
ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪੰਜਾਬ ਦੀ ਸੱਭ ਤੋਂ ਛੋਟੀ ਉਮਰ ਦੀ ਔਰਤ ਸਰਪੰਚ ਪਲਵੀ ਠਾਕੁਰ ਨਾਲ ਅੱਜ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਵੀਡੀਉ
ਚੰਡੀਗੜ੍ਹ, 24 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪੰਜਾਬ ਦੀ ਸੱਭ ਤੋਂ ਛੋਟੀ ਉਮਰ ਦੀ ਔਰਤ ਸਰਪੰਚ ਪਲਵੀ ਠਾਕੁਰ ਨਾਲ ਅੱਜ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਵੀਡੀਉ ਕਾਨਫ਼ਰੰਸ ਰਾਹੀਂ ਗੱਲਬਾਤ ਕਰ ਕੇ ਪੰਚਾਇਤੀ ਰਾਜ ਸੰਸਥਾਵਾਂ ਦੇ ਕੰਮ ਕਾਜ ਸਬੰਧੀ ਜਾਣਕਾਰੀ ਹਾਸਲ ਕੀਤੀ। ਪਲਵੀ ਠਾਕੁਰ ਪਠਾਨਕੋਟ ਜ਼ਿਲ੍ਹੇ ਦੇ ਬਲਾਕ ਧਾਰਕਲਾਂ ਦੇ ਪਿੰਡ ਹਾੜਾ ਦੀ ਸਰਪੰਚ ਹੈ।
File photo
ਪ੍ਰਧਾਨ ਮੰਤਰੀ ਸ੍ਰੀ ਮੋਦੀ ਨਾਲ ਗੱਲਬਾਤ ਦੌਰਾਨ ਸਰਪੰਚ ਪਲਵੀ ਠਾਕੁਰ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਕਾਰਨ ਕੀਤੇ ਗਏ ਲਾਕਡਾਊਨ ਦੌਰਾਨ ਕਣਕ ਦੀ ਵਾਢੀ, ਖਰੀਦ ਅਤੇ ਢੋਆ-ਢੋਆਈ ਲਈ ਕੀਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪਲਵੀ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਊਨ ਦੌਰਾਨ ਕਣਕ ਦੀ ਸੁਚਾਰੂ ਖਰੀਦ ਲਈ ਚਾਰ-ਪੰਜ ਪਿੰਡਾਂ ਦੇ ਕਲੱਸਟਰ ਬਣਾ ਕੇ ਮੰਡੀਆਂ ਬਣਾਈਆਂ ਹਨ। ਮੰਡੀਆਂ ਵਿਚ ਲੋਕਾਂ ਦਾ ਇਕੱਠ ਹੋਣ ਤੋਂ ਰੋਕਣ ਲਈ ਹੋਲੋਗ੍ਰਾਮ ਵਾਲੀ ਪਰਚੀ ਮਿਤੀ ਪਾ ਕੇ ਕਿਸਾਨਾਂ ਨੂੰ ਦਿਤੀ ਜਾਂਦੀ ਹੈ ਅਤੇ ਸਿਰਫ਼ ਹੋਲਗ੍ਰਾਮ ਪਰਚੀ ਵਾਲਾ ਕਿਸਾਨ ਨਿਸ਼ਚਿਤ ਮਿਤੀ ਨੂੰ ਕਣਕ ਮੰਡੀ ਵਿਚ ਲਿਜਾ ਸਕਦਾ।
ਇਸ ਤੋਂ ਇਲਾਵਾ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਲਈ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਯਕਨੀ ਬਣਉਣ ਲਈ ਪੰਚਾਇਤਾਂ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦਸਿਆ ਕਿ ਕਣਕ ਦੀ ਕਟਾਈ ਸਮੇਂ ਦੋ ਮੀਟਰ ਦੀ ਦੂਰੀ, ਹੱਥ, ਨੱਕ ਅਤੇ ਮੂੰਹ ਢਕ ਕੇ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਇਕ ਦੂਜੇ ਦੇ ਜੂਠੇ ਭਾਂਡੇ ਨਾ ਵਰਤਣ ਬਾਰੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਬਾਰੇ ਵੀ ਪੰਚਾਇਤਾਂ ਵਲੋਂ ਕਾਮਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ।
File photo
ਇਸ ਤੋਂ ਇਲਾਵਾ ਪਲਵੀ ਨੇ ਪ੍ਰਧਾਨ ਮੰਤਰੀ ਨੂੰ ਇਹ ਜਾਣੂ ਕਰਵਾਇਆ ਕਿ ਲਾਕਡਊਨ ਦੇ ਐਲਾਨ ਦੇ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਪਿੰਡਾਂ ਵਿਚ ਪੰਚਾਇਤਾਂ ਨੇ ਪਿੰਡਾਂ ਨੂੰ ਕਰੋਨਾ ਤੋਂ ਸੁਰੱਖਿਅਤ ਰੱਖਣ ਲਈ ਪਿੰਡਾਂ ਦੀ ਨਾਕੇਬੰਦੀ ਕਰ ਕੇ ਬੇਲੋੜੀ ਆਵਜਾਈ ਨਹੀਂ ਹੋਣ ਦਿਤੀ। ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਖਾਸ ਕਰ ਪੰਜਾਬ ਦੇ ਕਿਸਾਨਾਂ ਨੇ ਕਰੜੀ ਮੁਸ਼ੱਕਤ ਕਰ ਕੇ ਦੇਸ ਦਾ ਅੰਨ ਭੰਡਾਰ ਭਰਿਆ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੌਰਾਨ ਕਿਸਾਨਾਂ ਵਲੋਂ ਦੇਸ਼ ਦੇ ਲੋਕਾਂ ਨੂੰ ਖਾਣਾ ਪਹੁੰਚਾਉਣ ਤੋਂ ਇਲਾਵਾ ਦੁੱਧ ਅਤੇ ਫਲ ਪਹੁੰਚਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਧਰਤੀ ਮਾਂ ਨੂੰ ਬਚਾਉਣ ਲਈ ਕਿਸਾਨਾਂ ਨੂੰ ਯੂਰੀਏ ਦੀ ਖਪਤ ਅੱਧੀ ਕਰਨ ਦੀ ਅਪੀਲ ਵੀ ਕੀਤੀ।