
ਤਿਉਹਾਰਾਂ ਨੂੰ ਲੈ ਕੇ ਸਖ਼ਤ ਹੋਇਆ ਕੇਂਦਰ, ਜਾਰੀ ਕੀਤੀਆਂ ਨਵੀਆਂ ਹਦਾਇਤਾਂ
ਜਨਤਕ ਪ੍ਰੋਗਰਾਮਾਂ 'ਤੇ ਪਾਬੰਦੀ ਜਾਂ ਗਿਣਤੀ ਸੀਮਤ ਕਰਨ ਸੂਬੇ
ਨਵੀਂ ਦਿੱਲੀ, 24 ਮਾਰਚ : ਦੇਸ਼ ਦੇ ਕੁੱਝ ਹਿੱਸਿਆਂ 'ਚ ਕੋਵਿਡ 19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਬੁਧਵਾਰ ਨੂੰ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਨੂੰ ਆਗਾਮੀ ਤਿਉਹਾਰਾਂ ਦੌਰਾਨ ਜਨਤਕ ਪ੍ਰੋਗਰਾਮਾਂ 'ਤੇ ਸਥਾਨਕ ਪੱਧਰ 'ਤੇ ਪਾਬੰਦੀ ਜਾਂ ਲੋਕਾਂ ਦੇ ਵੱਡੇ ਪੱਧਰ 'ਤੇ ਇਕੱਠੇ ਹੋਣ ਤੋਂ ਰੋਕਣ 'ਤੇ ਵਿਚਾਰ ਕਰਨ ਨੂੰ ਕਿਹਾ ਹੈ ਤਾਕਿ ਮਹਾਂਮਾਰੀ ਨੂੰ ਪ੍ਰਭਾਵੀ ਢੰਗ ਨਾਲ ਰੋਕਿਆ ਜਾ ਸਕੇ |
ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨੂੰ ਅਲਰਟ ਰਹਿਣ ਲਈ ਕਿਹਾ ਹੈ | ਸਿਹਤ ਮੰਤਰਾਲਾ ਨੇ ਹੋਲੀ, ਈਦ, ਸ਼ਬ-ਏ-ਬਾਰਾਤ ਅਤੇ ਈਸਟਰ 'ਤੇ ਭੀੜ ਨੂੰ ਰੋਕਣ ਦਾ ਨਿਰਦੇਸ਼ ਦਿਤਾ ਹੈ | ਮਹਾਰਾਸ਼ਟਰ, ਪੰਜਾਬ, ਕਰਨਾਟਕ, ਛੱਤੀਸਗੜ੍ਹ ਅਤੇ ਗੁਜਰਾਤ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ |
ਕੇਂਦਰੀ ਸਿਹਤ ਸੇਵਾਵਾਂ ਸਕੱਤਰ ਨੇ ਸੂਬਿਆਂ ਅਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਚਿੱਠੀ ਲਿਖੀ ਹੈ | ਉਨ੍ਹਾਂ ਕਿਹਾਂ ਕਿ ਹੋਲੀ, ਸ਼ਬ ਏ ਬਾਰਾਤ, ਬਿਹੂ, ਈਸਟਰ ਅਤੇ ਈਦ ਉਲ ਫਿਤਰ ਮੌਕੇ ਜਨਤਕ ਥਾਵਾਂ 'ਤੇ ਭੀੜ ਰੋਕਣ ਲਈ ਸਥਾਨਕ ਪੱਧਰ 'ਤੇ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ |
ਉਥੇ ਗੁਜਰਾਤ ਸਰਕਾਰ ਨੇ ਹੋਲੀ ਨੂੰ ਲੈ ਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ | ਸਰਕਾਰ ਨੇ ਕਿਹਾ ਕਿ ਹੋਲੀ ਵਾਲੇ ਦਿਨ ਜਨਤਕ ਸਮਾਗਮਾਂ ਅਤੇ ਭੀੜ ਵਾਲੇ ਪ੍ਰੋਗਰਾਮਾਂ ਦੀ ਇਜਾਜ਼ਤ ਨਹੀਂ ਹੋਵੇਗੀ | ਇਸ ਤੋਂ ਇਲਾਵਾ ਕੋਰੋਨਾ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਵੀ ਸੂਬੇ ਦੇ ਦੋ ਜ਼ਿਲਿ੍ਹਆਂ ਨਾਂਦੇੜ ਅਤੇ ਬੀਡ ਵਿਚ ਅੱਜ ਰਾਤ 12 ਵਜੇ ਤੋਂ 4 ਅਪ੍ਰੈਲ ਤਕ ਲਾਕਡਾਊਨ ਐਲਾਨ ਕੀਤਾ ਗਿਆ ਹੈ | ਜ਼ਰੂਰੀ ਸਾਮਾਨਾਂ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤਕ ਖੁੱਲ੍ਹਣਗੀਆਂ | (ਪੀਟੀਆਈ)
image