤੇ ਪਹੁੰਚ ਕੇ ਹਰੀ ਪੋਸਤ ਬਰਾਮਦ ਕੀਤੀ, ਸਗੋਂ ਕਾਲਜ ਦੇ ਪ੍ਰਿੰਸੀਪਲ ਦੇ ਵਿਰੁਧ ਮਾਮਲਾ ਵੀ ਦਰਜ ਕਰ ਲਿਆ ਹੈ।
ਭੀਖੀ ਪੁਲਿਸ ਦੇ ਇਨਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਭੀਖੀ ਸਥਿਤ ਨੈਸ਼ਨਲ ਕਾਲਜ ਦੇ ਗਰਲਸ ਹੋਸਟਲ ਵਿਚ ਰੇਡ ਕੀਤੀ ਗਈ ਤਾਂ ਉਥੇ ਪੋਸਤ ਬੀਜੀ ਹੋਈ ਪਾਈ ਗਈ। ਇਸ ਤੋਂ ਬਾਅਦ ਹਰੀ ਪੋਸਤ ਦੀ ਪੂਰੀ 30 ਕਿੱਲੋ ਦੀ ਖੇਪ ਬਰਾਮਦ ਕਰਦੇ ਹੋਏ ਕਾਲਜ ਪ੍ਰਿੰਸੀਪਲ ਸਤਿੰਦਰਪਾਲ ਸਿੰਘ ਦੇ ਵਿਰੁਧ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਕਾਲਜ ਪ੍ਰਿੰਸੀਪਲ ਸਤਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਕੋਈ ਰਹਿੰਦਾ ਨਾ ਹੋਣ ਦੇ ਕਾਰਨ ਕਾਲਜ ਦੇ ਹੋਸਟਲ ਦਾ ਏਰੀਆ ਸੁੰਨਸਾਨ ਪਿਆ ਰਹਿੰਦਾ ਹੈ। ਅਜਿਹੇ ਵਿਚ ਉਨ੍ਹਾਂ ਨੂੰ ਹੋਸਟਲ ਵਿਚ ਹਰੀ ਪੋਸਤ ਬੀਜੀ ਹੋਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਦੂਜੇ ਪਾਸੇ ਕਾਲਜ ਕਮੇਟੀ ਦੇ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਕਿਹਾ ਕਿ ਕਿਸੇ ਸਾਜਿਸ਼ ਦੇ ਤਹਿਤ ਕਾਲਜ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਅਜਿਹੀ ਕੋਈ ਗੱਲ ਨਹੀਂ ਹੈ।