
ਪਿੰਡ ਸਲੇਮਪੁਰ ਸੇਖਾਂ ਦੇ 10 ਵਸਨੀਕਾਂ ਨੂੰ ਘਰ 'ਚ ਕੀਤਾ ਇਕਾਂਤਵਾਸ
ਘਨੌਰ 24 ਅਪ੍ਰੈਲ (ਸੁਖਦੇਵ ਸੁੱਖੀ) ਲੰਘੇ ਦਿਨੀਂ ਰਾਜਪੁਰਾ ਵਿਖੇ ਮਿਲੇ ਕੋਰੋਨਾ ਪਾਜ਼ੇਟਿਵ ਮਹਿਕਪ੍ਰੀਤ ਸਿੰਘ ਨਾਲ ਸਬੰਧਤ 10 ਪਰਵਾਰਕ ਮੈਂਬਰਾਂ ਨੂੰ ਘਰ ਵਿਚ ਹੀ ਇਕਾਂਤਵਾਸ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਕਤ ਕੋਰੋਨਾ ਪੀੜਤ ਪੌਜ਼ੇਟਿਵ ਮਰੀਜ਼ ਜੋ ਅਪਣੀ ਭੂਆ ਕੋਲ ਰਾਜਪੁਰਾ ਵਿਖੇ ਹੀ ਰਹਿੰਦਾ ਹੈ, ਦੇ ਲੰਘੀ 22 ਅਪ੍ਰੈਲ ਨੂੰ ਪਿੰਡ ਸੈਂਟਰ ਸੇਖਾਂ ਆਉਣ ਦੀ ਜਾਣਕਾਰੀ ਹਾਸਲ ਹੋਈ ਹੈ, ਜਿਸ ਸਬੰਧੀ ਥਾਣਾ ਸ਼ੰਭੂ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੇ ਪਿੰਡ ਸਲੇਮਪੁਰ ਸੇਖਾਂ ਦੀ ਸਰਪੰਚ ਦਲਜੀਤ ਕੌਰ ਨੂੰ ਪ੍ਰਸ਼ਾਸਨਕ ਆਦੇਸ਼ ਲਾਗੂ ਕਰਵਾਉਣ ਦੀ ਹਦਾਇਤ ਦਿਤੀ।
ਇਸ ਪਿਛੋਂ ਆਸ਼ਾ ਵਰਕਰ ਬਲਜੀਤ ਕੌਰ ਆਂਗਣਵਾੜੀ ਵਰਕਰ ਮਨਪ੍ਰੀਤ ਕੌਰ ਤੇ ਗੁਰਮੀਤ ਕੌਰ ਨੇ ਸਬੰਧਤ ਘਰ ਦੇ ਬਾਹਰ ਘਰ ਵਿੱਚ ਇਕਾਂਤਵਾਸ ਦੀ ਸੂਚਨਾ ਦਾ ਇਸ਼ਤਿਹਾਰ ਲਗਾ ਦਿਤਾ। ਹਾਲਾਂਕਿ ਕਰੋਨਾ ਪਾਜ਼ੇਟਿਵ ਦੇ ਪਰਵਾਰ ਦੇ ਮੈਂਬਰਾਂ ਦਾ ਟੈਸਟ ਪਾਜ਼ੇਟਿਵ ਨੈਗੇਟਿਵ ਦੀ ਇਤਲਾਹ ਨਹੀਂ ਹਾਸਲ ਹੋਈ ਪਰ ਫਿਲਹਾਲ ਉਸ ਦੇ ਦਾਦਾ ਗੁਰਨਾਮ ਸਿੰਘ (65), ਦਾਦੀ ਸਿੰਦਰ ਕੌਰ (60), ਪਿਤਾ ਰਾਮ ਸਿੰਘ (39), ਮਾਤਾ ਸਤਪਾਲ ਕੌਰ (37), ਚਾਚਾ ਸੁਖਚੈਨ ਸਿੰਘ(38), ਚਾਚੀ ਮਨਦੀਪ ਕੌਰ (30), ਭੈਣ ਮਨਪ੍ਰੀਤ ਕੌਰ (10) ਤੇ ਦਿਲਪ੍ਰੀਤ ਕੌਰ (08) ਸਮੇਤ ਚਾਚੇ ਦੀ ਬੇਟੀ ਹਰਪ੍ਰੀਤ ਕੌਰ (03) ਤੇ ਪੁੱਤਰ ਨਮਨਪ੍ਰੀਤ ਸਿੰਘ (5 ਮਹੀਨੇ) ਨੂੰ ਘਰ ਵਿੱਚ ਹੀ ਇਕਾਂਤ ਵਾਸ ਦੇ ਦਿੱਤਾ ਹੈ। ਇਸੇ ਤਰ੍ਹਾਂ ਥਾਣਾ ਘਨੌਰ ਪੁਲਸ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਅੱਜ ਮੇਰੇ ਪ੍ਰਸ਼ਾਸਨੀ ਅਮਲੇ ਸਮੇਤ ਕਾਰਵਾਈ ਕਰਦੇ ਹੋਏ ਘਨੌਰ ਕਸਬੇ ਵਿਚ ਆਉਣ ਜਾਣ ਵਾਲੇ ਰਾਜਪੁਰਾ ਸ਼ਹਿਰ ਦੇ ਦੁਕਾਨਦਾਰ ਤੇ ਰਾਹਗੀਰਾਂ ਨੂੰ ਵੀ ਮੁਕੰਮਲ ਤੌਰ 'ਤੇ ਬੰਦ ਕਰ ਦਿਤਾ ਹੈ।