
ਸੱਤਾਧਿਰ ਤੇ ਵਿਰੋਧੀ ਪਾਰਟੀਆਂ ਵਿਚਕਾਰ ਬਿਆਨਬਾਜ਼ੀ ਹੋਈ ਤੇਜ਼
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਬੀਤੇ ਦਿਨੀਂ ਕੋਟਕਪੂਰਾ ਗੋਲੀ ਕਾਂਡ ਦੇ ਫ਼ੈਸਲੇ ਸਬੰਧੀ 89 ਸਫ਼ਿਆਂ ਦੀ ਜੱਜਮੈਂਟ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਸੂਬੇ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੱਖ ਗਿਆ ਹੈ। ਜਿਥੇ ਸੱਤਾਧਿਰ ਤੇ ਵਿਰੋਧੀ ਪਾਰਟੀਆਂ ਵਿਚਕਾਰ ਇਕ ਦੂਜੇ ਵਿਰੋਧੀ ਬਿਆਨਬਾਜ਼ੀ ਜ਼ੋਰ ਫੜ ਰਹੀ ਹੈ, ਉਥੇ ਕੈਪਟਨ ਸਰਕਾਰ ਤੇ ਪੰਜਾਬ ਕਾਂਗਰਸ ਦੀ ਚਿੰਤਾ ਵੱਧ ਗਈ ਹੈ।
Captain Amarinder Singh
ਕੈਪਟਨ ਸਰਕਾਰ ਜੱਜਮੈਂਟ ਦੇ ਗਹਿਰਾਈ ਵਿਚ ਮੰਥਨ ਲਈ ਜੁਟ ਗਈ ਹੈ ਅਤੇ ਦਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਨੇ ਅਪਣੇ ਸੂਬੇ ਦੀ ਕਾਨੂੰਨੀ ਟੀਮ ਨੂੰ ਫ਼ੈਸਲੇ ਦੇ ਸਾਰੇ ਪੱਖਾਂ ਦਾ ਅਧਿਐਨ ਕਰਨ ਲਈ ਕਿਹਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਕੁੱਝ ਹੋਰ ਵੱਡੇ ਵਕੀਲਾਂ ਨਾਲ ਵੀ ਵਿਚਾਰ ਵਟਾਂਦਰਾ ਸ਼ਰੁੂ ਕਰ ਦਿਤਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਸੂਬੇ ਦੀ ਕਾਂਗਰਸ ਅੰਦਰ ਵੀ ਵੱਡੀ ਹਿਲਜੁਲ ਪੈਦਾ ਹੋ ਗਈ ਹੈ ਜਦਕਿ ਬਾਦਲ ਪ੍ਰਵਾਰ ਫ਼ੈਸਲੇ ਬਾਅਦ ਵੱਡੀ ਰਾਹਤ ਮਹਿਸੂਸ ਕਰ ਰਿਹਾ ਹੈ।
Captain amarinder Singh and Navjot Sidhu
ਨਵਜੋਤ ਸਿੱਧੂ ਅਪਣੀ ਹੀ ਸਰਕਾਰ ’ਤੇ ਹਮਲਾਵਰ
ਕਈ ਦਿਨਾਂ ਤੋਂ ਅਪਣੀ ਹੀ ਪਾਰਟੀ ਦੀ ਸਰਕਾਰ ’ਤੇ ਲਗਾਤਾਰ ਨਿਸ਼ਾਨੇ ਸਾਧ ਰਹੇ ਬਹੁ ਚਰਚਿਤ ਨੇਤਾ ਤੇ ਵਿਧਾਇਕ ਨਵਜੋਤ ਸਿੱਧੂ ਹੁਣ ਲਗਾਤਾਰ ਹਮਲਾਵਰ ਰੂਪ ਵਿਚ ਸਾਹਮਣੇ ਆ ਰਹੇ ਹਨ। ਅੱਜ ਫਿਰ ਉਨ੍ਹਾਂ ਟਵੀਟ ਕਰ ਕੇ ਮੁੱਖ ਮੰਤਰੀ ਦਾ ਨਾਂ ਲਏ ਬਿਨਾਂ ਅਪਣੀ ਹੀ ਸਰਕਾਰ ਨੂੰ ਘੇਰਨ ਦਾ ਯਤਨ ਕਰਦਿਆਂ ਕਈ ਸਵਾਲ ਚੁੱਕੇ ਹਨ? ਉਨ੍ਹਾਂ ਪੁਛਿਆ ਕਿ 2 ਸਾਲ ਤੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਚਾਰਜਸੀਟ ਵਿਚ ਨਾ ਹੋਣ ਦੇ ਬਾਵਜੂਦ ਉਨ੍ਹਾਂ ਵਿਰੁਧ ਚਲਾਨ ਕਿਉਂ ਪੇਸ਼ ਨਹੀਂ ਕੀਤਾ ਗਿਆ? ਉਨ੍ਹਾਂ ਦਾ ਨਾਂ ਐਫ਼.ਆਈ.ਆਰ. ਵਿਚ ਕਿਉਂ ਨਹੀਂ ਰਖਿਆ ਗਿਆ? ਸਿੱਧੂ ਨੇ ਇਹ ਸਵਾਲ ਵੀ ਪੁਛਿਆ ਕਿ ਗੋਲੀ ਕਾਂਡ ਦੇ ਕੇਸ ਨੂੰ ਕਮਜ਼ੋਰ ਕਰਨ ਲਈ ਕੌਣ ਜ਼ਿੰਮੇਵਾਰ ਹੈ?
Sukhjinder Singh Randhawa
ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ’ਤੇ ਕੀਤਾ ਪਲਟਵਾਰ
ਸੁਖਜਿੰਦਰ ਸਿੰਘ ਰੰਧਾਵਾ ਵੀ ਨਵਜੋਤ ਸਿੱਧੂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਵਿਰੋਧ ਵਿਚ ਸਾਹਮਣੇ ਆ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਿੱਧੂ ਦੋਹਰੀ ਨੀਤੀ ’ਤੇ ਕੰਮ ਕਰਦੇ ਹਨ। ਉਨ੍ਹਾਂ ਸਿੱਧੂ ਤੇ ਪਲਟਵਾਰ ਕਰਦਿਆਂ ਸਵਾਲ ਪੁਛਿਆ ਕਿ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਸਮੇਂ ਬਾਦਲ ਸਰਕਾਰ ਸੀ ਅਤੇ ਆਪ ਉਦੋਂ ਕਿਉਂ ਖਾਮੋਸ਼ ਰਹੇ? ਰੰਧਾਵਾ ਨੇ ਕਿਹਾ ਕਿ ਸਿੱਧੂ ਉਸ ਸਮੇਂ ਭਾਜਪਾ ਵਿਚ ਸਨ ਅਤੇ ਉਨ੍ਹਾਂ ਦੀ ਪਤਨੀ ਮੁੱਖ ਸੰਸਦੀ ਸਕੱਤਰ ਸੀ ਪਰ ਹੁਣ ਵਾਰ ਵਾਰ ਬੋਲ ਰਹੇ ਹਨ। ਰੰਧਾਵਾ ਨੇ ਕੁੰਵਰ ਵਿਜੈ ਪ੍ਰਤਾਪ ’ਤੇ ਵੀ ਸਵਾਲ ਚੁਕਦਿਆਂ ਕਿਹਾ ਕਿ ਉਨ੍ਹਾਂ ਨੂੰ ਜਾਂਚ ਦੀਆਂ ਗੱਲਾਂ ਜਨਤਕ ਨਹੀਂ ਸਨ ਕਰਨੀਆਂ ਚਾਹੀਦੀਆਂ। ਇਸ ਨਾਲ ਵੀ ਨੁਕਸਾਨ ਹੋਇਆ।