
ਮੁੱਖ ਮੰਤਰੀ ਨੇ ਡਾ. ਅਮਰ ਸਿੰਘ ਦੇ ਹੱਕ 'ਚ ਕੀਤਾ ਵੱਡੇ ਇਕੱਠ ਨੂੰ ਸੰਬੋਧਨ
ਸ੍ਰੀ ਫ਼ਤਿਹਗੜ੍ਹ ਸਾਹਿਬ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਦੇ ਕਾਗ਼ਜ਼ ਦਾਖ਼ਲ ਕੀਤੇ। ਇਸਤੋਂ ਬਾਅਦ ਉਨ੍ਹਾਂ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੋਈ ਇਕ ਵੱਡੀ ਜਨਤਕ ਰੈਲੀ ਨੂੰ ਸੰਬੋਧਨ ਕੀਤਾ ਜਿਸ ਵਿਚ ਹਲਕੇ ਦੇ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਜਦੋਂ ਅਕਾਲੀ ਦਲ ਹੋਂਦ ਵਿਚ ਆਇਆ ਸੀ ਤਾਂ ਉਸ ਵਕਤ ਇਸ ਜੁਝਾਰੂ ਜਮਾਤ ਨੇ ਮਸੰਦਾਂ ਕੋਲੋਂ ਸਿੱਖਾਂ ਦੇ ਗੁਰੂ ਘਰ ਛੁਡਵਾਏ ਸਨ ਪ੍ਰੰਤੂ ਅੱਜ ਅਕਾਲੀ ਦਲ (ਬਾਦਲ) ਗੁਰੂ ਘਰਾਂ ਨੂੰ ਨਿੱਜਤਾ ਲਈ ਵਰਤ ਰਿਹਾ ਹੈ ਜਿੰਨਾਂ ਤੋਂ ਗੁਰੂ ਘਰਾਂ ਨੂੰ ਛੁਡਵਾਉਣਾ ਅੱਜ ਸਮੇਂ ਦੀ ਮੰਗ ਹੈ।
Rally in Fatehgarh Sahib
ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਰਵਉੱਚ ਤਖ਼ਤ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿਚ ਖੇਡ ਰਿਹਾ ਹੈ ਜੋ ਕਿ ਅਪਣੀ ਮਰਜ਼ੀ ਨਾਲ ਅਕਾਲ ਤਖ਼ਤ ਦੇ ਫ਼ੈਸਲੇ ਲੈਂਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਨੂੰ ਘੇਰਦਿਆ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ ਸਰਕਾਰ ਨੇ ਸੂਬੇ ਨੂੰ ਪੂਰੇ 10 ਸਾਲ ਲੁੱਟਿਆ ਹੈ ਜਿਹੜੇ ਕਿ ਸਭ ਤੋਂ ਵੱਡੇ ਲੁਟੇਰੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਬਰਗਾੜੀ ਕਾਂਡ, ਬਹਿਬਲ ਕਲਾ ਕਾਂਡ ਅਤੇ ਕੋਟਕਪੂਰਾ ਕਾਂਡ ਵਾਪਰਿਆ ਜਿਸ ਨੇ ਸਿੱਖਾਂ ਦੇ ਮਨਾਂ ਨੂੰ ਵਲੂੰਧਰਕੇ ਰੱਖ ਦਿਤਾ। ਅਕਾਲੀ ਰਾਜ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਕੁਰਾਨ ਸਰੀਫ਼ ਨੂੰ ਸਾੜਿਆ ਗਿਆ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਅਕਾਲੀ ਰਾਜ ਵਿਚ ਹੀ ਕਿਉਂ ਹੋਇਆ। ਉਨ੍ਹਾਂ ਆਖਿਆ ਕਿ ਵੱਖ-ਵੱਖ ਜਾਂਚ ਏਜੰਸੀਆਂ ਦੀ ਸਮੇਂ-ਸਮੇਂ ਦੀ ਜਾਂਚ ਤੋਂ ਬਾਅਦ ਅਕਾਲੀ ਦਲ ਅਪਣੇ ਰਾਜ ਵਿਚ ਹੋਏ ਕਾਂਡਾਂ ਵਿਚ ਘਿਰਦਾ ਜਾ ਰਿਹਾ ਹੈ ਕਿਉਂਕਿ ਇਹ ਇਨ੍ਹਾਂ ਦੀ ਮਿਲੀਭੁਗਤ ਸੀ।
