ਇਸਲਾਮਾਬਾਦ ਦੇ ਹਸਪਤਾਲਾਂ ਵਿਚ ਬੰਬ ਧਮਾਕੇ ਦੇ ਜ਼ਖ਼ਮੀਆਂ ਦੀ ਮਿਜ਼ਾਜਪੁਰਸੀ ਸਮੇਂ ਪਾਕਿਸਤਾਨੀ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਧਮਕੀ ਦਿਤੀ
Pakistan's strategy is condemnable Editorial: ਇਸਲਾਮਿਕ ਸਟੇਟ ਉਰਫ਼ ਦਾਇਸ਼ ਨਾਮੀ ਦਹਿਸ਼ਤੀ ਸੰਗਠਨ ਵਲੋਂ ਇਸਲਾਮਾਬਾਦ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਏ ਜਾਣ ਦੇ ਬਾਵਜੂਦ ਪਾਕਿਸਤਾਨ ਸਰਕਾਰ ਨੇ ਇਹ ਦੋਸ਼ ਲਾਉਣਾ ਨਹੀਂ ਛੱਡਿਆ ਕਿ ਪਾਕਿਸਤਾਨ ਅੰਦਰਲੀਆਂ ਦਹਿਸ਼ਤੀ ਸਰਗਰਮੀਆਂ ਲਈ ਭਾਰਤ ਜ਼ਿੰਮੇਵਾਰ ਹੈ। ਐਤਵਾਰ ਨੂੰ ਇਸਲਾਮਾਬਾਦ ਦੇ ਹਸਪਤਾਲਾਂ ਵਿਚ ਬੰਬ ਧਮਾਕੇ ਦੇ ਜ਼ਖ਼ਮੀਆਂ ਦੀ ਮਿਜ਼ਾਜਪੁਰਸੀ ਸਮੇਂ ਪਾਕਿਸਤਾਨੀ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਧਮਕੀ ਦਿਤੀ ਕਿ ਜੇਕਰ ਭਾਰਤ ਨੇ ਪਾਕਿਸਤਾਨ ਅੰਦਰਲੇ ਦਹਿਸ਼ਤੀ ਸੰਗਠਨਾਂ ਦੀ ‘ਪੁਸ਼ਤਪਨਾਹੀ’ ਨਾ ਤਿਆਗੀ ਤਾਂ ਪਾਕਿਸਤਾਨ, ਭਾਰਤੀ ‘ਕੁਚਾਲਾਂ’ ਦਾ ਢੁਕਵਾਂ ਜਵਾਬ ਦੇਵੇਗਾ। ਉਨ੍ਹਾਂ ਨੇ ‘ਭਾਰਤੀ ਪੁਸ਼ਤਪਨਾਹੀ’ ਦੀ ਪੁਸ਼ਟੀ ਕਰਨ ਵਾਲਾ ਕੋਈ ਵੀ ਸਬੂਤ ਮੀਡੀਆ ਅੱਗੇ ਪੇਸ਼ ਨਹੀਂ ਕੀਤਾ, ਪਰ ਦਾਅਵਾ ਕੀਤਾ ਕਿ ਭਾਰਤੀ ਮਦਦ ਤੋਂ ਬਿਨਾਂ ਕੋਈ ਵੀ ਪਾਕਿਸਤਾਨੀ ਦਹਿਸ਼ਤੀ ਗੁੱਟ, ਪਾਕਿਸਤਾਨੀ ਧਰਤੀ ਉੱਤੇ ਦਹਿਸ਼ਤੀ ਕਾਰੇ ਜਥੇਬੰਦ ਨਹੀਂ ਕਰ ਸਕਦਾ। ਇਹ ਵੱਖਰੀ ਗੱਲ ਹੈ ਕਿ ਨਕਵੀ ਅਤੇ ਪਾਕਿਸਤਾਨ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਦੇ ਭਾਰਤ-ਵਿਰੋਧੀ ਭੰਡੀ-ਪ੍ਰਚਾਰ ਦੇ ਬਾਵਜੂਦ ਪਾਕਿਸਤਾਨੀ ਮੀਡੀਆ ਦਾ ਇਕ ਪ੍ਰਮੁਖ ਵਰਗ, ਖ਼ਾਸ ਤੌਰ ’ਤੇ ਅੰਗਰੇਜ਼ੀ-ਭਾਸ਼ੀ ਮੀਡੀਆ, ਸਰਕਾਰੀ ਦਾਅਵਿਆਂ ਨੂੰ ਚੁਣੌਤੀ ਦਿੰਦਾ ਆਇਆ ਹੈ। ‘ਐਕਸਪ੍ਰੈਸ ਟ੍ਰਿਬਿਊਨ’ ਨੇ ਐਤਵਾਰ ਨੂੰ ਅਪਣੀ ਸੰਪਾਦਕੀ ਵਿਚ ਲਿਖਿਆ ਕਿ ਬਿਨਾਂ ਸਬੂਤ ਪੇਸ਼ ਕੀਤਿਆਂ ਭਾਰਤ ਉੱਤੇ ਦੋਸ਼ ਲਾਉਣਾ ਕੌਮਾਂਤਰੀ ਪੱਧਰ ’ਤੇ ਪਾਕਿਸਤਾਨੀ ਲੀਡਰਸ਼ਿਪ ਦਾ ਅਕਸ ਵਿਗਾੜਦਾ ਆਇਆ ਹੈ। ਲਿਹਾਜ਼ਾ, ਸਰਕਾਰ ਨੂੰ ਅਪਣੀ ਪਹੁੰਚ ਬਦਲਣੀ ਚਾਹੀਦੀ ਹੈ। ਅਖ਼ਬਾਰ ਨੇ ਬੰਬ ਕਾਂਡ ਦੇ ਸਬੰਧ ਵਿਚ ਹਿਰਾਸਤ ’ਚ ਲਏ ਚਾਰ ਸ਼ੱਕੀ ਦੋਸ਼ੀਆਂ ਵਿਚੋਂ ਇਕ ਦੇ ਅਫ਼ਗ਼ਾਨ ਨਾਗਰਿਕ ਹੋਣ ਦੇ ਪ੍ਰਸੰਗ ਵਿਚ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਇਸ ‘ਅਫ਼ਗ਼ਾਨ’ ਨੂੰ ਮੁਖ ਸਾਜ਼ਿਸ਼ੀ ਤਾਂ ਦਸ ਰਹੀ ਹੈ, ਪਰ ਉਸ ਬਾਰੇ ਵੇਰਵੇ ਕਿਉਂ ਨਹੀਂ ਜਾਰੀ ਕਰ ਰਹੀ?
ਇਸਲਾਮਾਬਾਦ ਸੁਰੱਖਿਆ ਪ੍ਰਬੰਧਾਂ ਪੱਖੋਂ ਪਾਕਿਸਤਾਨ ਦਾ ਸਭ ਤੋਂ ਵੱਧ ਕਵਚਧਾਰੀ ਸ਼ਹਿਰ ਹੈ। ਪਿਛਲੇ ਇਕ ਦਹਾਕੇ ਦੌਰਾਨ ਉੱਥੇ ਅੱਧੀ ਦਰਜਨ ਦਹਿਸ਼ਤੀ ਘਟਨਾਵਾਂ ਜ਼ਰੂਰ ਵਾਪਰੀਆਂ ਪਰ ਉਹ ਜ਼ਿਆਦਾ ਘਾਤਕ ਨਹੀਂ ਸਨ। ਘਾਤਕ ਘਟਨਾ ਨਵੰਬਰ 2025 ਦੇ ਕਚਹਿਰੀ ਬੰਬ ਕਾਂਡ ਵਾਲੀ ਸੀ। ਉਹ ਦਹਿਸ਼ਤੀ ਕਾਰੇ ਤੋਂ ਬਾਅਦ ਹੁਣ 6 ਫ਼ਰਵਰੀ ਨੂੰ ਹੋਏ ਖ਼ੁਦਕੁਸ਼ ਬੰਬ ਹਮਲੇ ਨੇ ਦਰਸਾ ਦਿਤਾ ਹੈ ਕਿ ਪੁਲੀਸ ਪ੍ਰਬੰਧਾਂ ਦੀ ਬਹੁਲਤਾ ਅਤੇ ਹਰ ਅਹਿਮ ਥਾਂ ’ਤੇ ਸੁਰੱਖਿਆ ਕਰਮੀਆਂ ਦੀ ਤਾਇਨਾਤੀ ਵੀ ਸੌ ਫ਼ੀਸਦੀ ਸੁਰੱਖਿਆ ਯਕੀਨੀ ਨਹੀਂ ਬਣਾ ਸਕਦੀ। ਸ਼ੁੱਕਰਵਾਰ (6 ਫ਼ਰਵਰੀ) ਵਾਲਾ ਖ਼ੁਦਕੁਸ਼ ਬੰਬ ਕਾਂਡ ਹਰ ਪੱਖੋਂ ਭਿਆਨਕ ਸੀ। ਉਸ ਦਿਨ 20 ਵਰਿ੍ਹਆਂ ਦੇ ਇਕ ਆਤਮਘਾਤੀ ਕਾਰਕੁਨ ਨੇ ਇਸਲਾਮਾਬਾਦ ਦੇ ਤਰਲਾਈ ਇਲਾਕੇ ਵਿਚ ਸਥਿਤ ਸ਼ੀਆ ਮਸਜਿਦ ਦੀਆਂ ਬਰੂਹਾਂ ਵਿਚ ਵਿਸਫ਼ੋਟ ਕਰ ਕੇ ਸਭ ਪਾਸੇ ਕੋਹਰਾਮ ਮਚਾ ਦਿਤਾ। ਇਸ ਧਮਾਕੇ ਵਿਚ 32 ਵਿਅਕਤੀ ਮਾਰੇ ਗਏ ਅਤੇ 169 ਹੋਰ ਜ਼ਖ਼ਮੀ ਹੋਏ। ਇਹ ਗਿਣਤੀ ਨਵੰਬਰ 2025 ਵਿਚ ਇਸਲਾਮਾਬਾਦ ਦੀਆਂ ਕਚਹਿਰੀਆਂ ਦੇ ਬਾਹਰ ਹੋਏ ਬੰਬ ਹਮਲੇ ਵਿਚ 12 ਮੌਤਾਂ ਤੇ 70 ਜ਼ਖ਼ਮੀਆਂ ਵਾਲੀ ਸੰਖਿਆ ਤੋਂ ਕਿਤੇ ਵੱਡੀ ਸੀ। ਉਦੋਂ ਵੀ ਪਾਕਿਸਤਾਨੀ ਹਕੂਮਤ ਤੇ ਫ਼ੌਜ ਨੇ ਇਸ ਹਮਲੇ ਲਈ ਭਾਰਤ ਨੂੰ ਦੋਸ਼ੀ ਦਸਿਆ ਸੀ; ਪਰ ਕੋਈ ਸਬੂਤ ਨਹੀਂ ਸੀ ਪੇਸ਼ ਕੀਤਾ। ਹੁਣ ਵੀ ਬੰਬ ਕਾਂਡ ਤੋਂ ਫੌਰੀ ਬਾਅਦ ਪਾਕਿਸਤਾਨ ਸਰਕਾਰ ਨੇ ਸ਼ੱਕ ਦੀ ਉਂਗਲੀ ‘ਫ਼ਿਤਨਾ ਅਲ-ਖਵਾਰਿਜ’ (ਭਾਵ ਤਹਿਰੀਕ-ਇ-ਤਾਲਿਬਾਨ ਪਾਕਿਸਤਾਨ ਉਰਫ਼ ਟੀ.ਟੀ.ਪੀ.) ਵਲ ਉਠਾਈ, ਪਰ ਜਦੋਂ ਅਗਲੇ ਦਿਨ ਜ਼ਿੰਮੇਵਾਰੀ ‘ਦਾਇਸ਼’ ਨੇ ਲਈ ਤਾਂ ਪਾਕਿਸਤਾਨ ਸਰਕਾਰ ਨੇ ਅਪਣੇ ਪਹਿਲੇ ਦਾਅਵੇ ਨੂੰ ਗ਼ਲਤ ਕਬੂਲਣ ਦੀ ਥਾਂ ਦਾਇਸ਼ ਨੂੰ ਵੀ ਭਾਰਤੀ ਸਹਾਇਤਾ ਪ੍ਰਾਪਤ ਸੰਗਠਨ ਕਰਾਰ ਦੇ ਦਿਤਾ।
