
ਕੋਟਕਪੂਰਾ ਗੋਲੀ ਕਾਂਡ ਦੀ ਪੂਰੀ ਜੱਜਮੈਂਟ ਆਉਣ ਬਾਅਦ ਪੰਜਾਬ ਦੀ ਸਿਆਸਤ ਭਖੀ
ਸੱਤਾਧਿਰ ਤੇ ਵਿਰੋਧੀ ਪਾਰਟੀਆਂ ਵਿਚਕਾਰ ਬਿਆਨਬਾਜ਼ੀ ਹੋਈ ਤੇਜ਼
ਚੰਡੀਗੜ੍ਹ, 24 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਬੀਤੇ ਦਿਨੀਂ ਕੋਟਕਪੂਰਾ ਗੋਲੀ ਕਾਂਡ ਦੇ ਫ਼ੈਸਲੇ ਸਬੰਧੀ 89 ਸਫ਼ਿਆਂ ਦੀ ਜੱਜਮੈਂਟ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਸੂਬੇ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੱਖ ਗਿਆ ਹੈ | ਜਿਥੇ ਸੱਤਾਧਿਰ ਤੇ ਵਿਰੋਧੀ ਪਾਰਟੀਆਂ ਵਿਚਕਾਰ ਇਕ ਦੂਜੇ ਵਿਰੋਧੀ ਬਿਆਨਬਾਜ਼ੀ ਜ਼ੋਰ ਫੜ ਰਹੀ ਹੈ, ਉਥੇ ਕੈਪਟਨ ਸਰਕਾਰ ਤੇ ਪੰਜਾਬ ਕਾਂਗਰਸ ਦੀ ਚਿੰਤਾ ਵੱਧ ਗਈ ਹੈ |
ਕੈਪਟਨ ਸਰਕਾਰ ਜੱਜਮੈਂਟ ਦੇ ਗਹਿਰਾਈ ਵਿਚ ਮੰਥਨ ਲਈ ਜੁਟ ਗਈ ਹੈ ਅਤੇ ਦਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਨੇ ਅਪਣੇ ਸੂਬੇ ਦੀ ਕਾਨੂੰਨੀ ਟੀਮ ਨੂੰ ਫ਼ੈਸਲੇ ਦੇ ਸਾਰੇ ਪੱਖਾਂ ਦਾ ਅਧਿਐਨ ਕਰਨ ਲਈ ਕਿਹਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਕੁੱਝ ਹੋਰ ਵੱਡੇ ਵਕੀਲਾਂ ਨਾਲ ਵੀ ਵਿਚਾਰ ਵਟਾਂਦਰਾ ਸ਼ਰੁੂ ਕਰ ਦਿਤਾ ਹੈ | 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਸੂਬੇ ਦੀ ਕਾਂਗਰਸ ਅੰਦਰ ਵੀ ਵੱਡੀ ਹਿਲਜੁਲ ਪੈਦਾ ਹੋ ਗਈ ਹੈ ਜਦਕਿ ਬਾਦਲ ਪ੍ਰਵਾਰ ਫ਼ੈਸਲੇ ਬਾਅਦ ਵੱਡੀ ਰਾਹਤ ਮਹਿਸੂਸ ਕਰ ਰਿਹਾ ਹੈ |