
ਹਰਿਆਣਾ ਸਰਕਾਰ ਵਲੋਂ ਸਿੱਖ ਕੈਦੀਆਂ ਦੀ ਪੈਰੋਲ ਰੱਦ ਕਰਨੀ ਸਿਆਸਤ ਤੋਂ ਪ੍ਰੇਰਤ ਹੈ
ਅੰਮ੍ਰਿਤਸਰ 24 ਅਪ੍ਰੈਲ ( ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ ਹਰਪ੍ਰੀਤ ਸਿੰਘ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸੰਗਤਾਂ ਨੂੰ ਮੁਬਾਰਕਾਂ ਦਿਤੀਆਂ। ਇਸ ਦੌਰਾਨ ਜਥੇਦਾਰ ਨੇ ਕੋਰੋਨਾ ਦੀ ਮਹਾਂਮਾਰੀ ਦੀ ਆੜ ਹੇਠ ਹਰਿਆਣਾ ਦੇ ਸਿੱਖਾਂ ਦੀ ਪੈਰੋਲ ਰੱਦ ਕਰਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਹਲਾਤਾਂ ਵਿਚ ਵੀ ਸਿਆਸਤ ਕਰਨੀ ਇਨਸਾਨੀਅਤ ਦੀਆਂ ਨੈਤਿਕ ਕਦਰਾਂ ਕੀਮਤਾਂ ਦੇ ਵਿਰੁਧ ਹੈ।
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੋਰੋਨਾ ਦੀ ਲਾ-ਇਲਾਜ ਬਿਮਾਰੀ ਵਿਰੁਧ ਜੂਝ ਰਹੀਆਂ ਦੁਨੀਆਂ ਦੀਆਂ ਸਰਕਾਰਾਂ, ਡਾਕਟਰਾਂ,ਨਰਸਾਂ ਵੱਖ ਵੱਖ ਸਮਾਜ ਸੇਵੀ ਸੰਗਠਨਾਂ ਦੇ ਰੋਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰਿਆਣਾ ਦੀ ਭਾਜਪਾ ਹਕੂਮਤ ਵਲੋ ਸੌਦਾ ਸਾਧ ਨੂੰ ਪੈਰੋਲ ਤੇ ਰਿਹਾਅ ਕਰਨ ਦੀ ਚਰਚਾ ਤੇ ਤਿੱਖੀ ਆਲੋਚਨਾ ਕੀਤੀ ਹੈ। ਜਥੇਦਾਰ ਕਿਹਾ ਕਿ ਵੱਖ-ਵੱਖ ਸੂਬਿਆਂ ਦੀਆਂ ਜੇਲਾਂ 'ਚ ਬੰਦ , ਬੰਦੀ-ਸਿੰਘ ਛੱਡੇ ਨਹੀਂ ਜਾ ਰਹੇ ਜੋ ਅਦਾਲਤੀ ਸਜਾਵਾਂ ਪੂਰੀਆਂ ਕਰ ਚੁੱਕੇ ਹਨ। ਜਥੇਦਾਰ ਮੁਤਾਬਕ ਸੌਦਾ ਸਾਧ ਨੂੰ ਕਰੋਨਾ ਦੀ ਆੜ ਹੇਠ ਰਿਹਾਅ ਕਰਨ ਨਾਲ ਪੰਜਾਬ ਹਰਿਆਣਾ ਵਿਚ ਖਿਚਾਅ ਵਧੇਗਾ ਜੋ ਪਿਛਲੇ 3-4 ਸਾਲ ਤੋਂ ਸਥਿਰ ਹੈ। ਗਿ ਹਰਪ੍ਰੀਤ ਸਿੰਘ ਕਿਹਾ ਕਿ ਸੌਦਾ ਸਾਧ ਨੂੰ ਰਿਹਾਅ ਕਰਨ ਦਾ ਭਾਵ ਇਸ ਖਿੱਤੇ ਦੀ ਸ਼ਾਂਤੀ ਨੂੰ ਲਾਂਬੂ ਲਾਉਣਾ ਹੈ।
ਉਨ੍ਹਾਂ ਹਰਿਆਣਾ ਸਰਕਾਰ ਨੂੰ ਚਿਤਾਵਨੀ ਭਰੇ ਸ਼ਬਦਾਂ 'ਚ ਕਿਹਾ ਕਿ ਉਹ ਅਜਿਹੇ ਹਲਾਤਾਂ ਵਿਚ ਸੌਦਾ ਸਾਧ ਦੀ ਪੈਰੋਲ ਰੱਦ ਕਰਨ ਨੂੰ ਤਰਜ਼ੀਹ ਦੇਵੇ , ਜੇਕਰ ਉਸ ਦੀ ਰਿਹਾਈ ਹੁੰਦੀ ਹੈ ਤਾਂ ਸਿੱਖ ਭਾਵਨਾਵਾਂ ਸੱਟ ਵੱਜਣ ਦੇ ਨਾਲ ਨਾਲ ਸਮੁੱਚਾ ਮਾਹੌਲ ਅਸ਼ਾਂਤ ਹੋਵੇਗਾ ਜੋ ਇਸ ਵੇਲੇ ਬਿਲਕੁਲ ਅਨੂਕੂਲ ਹੈ।