
ਆਏ ਦਿਨ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਖ਼ਬਰਾਂ ਆ ਰਹੀਆਂ ਹਨ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀਆਂ।
ਪੰਜਾਬ: ਕਪੂਰਥਲਾ ਦੇ ਖੇਤਾਂ ਲਿਚ ਬਿਜਲੀ ਦੀਆਂ ਢਿੱਲੀਆਂ ਤਾਰਾਂ ਅਤੇ ਟਰਾਂਸਫਾਰਮਰਾਂ ਵਿਚ ਹੋ ਰਹੀ ਸਪਾਰਕਿੰਗ ਜਿੱਥੇ ਬਿਜਲੀ ਮਹਿਕਮੇ ਦੀ ਲਾਪ੍ਰਵਾਹੀ ਨੂੰ ਦਰਸਾਉਂਦੀਆਂ ਹਨ ਉਥੇ ਹੀ ਕਿਸੇ ਵੱਡੇ ਹਾਦਸੇ ਦਾ ਸੰਕੇਤ ਵੀ ਦੇ ਰਹੀਆਂ ਹਨ। ਇਨ੍ਹਾਂ ਢਿੱਲੀਆਂ ਤਾਰਾਂ ਦੇ ਹੇਠਾਂ ਪੱਕੀ ਕਣਕ ਦੀ ਫ਼ਸਲ ਕਿਸੇ ਵੇਲੇ ਵੀ ਰਾਖ਼ ਦੀ ਢੇਰੀ ਵਿਚ ਤਬਦੀਲ ਹੋ ਸਕਦੀ ਹੈ। ਕਣਕ ਨੂੰ ਅੱਗ ਲੱਗਣ ਦੀਆਂ ਜ਼ਿਆਦਾਤਰ ਘਟਨਾਵਾਂ ਇਨ੍ਹਾਂ ਕਾਰਨਾਂ ਕਰਕੇ ਹੀ ਵਾਪਰ ਰਹੀਆਂ ਹਨ।
Electricity wires
ਆਏ ਦਿਨ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਖ਼ਬਰਾਂ ਆ ਰਹੀਆਂ ਹਨ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਕਿਸਾਨਾ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਹਰ ਰੋਜ਼ ਸੜ ਕੇ ਸੁਆਹ ਹੋ ਰਹੀ ਹੈ ਅਤੇ ਪਹਿਲਾਂ ਹੀ ਆਰਥਿਕ ਮੰਦਹਾਲੀ ਵਿਚੋਂ ਗੁਜ਼ਰ ਰਹੇ ਪੰਜਾਬ ਦੇ ਅੰਨਦਾਤੇ ਲਈ ਖ਼ੁਦਕੁਸ਼ੀਆਂ ਕਰਨ ਦੇ ਹੋਰ ਹਾਲਾਤ ਪੈਦਾ ਹੋ ਰਹੇ ਹਨ। ਭਾਵੇਂ ਕਿ ਸਰਕਾਰ ਵੱਲੋਂ ਪੀੜਤ ਕਿਸਾਨਾਂ ਨੂੰ ਆਰਥਿਕ ਮੁਆਵਜ਼ੇ ਦੇ ਨਾਂ 'ਤੇ ਨਿਗੂਣੀ ਜਿਹੀ ਰਾਸ਼ੀ ਦੇ ਕੇ ਚੁੱਪ ਤਾਂ ਕਰਵਾ ਦਿੱਤਾ ਜਾਂਦਾ ਹੈ ਪਰ ਅਫ਼ਸੋਸ ਕਿ ਅੱਗ ਲੱਗਣ ਦੇ ਕਾਰਨਾਂ ਵੱਲ ਕਦੇ ਵੀ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਕਾਰਨ ਫ਼ਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਬਾਦਸਤੂਰ ਜਾਰੀ ਹਨ।
Electricity wires
ਬਿਜਲੀ ਦੀਆਂ ਢਿੱਲੀਆਂ ਤਾਰਾਂ ਤੇਜ਼ ਹਵਾ ਵਗਣ ਕਾਰਨ ਕਦੇ ਵੀ ਆਪਸ ਵਿਚ ਜੁੜ ਸਕਦੀਆਂ ਹਨ ਜਿਸ ਨਾਲ ਤਾਰਾਂ ਦੇ ਹੇਠਾਂ ਖੜ੍ਹੀ ਕਣਕ ਦੀ ਫ਼ਸਲ ਅੱਗ ਦੀ ਲਪੇਟ ਵਿਚ ਆ ਸਕਦੀ ਹੈ। ਬਿਜਲੀ ਬੋਰਡ ਅਜਿਹੀਆਂ ਘਟਨਾਵਾਂ ਤੋਂ ਡਰਦਾ ਸਪਲਾਈ ਬੰਦ ਕਰਕੇ ਆਪਣੇ ਆਪ ਨੂੰ ਜ਼ਿੰਮੇਵਾਰੀ ਤੋਂ ਸੁਰਖਰੂ ਸਮਝਦਾ ਹੈ। ਕੁੱਝ ਥਾਵਾਂ 'ਤੇ ਕਿਸਾਨ ਖ਼ੁਦ ਵੀ ਅਜਿਹੇ ਹਲਾਤ ਪੈਦਾ ਕਰ ਰਿਹਾ ਹੈ। ਟਰੈਕਟਰ ਜਾਂ ਰੀਪਰ ਦੇ ਘਸੇ ਪੁਰਾਣੇ ਕੁਲਪੁਰਜ਼ਿਆਂ ਦੀ ਰਗੜ ਕਾਰਨ ਨਿਕਲੀ ਅੱਗ ਦੀ ਚੰਗਿਆੜੀ ਵੀ ਫ਼ਸਲਾਂ ਨੂੰ ਅੱਗ ਲੱਗਣ ਦਾ ਕਾਰਨ ਬਣ ਰਹੀ ਹੈ। ਜਦੋਂ ਤਕ ਅੱਗ ਲੱਗਣ ਦੇ ਕਾਰਨਾਂ ਨੂੰ ਖ਼ਤਮ ਨਹੀਂ ਕੀਤਾ ਜਾਂਦਾ, ਉਦੋਂ ਤਕ ਫ਼ਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਨਹੀਂ ਰੋਕਿਆ ਜਾ ਸਕਦਾ।