
ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ 18-45 ਸਾਲ ਉਮਰ ਵਰਗ ਦੇ ਟੀਕਾਕਰਨ ਲਈ 30 ਲੱਖ ਕੋਵੀਸ਼ੀਲਡ ਦੀਆਂ ਖੁਰਾਕਾਂ ਦਾ ਆਰਡਰ ਦੇਣ ਦੇ ਨਿਰਦੇਸ਼ ਦਿੱਤੇ ਹਨ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਸੂਬੇ ਦੇ ਸਿਹਤ ਵਿਭਾਗ ਨੂੰ 18-45 ਸਾਲ ਉਮਰ ਵਰਗ ਦੇ ਟੀਕਾਕਰਨ ਲਈ 30 ਲੱਖ ਕੋਵੀਸ਼ੀਲਡ ਦੀਆਂ ਖੁਰਾਕਾਂ ਦਾ ਆਰਡਰ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਗਰੀਬਾਂ ਦੇ ਟੀਕਾਕਰਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਮੁੱਖ ਮੰਤਰੀ ਰਾਹਤ ਫੰਡ ਦੀ ਵਰਤੋਂ ਕਰਨ ਲਈ ਵੀ ਕਿਹਾ ਹੈ।
Captain Amrinder Singh
ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਕਿਹਾ ਹੈ ਕਿ ਸੀਰੌਮ ਇੰਸਟੀਚਿਊਟ ਆਫ ਇੰਡੀਆ ਨੂੰ ਤੁਰੰਤ 30 ਲੱਖ ਖੁਰਾਕਾਂ ਦਾ ਆਰਡਰ ਦਿੱਤਾ ਜਾਵੇ ਤਾਂ ਜੋ ਜਲਦ ਤੋਂ ਜਲਦ ਇਸ ਦੀ ਸਪਲਾਈ ਸ਼ੁਰੂ ਹੋ ਸਕੇ, ਭਾਵੇਂ ਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਸੂਚਨਾ ਅਨੁਸਾਰ 18-45 ਸਾਲ ਉਮਰ ਵਰਗ ਲਈ ਟੀਕਿਆਂ ਦੀ ਡਿਲਵਰੀ 15 ਮਈ ਤੋਂ ਪਹਿਲਾਂ ਆਉਣ ਦੀ ਸੰਭਾਵਨਾ ਨਹੀਂ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਗਰੀਬਾਂ ਦੇ ਮੁਫ਼ਤ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਤੋਂ ਇਲਾਵਾ ਸੀ.ਐਸ.ਆਰ. ਫੰਡਾਂ ਦੀ ਵੀ ਵਰਤੋਂ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਈ.ਐਸ.ਆਈ.ਸੀ. ਨੂੰ ਯੋਜਨਾ ਵਿੱਚ ਕਵਰ ਕੀਤੇ ਗਏ ਉਦਯੋਗਿਕ ਵਰਕਰਜ਼ ਅਤੇ ਉਸਾਰੀ ਵਰਕਰਜ਼ਾਂ ਲਈ ਉਸਾਰੀ ਵਰਕਰਜ਼ ਭਲਾਈ ਬੋਰਡ ਨੂੰ ਟੀਕਾਕਰਨ ਦਾ ਸਮਰਥਨ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ।
corona vaccine
