
ਕੋਵਿਡ ਦੀ ਦੂਜੀ ਲਹਿਰ ਹੈ ਸੁਨਾਮੀ : ਦਿੱਲੀ ਹਾਈ ਕੋਰਟ
ਕਿਹਾ, ਆਕਸੀਜਨ ਦੀ ਸਪਲਾਈ ਰੋਕਣ ਵਾਲੇ ਨੂੰ 'ਅਸੀਂ ਲਟਕਾ ਦੇਵਾਂਗੇ'
ਨਵੀਂ ਦਿੱਲੀ, 24 ਅਪ੍ਰੈਲ : ਦਿੱਲੀ ਹਾਈ ਕੋਰਟ ਨੇ ਸਨਿਚਰਵਾਰ ਨੂੰ ਮਈ ਦੇ ਮੱਧ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਸਿਖਰ 'ਤੇ ਹੋਣ ਦੀ ਸਥਿਤੀ ਦੇ ਖਦਸ਼ੇ ਨਾਲ ਨਜਿੱਠਣ ਦੀਆਂ ਤਿਆਰੀਆਂ ਬਾਰੇ ਕੇਂਦਰ ਤੋਂ ਜਾਣਕਾਰੀ ਤਲਬ ਕਰਦੇ ਹੋਏ ਮਾਮਲਿਆਂ 'ਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ 'ਸੁਨਾਮੀ' ਦਸਿਆ ਅਤੇ ਸਾਵਧਾਨ ਕੀਤਾ ਕਿ ਜੇਕਰ ਕੇਂਦਰ, ਸੂਬਾ ਜਾਂ ਸਥਾਨਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਕਸੀਜਨ ਦੀ ਸਪਲਾਈ 'ਚ ਰੁਕਾਵਟ ਪੈਦਾ ਕਰ ਰਿਹਾ ਹੈ ਤਾਂ 'ਅਸੀਂ ਉਸ ਵਿਅਕਤੀ ਨੂੰ ਲਟਕਾ ਦੇਵਾਂਗੇ |'
ਜਸਟਿਸ ਵਿਪਿਨ ਸਾਂਘੀ ਅਤੇ ਜੱਜ ਰੇਖਾ ਪੱਲੀ ਦੇ ਬੈਂਚ ਨੇ ਉਕਤ ਟਿੱਪਣੀ ਦਿੱਲੀ ਦੇ ਵੱਖ ਵੱਖ ਹਸਪਤਾਲਾਂ 'ਚ ਵੱਧ ਰਹੇ ਆਕਸੀਜਨ ਸਕੰਟ ਦੇ ਮੁੱਦੇ 'ਤੇ ਛੁੱਟੀ ਵਾਲੇ ਦਿਨ ਸੁਣਵਾਈ ਕਰਦੇ ਹੋਏ ਕੀਤੀ | ਹਸਪਤਾਲਾਂ ਨੇ ਗੰਭੀਰ ਰੂਪ ਨਾਲ ਬੀਮਾਰ ਕੋਵਿਡ ਮਰੀਜ਼ਾਂ ਲਈ ਆਕਸੀਜਨ ਦੀ ਕਮੀ ਨੂੰ ਲੈ ਕੇ ਅਦਾਲਤ ਦਾ ਰੁਖ ਕੀਤਾ | ਅਦਾਲਤ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਉਹ ਦੱਸਣ ਕਿ ਕੌਣ ਆਕਸੀਜਨ ਦੀ ਸਪਲਾਈ 'ਚ ਰੁਕਾਵਟ ਪਾ ਰਿਹਾ ਹੈ | ਬੈਂਚ ਨੇ ਕਿਹਾ,''ਅਸੀਂ ਉਸ ਵਿਅਕਤੀ ਨੂੰ ਲਟਕਾ ਦੇਣਗੇ | ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ |''
ਅਦਾਲਤ ਨੇ ਕਿਹਾ ਕਿ ਕੋਵਿਡ ਨਾਲ ਮੌਤ ਦੀ ਦਰ ਘੱਟ ਹੈ ਅਤੇ ਜਿਨ੍ਹਾਂ ਦੀ ਬੀਮਾਰੀ ਨਾਲ ਲੜਨ ਦੀ ਸਮਰੱਥਾ ਘੱਟ ਹੈ ਉਨ੍ਹਾਂ ਦੀ ਇਸ ਬਿਮਾਰੀ ਨਾਲ ਮੌਤ ਹੋਵੇਗੀ, ਪਰ ਸਮੱਸਿਆ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ, ਉਹ ਵੀ ਮਰ ਰਹੇ ਹਨ |
ਬੈਂਚ ਨੇ ਕਿਹਾ, ''ਮੌਤ ਦਰ ਨੂੰ ਘੱਟ ਕਰਨ ਦੀ ਲੋੜ ਹੈ |'' ਕਾਨਪੁਰ ਸਥਿਤ ਆਈ.ਆਈ.ਟੀ ਦੇ ਵਿਗਿਆਨੀਆਂ ਦੀ ਇਕ ਟੀਮ ਦੇ ਅਧਿਐਨ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਉਸ ਦਾ ਅੰਦਾਜ਼ਾ ਹੈ ਕਿ ਕੋਵਿਡ ਦੀ ਇਸ ਲਹਿਰ ਦੇ ਸਿਖਰ 'ਤੇ ਹੋਣ ਦੀ ਸਥਿਤੀ ਮਈ ਦੇ ਮੱਧ ਵਿਚ ਆਏਗੀ |
