
ਪਠਾਨਕੋਟ 'ਚ ਮਹਿਲਾ ਡਾਕਟਰ ਪਾਜ਼ੇਟਿਵ
ਪਠਾਨਕੋਟ 25 ਅਪ੍ਰੈਲ (ਤੇਜਿੰਦਰ ਸਿੰਘ) : ਅੱਜ ਜਿਲਾ ਪਠਾਨਕੋਟ ਵਿਚ ਅਮਨਦੀਪ ਹਸਪਤਾਲ ਪਠਾਨਕੋਟ ਦੀ ਇਕ 36 ਸਾਲ ਦੀ ਮਹਿਲਾ ਡਾਕਟਰ ਤਰਨਜੀਤ ਕੌਰ ਦੀ ਮੈਡੀਕਲ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਟੀਮਾਂ ਬਣਾ ਕੇ ਡਾਕਟਰ ਦੇ ਸੰਪਰਕ ਵਿਚ ਆਏ ਲੋਕਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
image
ਉਨ੍ਹਾਂ ਦਸਿਆ ਕਿ ਹੁਣ ਤਕ ਜਿਲਾ ਪਠਾਨਕੋਟ ਵਿਚ ਇਹ 25ਵਾਂ ਕਰੋਨਾ ਪਾਜ਼ੇਟਿਵ ਕੇਸ ਹੈ। ਉਨ੍ਹਾਂ ਦਸਿਆ ਕਿ ਸੁਜਾਨਪੁਰ ਨਿਵਾਸੀ ਰਾਜ ਰਾਣੀ ਜੋ ਕੋਰੋਨਾ ਪਾਜ਼ੇਟਿਵ ਸੀ, ਦੀ ਇਲਾਜ ਦੌਰਾਨ ਮੌਤ ਤੋਂ ਬਾਅਦ ਉਨ੍ਹਾਂ ਕੋਲ ਕਰੀਬ 24 ਕੇਸ ਕੋਰੋਨਾ ਪਾਜ਼ੇਟਿਵ ਸਨ, ਜਦਕਿ ਪਿਛਲੇ ਦਿਨਾਂ ਦੌਰਾਨ 5 ਲੋਕ ਜੋ ਕਰੋਨਾ ਪਾਜ਼ੇਟਿਵ ਸਨ ਉਨ੍ਹਾਂ ਦੇ ਪਹਿਲੇ ਅਤੇ ਦੂਸਰੇ ਫ਼ੇਜ਼ ਦੀ ਰੀਪੋਰਟ ਕੋਰੋਨਾ ਨੈਗੇਟਿਵ ਆਈ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਪੰਜ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਰਵਾਨਾ ਕਰ ਦਿਤਾ ਗਿਆ ਸੀ। ਇਸ ਸਮੇਂ ਜ਼ਿਲ੍ਹਾ ਪਠਾਨਕੋਟ ਵਿਚ 19 ਕੇਸ ਕੋਰੋਨਾ ਪਾਜ਼ੇਟਿਵ ਦੇ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ 19 ਲੋਕਾਂ ਵਿਚੋਂ ਪਿਛਲੇ ਦਿਨਾਂ ਵਿਚ 6 ਲੋਕਾਂ ਦੇ ਪਹਿਲੇ ਫ਼ੇਜ਼ ਦੀ ਸੈਂਪਲਿੰਗ ਕੀਤੀ ਗਈ ਸੀ ਜਿਨ੍ਹਾਂ ਵਿਚੋਂ 6 ਦੀ ਰੀਪੋਰਟ ਨੈਗੇਟਿਵ ਸੀ ਪਰ ਅੱਜ ਦੂਸਰੇ ਫ਼ੇਜ਼ ਦੀ ਰੀਪੋਰਟ ਆਉਣ ਤੋਂ ਬਾਅਦ 4 ਲੋਕਾਂ ਦੀ ਕੋਰੋਨਾ ਰੀਪੋਰਟ ਨੈਗੇਟਿਵ ਆਈ ਹੈ ਅਤੇ 2 ਲੋਕਾਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਇਸ ਤਰ੍ਹਾਂ ਹੁਣ ਜ਼ਿਲ੍ਹਾ ਪਠਾਨਕੋਟ ਵਿਚ 15 ਕੇਸ ਕੋਰੋਨਾ ਪਾਜ਼ੇਟਿਵ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਜੋ ਪਾਜ਼ੇਟਿਵ ਕੇਸ ਆਇਆ ਹੈ ਮਹਿਲਾ ਡਾਕਟਰ ਨੂੰ ਕੋਰੋਨਾ ਦੇ ਲੱਛਣ ਸਨ ਅਤੇ ਮਹਿਲਾ ਡਾਕਟਰ ਵਲੋਂ ਆਪ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਅਗਰ ਕਿਸੇ ਨੂੰ ਕੋਰੋਨਾ ਵਾਈਰਸ ਦੇ ਲੱਛਣ ਹਨ ਤਾਂ ਸਿਵਲ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਮੋਕੇ ਤੇ ਉਸ ਮਰੀਜ ਦੇ ਸੰਪਰਕ ਚੋਂ ਆਏ ਲੋਕਾਂ ਦੀ ਤਲਾਸ਼ ਕੀਤੀ ਜਾ ਸਕੇ।