Rally in Fatehgarh Sahib
ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਦੀ ਹਮਾਇਤ ਕਰਨ ਤਾਂ ਜੋਂ ਉਹ ਬਤੌਰ ਐਮ.ਪੀ ਅਪਣੇ ਹਲਕੇ ਲਈ ਕੇਂਦਰ ਤੋਂ ਵੱਡੇ ਪ੍ਰਾਜੈਕਟ ਲੈ ਕੇ ਆ ਸਕਣ। ਉਧਰ ਡਾ. ਅਮਰ ਸਿੰਘ ਨੇ ਠਾਠਾਂ ਮਾਰਦੇ ਇਕੱਠ ਉਤੇ ਖ਼ੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਅੱਜ ਵੱਡੀ ਗਿਣਤੀ ਵਿਚ ਜੁੜੇ ਆਮ ਲੋਕਾਂ ਨੇ ਉਨ੍ਹਾਂ ਦੀ ਜਿੱਤ ਯਕੀਨੀ ਬਣਾ ਦਿਤੀ ਹੈ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਉਹ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੰਦੇਂ ਹਨ ਤਾਂ ਉਹ ਹਲਕੇ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
Rally in Fatehgarh Sahib
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਕੌਰ, ਕਮਲ ਬੋਪਾਰਾਏ, ਵਿਧਾਇਕ ਕੁਲਜੀਤ ਨਾਗਰਾ, ਵਿਧਾਇਕ ਸੁਰਜੀਤ ਸਿੰਘ ਧੀਮਾਨ, ਵਿਧਾਇਕ ਕਾਕਾ ਰਣਦੀਪ ਸਿੰਘ, ਵਿਧਾਇਕ ਲਖਵੀਰ ਸਿੰਘ ਲੱਖਾ, ਸਤਵਿੰਦਰ ਕੌਰ ਬਿੱਟੀ , ਵਿਧਾਇਕ ਅਮਰੀਕ ਸਿੰਘ ਢਿੱਲੋਂ, ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ, ਕਮਲਜੀਤ ਸਿੰਘ ਢਿੱਲੋਂ, ਕਸਤੂਰੀ ਲਾਲ, ਅਜਮੇਰ ਸਿੰਘ ਪੁਰਬਾ, ਸੁਖਬੀਰ ਸਿੰਘ ਪੱਪੀ, ਡਾ. ਦੀਪਕ ਜੋਤੀ ਸੈਕਟਰੀ, ਪਰਮਿੰਦਰ ਸਿੰਘ ਨੋਨੀ, ਨੀਲਮ ਰਾਣੀ, ਮਨਜੀਤ ਸਿੰਘ, ਮਨਪ੍ਰੀਤ ਕੌਰ ਯੂਥ ਆਗੂ, ਮਲਕੀਅਤ ਕੌਰ, ਅਮਨਦੀਪ ਕੌਰ, ਹੁਸ਼ਨ ਲਾਲ, ਦਵਿੰਦਰ ਸਿੰਘ ਬਾਠ ਬਲਾਕ ਪ੍ਰਧਾਨ, ਗੁਰਿੰਦਰਪਾਲ ਸਿੰਘ ਯੂਥ ਆਗੂ, ਸੁਦਰਸ਼ਨ ਜੋਸ਼ੀ, ਸੁਖਪਾਲ ਸਿੰਘ ਸੁੱਖਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਆਗੂ ਹਾਜਰ ਸਨ।