
ਔਰਤਾਂ ਵੱਲੋਂ ਬੱਸ ਦਾ ਘਿਰਾਉ ਕੀਤੇ ਜਾਣ ਕਾਰਨ ਅੱਡੇ ਵਿਚ ਬਸਾਂ ਦੇ ਆਉਣ ਜਾਣ ਲਈ ਵੀ ਮੁਸ਼ਕਿਲ ਬਣੀ ਰਹੀ।
ਸੁਨਾਮ ਊਧਮ ਸਿੰਘ ਵਾਲਾ (ਦਰਸ਼ਨ ਸਿੰਘ ਚੌਹਾਨ): ਸੂਬਾ ਸਰਕਾਰ ਵਲੋਂ ਸਰਕਾਰੀ ਬਸਾਂ ਵਿਚ ਔਰਤਾਂ ਲਈ ਕੀਤਾ ਮੁਫ਼ਤ-ਸਫ਼ਰ ਪ੍ਰੇਸ਼ਾਨੀ ਬਣਦਾ ਦਿਖਾਈ ਦੇਣ ਲੱਗ ਗਿਆ ਹੈ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਵਿਚ ਔਰਤ ਸਵਾਰੀਆਂ ਨਾ ਚੜਾਉਣ ਤੋਂ ਗੁੱਸੇ ਵਿਚ ਆਈਆਂ ਬੀਬੀਆਂ ਨੇ ਸੁਨਾਮ ਬੱਸ ਅੱਡੇ ਉਤੇ ਹੰਗਾਮਾ ਕਰਦਿਆਂ ਕਰੀਬ ਦੋ ਘੰਟੇ ਤਕ ਬੱਸ ਘੇਰਕੇ ਕੈਪਟਨ ਸਰਕਾਰ ਵਿਰੁਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਦਕਿ ਬੱਸ ਅਮਲੇ ਦਾ ਕਹਿਣਾ ਹੈ ਕਿ ਸਰਕਾਰ ਦੁਆਰਾ ਕੋਵਿਡ-19 ਦੇ ਮੱਦੇਨਜ਼ਰ 50 ਫ਼ੀ ਸਦੀ ਸਵਾਰੀਆਂ ਬਿਠਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਔਰਤਾਂ ਵੱਲੋਂ ਬੱਸ ਦਾ ਘਿਰਾਉ ਕੀਤੇ ਜਾਣ ਕਾਰਨ ਅੱਡੇ ਵਿਚ ਬਸਾਂ ਦੇ ਆਉਣ ਜਾਣ ਲਈ ਵੀ ਮੁਸ਼ਕਿਲ ਬਣੀ ਰਹੀ।
PRTC
ਇਥੇ ਸ਼ਹੀਦ ਊਧਮ ਸਿੰਘ ਮਿਊਸਪਲ ਬੱਸ ਸਟੈਂਡ ਉਤੇ ਪੀ.ਆਰ.ਟੀ.ਸੀ. ਦੀ ਬੱਸ ਵਿਚ ਨਾ ਚੜਾਉਣ ਤੋਂ ਰੋਹ ਵਿਚ ਆਈਆਂ ਵੰਦਨਾ ਰਾਣੀ, ਗੁਰਦੇਵ ਕੌਰ, ਰੇਖਾ ਰਾਣੀ ਸਮੇਤ ਦਰਜਨ ਦੇ ਕਰੀਬ ਹੋਰ ਔਰਤਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਮੱਦੇਨਜ਼ਰ ਬਸਾਂ ’ਚ 50 ਫ਼ੀ ਸਦੀ ਸਵਾਰੀਆਂ ਬਿਠਾਉਣ ਦੇ ਬਹਾਨੇ ਸਰਕਾਰੀ ਬਸਾਂ ਦਾ ਕੁੱਝ ਅਮਲਾ ਔਰਤਾਂ ਨੂੰ ਜਾਣ ਬੁੱਝ ਕੇ ਜਲੀਲ ਕਰ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਸੀ ਸਰਕਾਰੀ ਬਸਾਂ ਦੇ ਅਮਲ ਦੁਆਰਾ ਔਰਤ ਸਵਾਰੀਆਂ ਨੂੰ ਖੜੀਆਂ ਦੇਖਕੇ ਬਸਾਂ ਦੀਆਂ ਤਾਕੀਆਂ ਹੀ ਬੰਦ ਕਰ ਦਿਤੀਆਂ ਜਾਂਦੀਆਂ, ਜੇਕਰ ਕਿਸੇ ਕਾਰਨ ਬੱਸ ਦੀ ਤਾਕੀ ਖੁਲ ਵੀ ਜਾਂਦੀ ਹੈ ਤਾਂ ਪੀ.ਆਰ.ਟੀ.ਸੀ.ਦਾ ਬੱਸ ਅਮਲੇ ਵਲੋਂ ਉਨ੍ਹਾਂ ਨੂੰ ਇਹ ਕਹਿ ਕੇ ਬੱਸ ’ਚ ਚੜਨ ਤੋਂ ਰੋਕ ਦਿਤਾ ਜਾਂਦਾ ਹੈ ਕਿ ਬੱਸ ’ਚ 50 ਫ਼ੀ ਸਦੀ ਸਵਾਰੀਆਂ ਹੋ ਚੁੱਕੀਆਂ ਹਨ।
prtc
ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ.ਦੇ ਕਈ ਕਰਮਚਾਰੀ ਤਾਂ ਉਨ੍ਹਾਂ ਨੂੰ ਜਲੀਲ ਕਰਨ ਦੇ ਮਾਰੇ ਬੱਸ ਭਜਾਕੇ ਲੈ ਜਾਂਦੇ ਹਨ ਜਿਸ ਕਾਰਨ ਉਹ ਕਈ ਕਈ ਘੰਟੇ ਬੱਸ ਅੱਡੇ ਵਿਚ ਬੈਠੀਆਂ ਰਹਿੰਦੀਆਂ ਹਨ। ਇਸ ਮੌਕੇ ਅਮਨਦੀਪ ਕੌਰ, ਮਹਿੰਦਰ ਕੌਰ, ਰਾਜ ਕੌਰ, ਵਰਿੰਦਰ ਕੌਰ, ਮਨਜੀਤ ਕੌਰ ਅਤੇ ਜਸਵੰਤ ਕੌਰ ਆਦਿ ਮੌਜੂਦ ਸਨ। ਉਧਰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਿਊਟੀ ਇੰਸਪੈਕਟਰ ਮਲਕੀਤ ਸਿੰਘ ਨੇ ਸੰਪਰਕ ਕਰਨ ਉਤੇ ਦਸਿਆ ਕਿ ਪੀ.ਆਰ.ਟੀ.ਸੀ. ਵਲੋਂ ਕੋਰੋਨਾ ਮਹਾਂਮਾਰੀ ਨੂੰ ਲੈਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਰਹੀ ਹੈ।
PRTC
ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਸਰਕਾਰ ਨੇ ਬਸਾਂ ਵਿਚ 50 ਫ਼ੀ ਸਦੀ ਸਵਾਰੀਆਂ ਬਿਠਾਉਣ ਲਈ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, 50 ਫ਼ੀ ਸਦੀ ਸਵਾਰੀ ਬੇਸ਼ੱਕ ਔਰਤ ਹੋਵੇ ਜਾਂ ਮਰਦ ਇਹ ਕੋਈ ਮਸਲਾ ਨਹੀਂ ਹੈ।