
ਜੇਸਨ ਨੇ ਗੁਰਮੁਖੀ ਪੜ੍ਹਨੀ ਸਿਖੀ ਤੇ ਅੱਜਕਲ ਬਿਨਾਂ ਨਾਗਾ ਉਹ ਨਿਤਨੇਮ ਦਾ ਪਾਠ ਕਰ ਰਿਹਾ
ਅੰਮ੍ਰਿਤਸਰ (ਚਰਨਜੀਤ ਸਿੰਘ): ਸ੍ਰੀ ਗੁਰੂ ਨਾਨਕ ਸਾਹਿਬ ਦੀਆਂ ਸਿਖਿਆਵਾਂ ਬਾਰੇ ਜਾਣ ਕੇ ਤੇ ਪੜ੍ਹ ਕੇ ਇਕ ਚੀਨੀ ਨੇ ਸਿੱਖ ਧਰਮ ਧਾਰਨ ਕਰਨ ਦਾ ਫ਼ੈਸਲਾ ਲਿਆ ਹੈ। ਇਸ ਸਮੇਂ ਜੇਸਨ ਨਾਮਕ ਇਹ ਵਿਅਕਤੀ ਅਖੰਡ ਕੀਰਤਨੀ ਜਥੇ ਦੇ ਅੰਮ੍ਰਿਤਸਰ ਵਿਖੇ ਸਥਿਤ ਰੰਗਲੇ ਸੱਜਣ ਟਰੱਸਟ ਵਿਚ ਰਹਿ ਕੇ ਗੁਰਮਤਿ ਬਾਰੇ ਜਾਣਕਾਰੀ ਹਾਸਲ ਕਰ ਰਿਹਾ ਹੈ।
ਇਸ ਪੱਤਰਕਾਰ ਨਾਲ ਗੱਲ ਕਰਦਿਆਂ ਜੇਸਨ ਨੇ ਦਸਿਆ ਕਿ ਉਹ ਮੂਲ ਰੂਪ ਵਿਚ ਚੀਨ ਦਾ ਰਹਿਣ ਵਾਲਾ ਹੈ ਤੇ ਅੱਜਕਲ ਅਮਰੀਕਾ ਵਿਖੇ ਰਹਿੰਦਾ ਹੈ ਉਥੇ ਹੀ ਉਸ ਨੂੰ ਸਿੱਖ ਧਰਮ, ਸਿੱਖ ਧਰਮ ਦੇ ਉਚੇ ਤੇ ਸੁੱਚੇ ਸਿਧਾਂਤ ਤੇ ਸਿੱਖ ਪ੍ਰੰਪਰਾਵਾਂ ਬਾਰੇ ਪਤਾ ਲਗਾ। ਜੇਸਨ ਮੁਤਾਬਕ ਉਹ ਲਗਗ ਛੇ ਮਹੀਨੇ ਤੋਂ ਸਿੱਖ ਧਰਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਦਾ ਯਤਨ ਕਰ ਰਿਹਾ ਹੈ। ਉਸ ਨੂੰ ਬਾਬੇ ਨਾਨਕ ਦਾ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੇ ਬੇਹਦ ਪ੍ਰਭਾਵਤ ਕੀਤਾ।
ਰੰਗਲੇ ਸੱਜਣ ਟਰੱਸਟ ਵਿਚ ਰਹਿ ਕੇ ਜੇਸਨ ਨੇ ਗੁਰਮੁਖੀ ਪੜ੍ਹਨੀ ਸਿਖੀ ਤੇ ਅੱਜਕਲ ਬਿਨਾਂ ਨਾਗਾ ਉਹ ਨਿਤਨੇਮ ਦਾ ਪਾਠ ਕਰ ਰਿਹਾ ਹੈ। ਉਸ ਨੇ ਦਸਿਆ ਕਿ ਹੁਣ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਸਥਾ ਰਖਦਾ ਹੈ। ਅਖੰਡ ਕੀਰਤਨੀ ਜਥੇ ਦੀ ਚੋਣ ਕਿਉਂ ਬਾਰੇ ਪੁਛਣ ’ਤੇ ਜੇਸਨ ਨੇ ਦਸਿਆ ਕਿ ਇਹ ਨਿਰੋਲ ਧਾਰਮਕ ਲੋਕ ਹਨ ਜਿਨ੍ਹਾਂ ਦੇ ਪ੍ਰੇਰਣਾਮਈ ਜੀਵਨ ਤੋਂ ਬਹੁਤ ਕੱੁਝ ਸਿਖਿਆ ਜਾ ਸਕਦਾ ਹੈ। ਇਹ ਲੋਕ ਨਿਰੋਲ ਗੁਰਮਤਿ ਦੇ ਪ੍ਰਚਾਰਕ ਹਨ ਤੇ ਇਹ ਲੋਕ ਵਿਸ਼ਵਾਸ ਪਾਤਰ ਹਨ। ਇਸ ਮੌਕੇ ਜਥੇ ਦੇ ਆਗੂ ਭਾਈ ਮਨਜੀਤ ਸਿੰਘ ਨੇ ਦਸਿਆ ਕਿ ਜੇਸਨ ਹਰ ਰੋਜ਼ ਅੰਮ੍ਰਿਤ ਵੇਲੇ ਹੀ ਆਸਾ ਕੀ ਵਾਰ ਦੇ ਕੀਰਤਨ ਸਮੇਂ ਦੀਵਾਨ ਵਿਚ ਹਾਜ਼ਰੀ ਭਰਦਾ ਹੈ।