
ਪ੍ਰੈੱਸ ਕਾਨਫ਼ਰੰਸ ਦੌਰਾਨ ਖਹਿਰਾ ਨੇ ਕਿਹਾ ਕਿ ਭੁਲੱਥ ਹਲਕੇ ਦੇ ਲੋਕਾਂ ਨਾਲ ਸਲਾਹ ਕਰਨ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਦੇ ਸਪੀਕਰ ਨੂੰ ਵਿਧਾਇਕੀ ਅਹੁਦੇ ਤੋਂ ਅਸਤੀਫ਼ਾ ਭੇਜਿਆ
ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਬਠਿੰਡਾ ਲੋਕਸਭਾ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਹਲਕਾ ਭੁਲੱਥ ਤੋਂ ਵਿਧਾਇਕੀ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਤਰਨਤਾਰਨ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਖਹਿਰਾ ਨੇ ਕਿਹਾ ਕਿ ਭੁਲੱਥ ਹਲਕੇ ਦੇ ਲੋਕਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਦੇ ਸਪੀਕਰ ਨੂੰ ਵਿਧਾਇਕੀ ਅਹੁਦੇ ਤੋਂ ਅਸਤੀਫ਼ਾ ਭੇਜ ਦਿਤਾ ਹੈ।
Sukhpal Khaira
ਇਸ ਦੌਰਾਨ ਉਨ੍ਹਾਂ ਕਿਹਾ ਕਿ ਲੋਕਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੀ ਲੋਕਾਂ ਨੇ ਆਵਾਜ਼ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬੀਬੀ ਖਾਲੜਾ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦੇਣਗੇ।
Bibi Paramjit Kaur Khalra
ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਪਰ ਪਾਰਟੀ ਨਾਲ ਛਿੜੀ ਖਿੱਚੋਤਾਣ ਤੋਂ ਬਾਅਦ ਉਨ੍ਹਾਂ ਉਤੇ ਅਸਤੀਫ਼ਾ ਦੇਣ ਦਾ ਦਬਾਅ ਵਧਿਆ ਸੀ। ਆਮ ਆਦਮੀ ਪਾਰਟੀ ਨੇ ਇਸ ਸਬੰਧੀ ਸਪੀਕਰ ਨੂੰ ਮੰਗ ਪੱਤਰ ਵੀ ਦਿਤਾ ਸੀ ਤੇ ਕਿਹਾ ਸੀ ਕਿ ਖਹਿਰਾ ਹੁਣ ਉਨ੍ਹਾਂ ਦੀ ਪਾਰਟੀ ਦਾ ਹਿੱਸਾ ਨਹੀਂ ਰਹੇ, ਇਸ ਲ਼ਈ ਉਹ ਵਿਧਾਇਕੀ ਦੇ ਹੱਕਦਾਰ ਨਹੀਂ ਹਨ।