
ਪੰਜਾਬੀ ਦੇ ਸੀਨੀਅਰ ਪੱਤਰਕਾਰ, ਲੇਖਕ ਅਤੇ ਕਵੀ ਮਨਜੀਤ ਸਿੰਘ ਇਬਲੀਸ ਵੀਰਵਾਰ...
ਜਲੰਧਰ: ਪੰਜਾਬੀ ਦੇ ਸੀਨੀਅਰ ਪੱਤਰਕਾਰ, ਲੇਖਕ ਅਤੇ ਕਵੀ ਮਨਜੀਤ ਸਿੰਘ ਇਬਲੀਸ ਵੀਰਵਾਰ ਬਾਅਦ ਦੁਪਹਿਰ ਨੂੰ ਅਚਾਨਕ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਸ੍ਰੀ ਇਬਲੀਸ ਦੇ ਇਸ ਅਚਾਨਕ ਵਿਛੋੜੇ ’ਤੇ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਬਲਕਿ ਪੰਜਾਬੀ ਪੱਤਰਕਾਰੀ ਨੂੰ ਵੀ ਉਨ੍ਹਾਂ ਦੀ ਘਾਟ ਰੜਕਦੀ ਰਹੇਗੀ।
ਪੱਤਰਕਾਰੀ ਦੇ ਖੇਤਰ ਤੋਂ ਇਲਾਵਾ ਉਨ੍ਹਾਂ ਨੂੰ ਸਾਹਿਤਕ, ਸਮਾਜਿਕ, ਸਿਆਸੀ ਤੇ ਧਾਰਮਕ ਮਾਮਲਿਆਂ ਦੀ ਡੂੰਘੀ ਸਮਝ ਸੀ। ਸਾਹਿਤਕ ਖੇਤਰ ਵਿਚ ਉਨ੍ਹਾਂ ਦਾ ਜਾਣਿਆ ਪਛਾਣਿਆ ਨਾਂਅ ਸੀ। ਉਨ੍ਹਾਂ ਅਪਣਾ ਸਾਹਿਤਕ ਸਫ਼ਰ ਨਾਗਮਣੀ ਤੋਂ ਸ਼ੁਰੂ ਕੀਤਾ। ਉਨ੍ਹਾਂ ਦੀਆਂ ਰਚਨਾਵਾਂ ਵੱਖ-ਵੱਖ ਮੈਗਜ਼ੀਨਾਂ, ਅਖਬਾਰਾਂ, ਰਸਾਲਿਆਂ ’ਚ ਪ੍ਰਕਾਸ਼ਿਤ ਹੋਈਆਂ। ਇਸ ਤੋਂ ਇਲਾਵਾ ਉਹ ਵੱਖ-ਵੱਖ ਅਖਬਾਰਾਂ ਲਈ ਪੱਤਰਕਾਰੀ ਵੀ ਕਰਦੇ ਰਹੇ।
ਉਨ੍ਹਾਂ ਇਕ ਪੁਸਤਕ ਵੀ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈ ਅਤੇ ਦੂਜੀ ਦੀ ਤਿਆਰੀ ’ਚ ਇਨੀਂ ਦਿਨੀਂ ਰੁਝੇ ਹੋਏ ਸਨ। ਸਿਰਜਣਾ ਕੇਂਦਰ ਕਪੂਰਥਲਾ ਅਤੇ ਹੋਰ ਸਾਹਿਤਕ ਸੰਸਥਾਵਾਂ ਨਾਲ ਉਹ ਲੰਬੇ ਅਰਸੇ ਤੋਂ ਜੁੜੇ ਹੋਏ ਸਨ। ਕਪੂਰਥਲਾ ਸ਼ਹਿਰ ਦੇ ਇਤਿਹਾਸ ਬਾਰੇ ਉਨ੍ਹਾਂ ਇਕ ਲੰਬਾ ਅਤੇ ਖੋਜ ਭਰਪੂਰ ਕੰਮ ਕੀਤਾ ਹੋਇਆ ਸੀ।