ਅਦਾਲਤ ਨੇ ਕਿਹਾ, ''ਅਸੀਂ ਇਸ ਨੂੰ ਲਹਿਰ ਕਹਿ ਰਹੇ ਹਨ, ਇਹ ਅਸਲ 'ਚ ਸੁਨਾਮੀ ਹੈ |'' ਇਸ ਨਾਲ ਹੀ ਅਦਾਲਤ ਨੇ ਕੋਵਿਡ ਦੇ ਸਿਖਰ ਦੀ ਸਥਿਤੀ ਆਉਣ 'ਤੇ ਕੇਂਦਰ ਤੋਂ ਹਸਪਤਾਲ, ਮੈਲੀਕਲ ਕਰਮੀਆਂ, ਦਵਾਈ, ਟੀਕੇ ਅਤੇ ਆਕਸੀਜਨ ਦੇ ਮਾਮਲੇ 'ਚ ਤਿਆਰੀਆਂ ਨੂੰ ਲੈ ਕੇ ਸਵਾਲ ਕੀਤਾ | ਕੇਂਦਰ ਵਲੋਂ ਬੋਲਦੇ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਮਈ ਅਤੇ ਜੂਨ 'ਚ ਮਾਮਲਿਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ ਅਤੇ ਦੇਸ਼ ਨੂੰ ਮਾੜੇ ਹਾਲਾਤ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ |
ਉਨ੍ਹਾਂ ਕਿਹਾ ਕਿ ਪਧਾਨ ਮੰੰਤਰੀ ਅਤੇ ਹੋਰ ਇਸ 'ਤੇ ਕੰਮ ਕਰ ਰਹੇ ਹਨ ਅਤੇ ਆਕਸੀਜਨ ਆਯਾਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਜਿਥੋਂ ਵੀ ਸੰਭਵ ਹੋਵੇਗਾ, ਉਥੇਂ ਤੋਂ ਆਕਸੀਜਨ ਲਿਆਉਣ ਦੀ ਸੰਭਾਵਨਾ ਤਲਾਸ਼ ਰਹੇ ਹਨ |
ਅਦਾਲਤ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਉਹ ਸਥਾਨਕ ਪ੍ਰਸ਼ਾਸਨ ਦੇ ਅਜਿਹੇ ਅਧਿਕਾਰੀਆਂ ਬਾਰੇ ਕੇਂਦਰ ਨੂੰ ਦੱਸਣ ਤਾਂ ਕਿ ਉਹ ਉਨ੍ਹਾਂ ਵਿਰੁੱਧ ਕਾਰਵਾਈ ਕਰ ਸਕਣ | ਹਾਈ ਕੋਰਟ ਨੇ ਕੇਂਦਰ ਨੂੰ ਵੀ ਸਵਾਲ ਕੀਤਾ ਕਿ ਦਿੱਲੀ ਲਈ ਵੰਡ ਹਰ ਦਿਨ 480 ਮੀਟਿ੍ਕ ਟਨ ਆਕਸੀਜਨ ਉਸ ਨੂੰ ਕਦੋਂ ਮਿਲੇਗੀ? ਅਦਾਲਤ ਨੇ ਕਿਹਾ,''ਕੇਂਦਰ ਨੇ ਸਾਨੂੰ 21 ਅਪ੍ਰੈਲ ਨੂੰ ਭਰੋਸਾ ਦਿਤਾ ਸੀ ਕਿ ਦਿੱਲੀ 'ਚ ਹਰ ਦਿਨ 480 ਮੀਟਿ੍ਕ ਟਨ ਆਕਸੀਜਨ ਪਹੁੰਚੇਗੀ | ਸਾਨੂੰ ਦੱਸਣ ਕਿ ਇਹ ਕਦੋਂ ਆਏਗੀ?'' ਦਿੱਲੀ ਸਰਕਾਰ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਉਸ ਨੂੰ ਪਿਛਲੇ ਕੁੱਝ ਦਿਨਾਂ ਤੋਂ ਰੋਜ਼ਾਨਾ ਸਿਰਫ਼ 380 ਮੀਟਿ੍ਕ ਟਨ ਆਕਸੀਜਨ ਹੀ ਮਿਲ ਰਹੀ ਹੈ ਅਤੇ ਸ਼ੁਕਰਵਾਰ ਨੂੰ ਉਸ ਨੂੰ ਕਰੀਬ 300 ਮੀਟਿ੍ਕ ਟਨ ਆਕਸੀਜਨ ਮਿਲੀ ਸੀ | ਇਸ ਤੋਂ ਬਾਅਦ ਅਦਾਲਤ ਨੇ ਕੇਂਦਰ ਨੂੰ ਸਵਾਲ ਕੀਤਾ | (ਏਜੰਸੀ)