
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਲਾਕਡਾਊਨ ਵਿਚ ਘਰੇਲੂ ਹਵਾਈ ਉੜਾਨਾਂ ਚਲਣ ਦੀ 25 ਮਈ ਤੋਂ
ਚੰਡੀਗੜ੍ਹ, 24 ਮਈ (ਗੁਰਉਪਦੇਸ਼ ਭੁੱਲਰ) : ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਲਾਕਡਾਊਨ ਵਿਚ ਘਰੇਲੂ ਹਵਾਈ ਉੜਾਨਾਂ ਚਲਣ ਦੀ 25 ਮਈ ਤੋਂ ਆਗਿਆ ਦੇਣ ਬਾਅਦ ਕੌਮਾਂਤਰੀ ਹਵਾਈ ਅੱਡੇ ਚੰਡੀਗੜ੍ਹ ਤੋਂ ਵੀ ਉਡਾਨਾਂ ਸ਼ੁਰੂ ਹੋ ਰਹੀਆਂ ਹਨ। ਲਗਭਗ 2 ਮਹੀਨੇ ਦੇ ਵਕਫ਼ੇ ਬਾਅਦ ਮਿਲੀ ਛੋਟ ਤਹਿਤ ਇਥੋਂ ਪਹਿਲੇ ਪੜਾਅ 'ਚ 13 ਉੜਾਨਾਂ ਵੱਖ-ਵੱਖ 7 ਘਰੇਲੂ ਰੂਟਾਂ 'ਤੇ ਉੜਾਨ ਭਰਨਗੀਆਂ। ਹਵਾਈ ਅੱਡੇ ਦੇ ਅਧਿਕਾਰੀਆਂ ਦੇ ਦਸਣ ਅਨੁਸਾਰ ਇਹ 13 ਉੜਾਨਾਂ ਸ੍ਰੀਨਗਰ, ਲੇਹ, ਦਿੱਲੀ, ਮੁੰਬਈ, ਧਰਮਸ਼ਾਲਾ, ਅਹਿਮਦਾਬਾਦ ਅਤੇ ਬੰਗਲੌਰ ਜਾਣਗੀਆਂ।
File photo
ਜ਼ਿਕਰਯੋਗ ਹੈ ਕਿ ਇੰਟਰਨੈਸ਼ਨਨ ਉੜਾਨਾਂ ਪਹਿਲਾਂ ਹੀ ਚਲ ਰਹੀਆਂ ਹਨ, ਜਿਨ੍ਹਾਂ ਤਹਿਤ ਐਨ.ਆਰ.ਆਈਜ਼. ਬਾਹਰੋਂ ਦੇਸ਼ ਪਰਤ ਰਹੇ ਹਨ। ਘਰੇਲੂ ਉੜਾਨਾਂ ਸ਼ੁਰੂ ਹੋਣ ਦੇ ਮੱਦੇਨਜ਼ਰ ਚੰਡੀਗੜ੍ਹ ਏਅਰ ਪੋਰਟ ਵਿਖੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪੂਰੇ ਹਵਾਈ ਅੱਡੇ ਨੂੰ ਲਗਾਤਾਰ ਸੈਨੇਟਾਈਜ਼ ਕਰਨ ਦੇ ਨਾਲ ਨਾਲ ਸਮਾਜਿਕ ਦੂਰੀ ਬਣਾਈ ਰੱਖਣ ਲਈ ਯਾਤਰੀਆਂ ਦੇ ਏਅਰ ਪੋਰਟ 'ਚ ਬੈਠਣ ਲਈ ਲਾਈਆਂ ਸੀਟਾਂ ਦੀ ਵੀ ਵਿਸ਼ੇਸ਼ ਮਾਰਕਿੰਗ ਕੀਤੀ ਗਈ ਹੈ।
ਯਾਤਰੀਆਂ ਦੀ ਹਵਾਈ ਅੱਡੇ 'ਚ ਪੂਰੀ ਮੈਡੀਕਲ ਸਕਰੀਨਿੰਗ ਅਤੇ ਸੁਰੱਖਿਆ ਚੈਕਿੰਗ ਕੀਤੀ ਜਾਵੇਗੀ। ਯਾਤਰੀਆਂ ਨੂੰ ਘੱਟੋ ਘੱਟ 2 ਘੰਟੇ ਪਹਿਲਾਂ ਹਵਾਈ ਅੱਡੇ 'ਤੇ ਪਹੁੰਚਣਾ ਜ਼ਰੂਰੀ ਹੈ। ਯਾਤਰੀਆਂ ਲਈ ਜਹਾਜ਼ ਵਿਚ ਮਾਸਕ ਅਤੇ ਦਸਤਾਨੇ ਪਹਿਨਣੇ ਲਾਜ਼ਮੀ ਹੋਣਗੇ। ਯਾਤਰੀ ਨੂੰ ਇਥ ਹੈਂਡ ਬੈਗ ਨਾਲ ਇਕ ਹੋਰ ਬੈਗ ਲਿਜਾਣ ਦੀ ਆਗਿਆ ਦਿਤੀ ਗਈ ਹੈ। ਯਾਤਰੀਆਂ ਲਈ ਅਪਣੇ ਮੋਬਾਈਲ ਵਿਚ ਅਰੋਗਿਆ ਸੇਤੂ ਐਪ ਲੋਡ ਕਰਨਾ ਵੀ ਜ਼ਰੂਰੀ ਹੈ।