
ਜੂਨ ਵਿਚ ਪੰਜਾਬ ਫੇਰੀ ’ਤੇ ਅਮਿਤ ਸ਼ਾਹ ਦੇ ਆਉਣ ਦੀਆਂ ਕਨਸੋਆਂ
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਉਂਤਬੰਦੀ ਦੀਆਂ ਤਿਆਰੀਆਂ ਵਿਚ ਭਾਜਪਾ
ਪ੍ਰਮੋਦ ਕੌਸ਼ਲ
ਲੁਧਿਆਣਾ, 25 ਮਈ: ਜੂਨ ਦੇ ਮਹੀਨੇ ਵਿਚ ਪੰਜਾਬ ਦੀ ਫੇਰੀ ’ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਉਣ ਦੀਆਂ ਕਨਸੋਆਂ ਸੁਣਾਈ ਦੇ ਰਹੀਆਂ ਹਨ। ਭਾਜਪਾ ਦੇ ਅੰਦਰਲੇ ਸੂਤਰਾਂ ਦੀ ਮੰਨੀਏ ਤਾਂ ਪਹਿਲਾਂ ਅਮਿਤ ਸ਼ਾਹ ਦੇ ਮਈ ਮਹੀਨੇ ਵਿਚ ਪੰਜਾਬ ਆਉਣ ਦੀ ਚਰਚਾ ਸੀ ਪਰ ਕੋਵਿਡ ਗਾਈਡ ਲਾਈਨਜ਼ ਦੇ ਚਲਦਿਆਂ ਇਹ ਪ੍ਰੋਗਰਾਮ ਨਹੀਂ ਬਣ ਸਕਿਆ ਪਰ ਹੁਣ ਜੂਨ ਮਹੀਨੇ ਵਿਚ ਇਹ ਪ੍ਰੋਗਰਾਮ ਬਣ ਸਕਦਾ ਹੈ। ਹਾਲਾਂਕਿ ਇਸ ਦੀ ਅਜੇ ਤਕ ਕੋਈ ਤਰੀਕ ਪੱਕੀ ਨਹੀਂ ਹੋ ਸਕੀ ਅਤੇ ਜੇਕਰ ਕੋਵਿਡ ਗਾਈਡ ਲਾਈਨਜ਼ ਦੀ ਨਿਰੰਤਰਤਾ ਇਸੇ ਤਰ੍ਹਾਂ ਚਲਦੀ ਰਹੀ ਤਾਂ ਇਹ ਪ੍ਰੋਗਰਾਮ ਅੱਗੇ ਵੀ ਹੋ ਸਕਦਾ ਹੈ ਪਰ ਫ਼ਿਲਹਾਲ ਜੂਨ ਮਹੀਨੇ ਵਿਚ ਅਮਿਤ ਸ਼ਾਹ ਦੇ ਪੰਜਾਬ ਅਉਣ ਦੇ ਚਰਚਿਆਂ ਦਰਮਿਆਨ ਭਾਜਪਾ ਦੇ ਕਈ ਵੱਡੇ ਆਗੂ ਇਸ ਲਈ ਆਪੋ ਅਪਣੇ ਪੱਧਰ ਤੇ ਵਿਦ-ਇਨ ਪਾਰਟੀ ਤਿਆਰੀਆਂ ਵਿਚ ਵੀ ਜੁਟ ਗਏ ਹਨ।
ਦਸਣਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ 26 ਮਈ ਨੂੰ 6 ਮਹੀਨੇ ਪੂਰੇ ਹੋ ਰਹੇ ਹਨ ਅਤੇ ਕਿਸਾਨ ਜਥੇਬੰਦੀਆਂ ਇਸ ਨੂੰ ਕਾਲੇ ਦਿਵਸ ਵਜੋਂ ਮਨਾ ਰਹੀਆਂ ਹਨ ਜਿਸ ਲਈ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਤੇ ਗਲੀ-ਗਲੀ ਵਿਚ ਇਸ ਲਈ ਕਿਸਾਨ ਜਥੇਬੰਦੀਆਂ ਵਲੋਂ ਅਪੀਲ ਕਰਦਿਆਂ ਸਾਰਿਆਂ ਨੂੰ ਆਪੋ ਅਪਣੇ ਘਰਾਂ ’ਤੇ ਕਾਲੇ ਝੰਡੇ ਲਾਉਣ, ਪਿੰਡਾਂ ਤੇ ਸ਼ਹਿਰਾਂ ਵਿਚ ਮੋਦੀ ਸਰਕਾਰ ਦੇ ਪੁਤਲੇ ਫੂਕਣ ਲਈ ਵੀ ਕਿਹਾ ਗਿਆ ਹੈ। ਵੱਡੀ ਗਿਣਤੀ ਵਿਚ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਵੀ ਇਸ ਕਾਲੇ ਦਿਨ ਨੂੰ ਮਨਾਉਣ ਲਈ ਪਹੁੰਚੇ ਹੋਏ ਹਨ ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਅਤੇ ਗੱਲਬਾਤ ਮੁੜ ਤੋਂ ਸ਼ੁਰੂ ਹੁੰਦੀ ਵੀ ਫ਼ਿਲਹਾਲ ਦਿਖਾਈ ਨਹੀਂ ਦੇ ਰਹੀ। ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਭਾਰਤ ਸਰਕਾਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ
ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖ ਕੇ ਗੱਲਬਾਤ ਮੁੜ ਤੋਂ ਸ਼ੁਰੂ ਕਰਨ ਦੀ ਅਪੀਲ ਵੀ ਕੀਤੀ ਹੈ ਪਰ ਬਾਵਜੂਦ ਇਸ ਦੇ ਫ਼ਿਲਹਾਲ ਕੋਈ ਹਾਂ ਪੱਖੀ ਜਵਾਬ ਨਹੀਂ ਸਾਹਮਣੇ ਆਇਆ।
ਕਿਸਾਨੀ ਅੰਦੋਲਨ ਬਾਬਤ ਭਾਜਪਾ ਦੇ ਕਈ ਆਗੂ ਵੀ ਪਾਰਟੀ ਦੇ ਅੰਦਰ ਰਹਿ ਕੇ ਕਿਸਾਨ ਅੰਦੋਲਨ ਨੂੰ ਜਲਦ ਤੋਂ ਜਲਦ ਖ਼ਤਮ ਕਰਵਾਉਣ ਲਈ ਵਿਦ ਇਨ ਪਾਰਟੀ ਦਬਾਅ ਬਣਾ ਰਹੇ ਹਨ। ਕੁੱਝ ਭਾਜਪਾ ਆਗੂਆਂ ਮੁਤਾਬਕ, ਜੇਕਰ ਪੰਜਾਬ ਵਿਚ ਭਾਜਪਾ ਨੇ ਇਕੱਲਿਆਂ ਵਿਧਾਨ ਸਭਾ ਚੋਣਾਂ ਲੜਨੀਆਂ ਹਨ ਤਾਂ ਜ਼ਰੂਰੀ ਹੈ ਕਿ ਕਿਸਾਨੀ ਅੰਦੋਲਨ ਨੂੰ ਖ਼ਤਮ ਕਰਨ ਵਾਸਤੇ ਯਤਨਸ਼ਲਿ ਹੋਣਾ ਪਵੇਗਾ ਕਿਉਂਕਿ ਬੀਤੀਆਂ ਲੋਕਲ ਬਾਡੀਜ਼ ਚੋਣਾਂ ਦੌਰਾਨ ਜਿਸ ਤਰ੍ਹਾਂ ਦਾ ਵਿਰੋਧ ਕਈ ਥਾਵਾਂ ਤੇ ਭਾਜਪਾ ਉਮੀਦਵਾਰਾਂ ਜਾਂ ਆਗੂਆਂ ਦਾ ਹੋਇਆ ਉਸ ਤੋਂ ਸਾਫ਼ ਹੈ ਕਿ ਪੰਜਾਬ ਵਿਚ ਬਹੁਤੀਆਂ ਥਾਵਾਂ ਤੇ ਭਾਜਪਾ ਨੂੰ ਉਮੀਦਵਾਰ ਲੱਭਣੇ ਵੀ ਮੁਸ਼ਕਲ ਹੋ ਜਾਣਗੇ ਕਿਉਂਕਿ ਵਿਰੋਧ ਦੇ ਅਜਿਹੇ ਹਾਲਾਤ ਵਿਚ ਰਿਸਕ ਲੈਣ ਲਈ ਹਰ ਕੋਈ ਸੋਚੇਗਾ ਜ਼ਰੂਰ। ਅਜਿਹੇ ਹਾਲਾਤ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਆਉਣਾ ਕੀ ਅੰਦੋਲਨ ਤੇ ਬੈਠੇ ਕਿਸਾਨਾਂ ਲਈ ਕੋਈ ਚੰਗੀ ਖ਼ਬਰ ਵੀ ਲਿਆ ਸਕਦਾ ਹੈ? ਕੀ ਖੇਤੀ ਕਾਨੂੰਨਾਂ ਦਾ ਹੱਲ ਕਰ ਕੇ ਹੀ ਅਮਿਤ ਸ਼ਾਹ ਪੰਜਾਬ ਆਉਣਗੇ?