
Colonel Bath case : ਹਾਈਕੋਰਟ ਨੇ 2 ਦਿਨਾਂ 'ਚ ਮੰਗਿਆ ਸਪੱਸ਼ਟੀਕਰਨ
Colonel Bath case, hearing in High Court, police under questioning Latest news in Punjabi : ਪੁਲਿਸ ਵਲੋਂ ਕਰਨਲ ਬਾਠ ਨਾਲ ਕੁੱਟਮਾਰ ਦਾ ਮਾਮਲਾ ਅੱਜ ਕੋਰਟ ’ਚ ਸੁਣਵਾਈ ਸੀ। ਜਿਸ ਦੇ ਤਹਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਫ਼ੌਜ ਦੇ ਕਰਨਲ ਬਾਠ 'ਤੇ ਹਮਲੇ ਵਿਚ ਐਫ਼ਆਈਆਰ ਦਰਜ ਕਰਨ ਵਿਚ ਦੇਰੀ ਸਮੇਤ ਵੱਖ-ਵੱਖ ਮੁੱਦਿਆਂ 'ਤੇ ਸਪੱਸ਼ਟੀਕਰਨ ਦੇਣ ਲਈ ਦੋ ਦਿਨਾਂ ਦਾ ਸਮਾਂ ਦਿਤਾ ਹੈ।
ਜਸਟਿਸ ਸੰਦੀਪ ਮੌਦਗਿਲ ਦੀ ਬੈਂਚ ਨੇ ਇਸ ਮਾਮਲੇ ਵਿਚ ਸੀਬੀਆਈ ਅਤੇ ਰਾਜ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਨਾਲ ਹੀ, ਅਦਾਲਤ ਨੇ ਸਰਕਾਰ ਤੋਂ ਪੁੱਛਿਆ ਹੈ ਕਿ ਇਕ ਪੁਲਿਸ ਅਧਿਕਾਰੀ ਦੁਆਰਾ ਦਾਇਰ ਸ਼ਿਕਾਇਤ 'ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ, ਜਿਸ ਵਿਚ ਉਸ ਨੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਸੀ।
ਸੁਣਵਾਈ ਦੌਰਾਨ, ਅਦਾਲਤ ਨੇ ਇਸ ਮਾਮਲੇ ਵਿਚ ਪੰਜਾਬ ਪੁਲਿਸ ਦੇ ਆਚਰਣ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਤੁਹਾਨੂੰ ਆਮ ਜਨਤਾ ਜਾਂ ਫ਼ੌਜੀ ਅਧਿਕਾਰੀ ਨਾਲ ਕੁੱਟਮਾਰ ਦਾ ਅਧਿਕਾਰ ਕਿਸ ਨੇ ਦਿਤਾ ਤੇ ਜੇ ਪੁਲਿਸ ਵਾਲੇ ਸਹੀ ਹਨ ਤਾਂ ਉਹ ਮੌਕੇ ਤੋਂ ਕਿਉਂ ਭੱਜੇ।
ਇਸ ਦੇ ਨਾਲ ਹੀ ਜਾਂਚ CBI ਨਾ ਸੌਂਪਣ ਸਬੰਧੀ ਤੇ ਕਰਨਲ ਬਾਠ ਦੇ ਫ਼ੋਨ ਕਾਲ ਦੇ ਬਾਵਜੂਦ ਇਸ ਮਾਮਲੇ ਵਿਚ ਐਫ਼ਆਈਆਰ ਦਰਜ ਨਾ ਕਰਨ ਵਾਲੇ ਅਧਿਕਾਰੀ ਦਾ ਨਾਮ ਦਸਣ ਲਈ ਅਦਾਲਤ ਨੇ 2 ਦਿਨਾਂ 'ਚ ਸਪੱਸ਼ਟੀਕਰਨ ਮੰਗਿਆ ਹੈ।
ਇਸ ਦੇ ਨਾਲ ਹੀ ਇਸ ਮਾਮਲੇ ’ਚ ਕਰਨਲ ਬਾਠ ਦੇ ਵਕੀਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ‘ਸਾਨੂੰ ਅਦਾਲਤ ਦੇ ਨਿਆਂ ’ਤੇ ਪੂਰਾ ਭਰੋਸਾ ਹੈ। ਅਦਾਲਤ ਦਾ ਜੋ ਵੀ ਫ਼ੈਸਲਾ ਹੋਵੇਗਾ ਉਹ ਸਾਨੂੰ ਮਨਜੂਰ ਹੋਵੇਗਾ।’ ਇਸ ਦੇ ਨਾਲ ਹੀ ਉਨ੍ਹਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।