ਟੀਕਾਕਰਨ ਰਣਨੀਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਡਾ. ਗਗਨਦੀਪ ਕੰਗ ਦੀ ਅਗਵਾਈ ਵਾਲੇ ਮਾਹਿਰ ਸਮੂਹ ਨੂੰ 29 ਅਪਰੈਲ ਤੱਕ ਆਪਣੀ ਪਹਿਲੀ ਰਿਪੋਰਟ ਵਿੱਚ 18-45 ਸਾਲ ਉਮਰ ਵਰਗ (ਵਧੇਰੇ ਜ਼ੋਖਮ ਵਾਲੇ ਖੇਤਰਾਂ ਵਿੱਚ ਵਿੱਚ ਸੰਵੇਦਨਸ਼ੀਲ ਵਰਗਾਂ- ਉੱਚ ਫੈਲਾਅ ਅਤੇ ਮੌਤ ਦਰ ਆਦਿ ਸਮੇਤ ਉਸਾਰੀ ਵਰਕਜ਼ ਅਤੇ ਉਦਯੋਗਿਕ ਕਾਮੇ) ਨੂੰ ਟੀਕਾਕਰਨ ਲਈ ਤਰਜੀਹ ਦੇਣ ਸਬੰਧੀ ਰਣਨੀਤੀ ਪੇਸ਼ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ 18-45 ਉਮਰ ਵਰਗ ਦੀ ਟੀਕਾਕਰਨ ਰਣਨੀਤੀ ਨੂੰ ਅਮਲ ਵਿੱਚ ਲਿਆਉਂਦਿਆਂ ਸੂਬਾ ਸਰਕਾਰ ਵੱਲੋਂ 45 ਸਾਲ ਤੋਂ ਵੱਧ ਉਮਰ ਵਰਗ ਦੇ ਟੀਕਾਕਰਨ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ।
corona case
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਲਮੀ ਭਾਈਚਾਰੇ ਲਈ ਉਪਲੱਬਧ 162 ਰੁਪਏ ਪ੍ਰਤੀ ਖੁਰਾਕ ਦੀ ਘੱਟ ਕੀਮਤ ਦਾ ਲਾਭ ਲੈਣ ਲਈ ਪੰਜਾਬ ਸਰਕਾਰ ਨੂੰ ਆਗਿਆ ਦੇਣ ਵਾਸਤੇ ਸਰਕਾਰ ਸਿੱਧੇ ਤੌਰ 'ਤੇ ਐਸਟ੍ਰਾਜੈਨੇਕਾ (ਭਾਰਤ) ਤੱਕ ਪਹੁੰਚ ਕਰਨ 'ਤੇ ਵਿਚਾਰ ਕਰੇਗੀ। ਸੂਬੇ ਨੂੰ ਹੁਣ ਤੱਕ ਕੋਵੀਸ਼ੀਲਡ ਦੀਆਂ 29,36,770 ਖੁਰਾਕਾਂ (ਏ.ਐਫ.ਐਮ.ਐਸ. ਤੇ ਕੇਂਦਰੀ ਸਿਹਤ ਵਰਕਰਜ਼ ਦੀਆਂ 3.5 ਲੱਖ ਸਮੇਤ) ਅਤੇ ਕੋਵੈਕਸੀਨ ਦੀਆਂ 3.34 ਲੱਖ ਖੁਰਾਕਾਂ ਮਿਲ ਚੁੱਕੀਆਂ ਹਨ। 22 ਅਪਰੈਲ ਤੱਕ ਟੀਕਿਆਂ ਦੇ ਉਪਲੱਬਧ ਸਟਾਕ ਵਿੱਚੋਂ ਕੋਵੀਸ਼ੀਲਡ ਦੀਆਂ 25.48 ਲੱਖ ਖੁਰਾਕਾਂ ਅਤੇ ਕੋਵੈਕਸੀਨ ਦੀਆਂ 2.64 ਲੱਖ ਖੁਰਾਕਾਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ ਜਦੋਂ ਕਿ ਸੂਬੇ ਕੋਲ 2.81 ਲੱਖ ਕੋਵੀਸ਼ੀਲਡ ਤੇ 27,400 ਕੋਵੈਕਸੀਨ ਦੀਆਂ ਖੁਰਾਕਾਂ ਦਾ ਸਟਾਕ ਪਿਆ ਹੈ।
ਸਿਹਤ ਵਿਭਾਗ ਨੇ 22 ਅਪਰੈਲ ਨੂੰ ਕੇਂਦਰੀ ਸਿਹਤ ਮੰਤਰਾਲੇ ਨੂੰ ਪੱਤਰ ਲਿਖ ਕੇ ਕੋਵੀਸ਼ੀਲਡ ਦੀਆਂ 10 ਲੱਖ ਖੁਰਾਕਾਂ ਦੀ ਵਾਧੂ ਸਪਲਾਈ ਦੀ ਮੰਗ ਕਰਦਿਆਂ ਇਸ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ ਲਈ ਕਿਹਾ ਹੈ ਤਾਂ ਜੋ ਸੂਬਾ ਆਪਣੀਆਂ ਲੋੜਾਂ ਤੁਰੰਤ ਪੂਰੀਆਂ ਕਰ ਸਕੇ।