
ਲੋੜਵੰਦਾਂ ਨੂੰ ਸਮਰਪਤ ਊਬਰ ਮੈਡਿਕ
ਐਸ.ਏ.ਐਸ. ਨਗਰ, 24 ਅਪ੍ਰੈਲ (ਸੁਖਦੀਪ ਸਿੰਘ ਸੋਈ) : ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਅੱਜ ਊਬਰ ਅਸੈਂਸ਼ੀਅਲ ਅਤੇ ਊਬਰ ਮੈਡਿਕ ਤਹਿਤ ਊਬਰ ਇੰਡੀਆ ਨਾਲ ਨਾਗਰਿਕਾਂ ਲਈ ਜ਼ਰੂਰੀ ਐਮਰਜੈਂਸੀ ਆਵਾਜਾਈ ਮੁਹਈਆ ਕਰਵਾਉਣ ਅਤੇ ਸਿਹਤ ਤੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਮੁਹਰਲੀ ਕਤਾਰ ਵਿਚ ਸੇਵਾ ਨਿਭਾ ਰਹੇ ਅਧਿਕਾਰੀਆਂ ਦੀ ਵਰਤੋਂ ਲਈ 24 ਘੰਟੇ ਵਾਹਨ ਮੁਹਈਆ ਕਰਵਾਉਣ ਦੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ।
ਇਹ ਦੱਸਣਾ ਮਹੱਤਵਪੂਰਨ ਹੈ ਕਿ ਪ੍ਰਬੰਧਾਂ ਅਨੁਸਾਰ, ਊਬਰ ਅਸੈਂਸ਼ੀਅਲ ਦਿਨ-ਰਾਤ ਕਿਸੇ ਵੀ ਸਿਹਤ/ਮੈਡੀਕਲ ਐਮਰਜੈਂਸੀ ਦੌਰਾਨ ਜ਼ਿਲ੍ਹੇ ਦੇ ਅੰਦਰ ਚੱਲਣ ਲਈ 24 ਵਾਹਨ ਮੁਹਈਆ ਕਰਵਾਏਗਾ।
ਇਸ ਤੋਂ ਇਲਾਵਾ, ਊਬਰ ਮੈਡਿਕ ਸਿਹਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਫ਼ਰੰਟਲਾਈਨ ਅਧਿਕਾਰੀਆਂ ਦੀ ਵਰਤੋਂ ਲਈ 20 ਵਾਹਨ ਮੁਹਈਆ ਕਰਵਾਏਗਾ ਪਰ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹਿਲਾਂ ਤੋਂ ਲੋੜੀਂਦੇ ਵਾਹਨ ਹਨ, ਇਸ ਲਈ ਡੀ.ਸੀ. ਨੇ ਫ਼ੈਸਲਾ ਲਿਆ ਕਿ ਇਹ ਵਾਹਨ ਸਿਵਲ ਸਰਜਨ, ਮੁਹਾਲੀ ਨੂੰ ਲੋੜਵੰਦਾਂ ਦੀ ਸੇਵਾ ਲਈ ਦਿੱਤੇ ਜਾਣਗੇ। ਇਸ ਮੌਕੇ ਏਡੀਸੀ ਆਸ਼ਿਕਾ ਜੈਨ, ਆਰਟੀਏ ਸੁਖਵਿੰਦਰ ਕੁਮਾਰ ਅਤੇ ਊਬਰ ਦੇ ਨੁਮਾਇੰਦੇ ਹਾਜ਼ਰ ਸਨ।