ਅਜਿਹੀਆਂ ਉਪਮਾਵਾਂ ਜਾਂ ਠੱਪੇ ਸੱਚ ਸਾਹਮਣੇ ਨਹੀਂ ਲਿਆਂਦੇ ਬਲਕਿ ਸੱਚ ਛੁਪਾਉਂਦੇ ਹੀ ਹਨ। ‘ਦਾਇਸ਼ ਪਾਕਿਸਤਾਨ’, ਇਰਾਕ ਤੇ ਸੀਰੀਆ ਵਿਚ ਉਪਜੇ ਸੁੰਨੀ ਇੰਤਹਾਪਸੰਦ ਸੰਗਠਨ ਦੀ ਪਾਕਿਸਤਾਨੀ ਇਕਾਈ ਹੈ। ਇਹ ਭਾਰਤ-ਵਿਰੋਧੀ ਵੀ ਹੈ ਅਤੇ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ-ਵਿਰੋਧੀ ਵੀ। ਇਹ ਸੰਗਠਨ ਪਾਕਿਸਤਾਨ ਨੂੰ ਕੱਟੜਪੰਥੀ ਵਹਾਬੀ ਦੇਸ਼ ਬਣਾਉਣਾ ਚਾਹੁੰਦਾ ਹੈ ਅਤੇ ਇਸੇ ਟੀਚੇ ਦੇ ਤਹਿਤ ਉੱਥੇ ਸਮੇਂ ਸਮੇਂ ਸ਼ੀਆ ਮਸਜਿਦਾਂ, ਇਮਾਮਬਾੜਿਆਂ ਜਾਂ ਸ਼ੀਆ ਮਦਰੱਸਿਆਂ ਉੱਤੇ ਹਮਲੇ ਕਰਦੇ ਆਇਆ ਹੈ। ਵਿਡੰਬਨਾ ਇਹ ਵੀ ਹੈ ਕਿ ਤਾਲਿਬਾਨ ਤੇ ਦਾਇਸ਼ ਦਾ ਰਾਜਸੀ, ਸਮਾਜਿਕ ਤੇ ਮਜ਼ਹਬੀ ਦ੍ਰਿਸ਼ਟੀਕੋਣ ਇਕ ਹੋਣ ਦੇ ਬਾਵਜੂਦ ‘ਦਾਇਸ਼’ ਅਪਣੀ ਪੈਠ ਵਧਾਉਣ ਲਈ ਕਾਬੁਲ ਤੇ ਹੋਰ ਅਫ਼ਗ਼ਾਨ ਸ਼ਹਿਰਾਂ ਵਿਚ ਵੱਡੇ ਬੰਬ ਹਮਲੇ ਕਰਦਾ ਆਇਆ ਹੈ। ਦੂਜੇ ਪਾਸੇ, ਅਫ਼ਗ਼ਾਨਿਸਤਾਨ ਦੀ ਤਾਲਿਬਾਨ ਹਕੂਮਤ ਨੇ ਵੀ ਉਸ ਨੂੰ ਸੰਯੁਕਤ-ਰਾਸ਼ਟਰ ਸਲਾਮਤੀ ਕੌਂਸਲ ਵਾਲੀਆਂ ਲੀਹਾਂ ’ਤੇ ‘ਦਹਿਸ਼ਤਗ਼ਰਦ’ ਜਥੇਬੰਦੀ ਕਰਾਰ ਦਿਤਾ ਹੋਇਆ ਹੈ। ‘ਦਾਇਸ਼ ਪਾਕਿਸਤਾਨ’ ਅਫ਼ਗ਼ਾਨ ਦਾਇਸ਼ ਦੀ ਹੀ ਸ਼ਾਖ਼ਾ ਹੈ। ਇਸ ਨੂੰ ਭਾਰਤੀ ਹਮਾਇਤ-ਪ੍ਰਾਪਤ ਸੰਗਠਨ ਦੱਸਣਾ ਹਾਸੋਹੀਣਾ ਵੀ ਹੈ ਅਤੇ ਸਤਹੀ ਵੀ। ਭਾਰਤ ਸਰਕਾਰ ਨੇ ਇਸਲਾਮਾਬਾਦ ਬੰਬ ਧਮਾਕੇ ਦੀ ਨਿੰਦਾ ਸਪਸ਼ਟ ਸ਼ਬਦਾਂ ਵਿਚ ਕੀਤੀ, ਪਰ ਨਾਲ ਹੀ ਪਾਕਿਸਤਾਨੀ ਮੰਤਰੀਆਂ ਵਲੋਂ ਲਾਏ ਦੋਸ਼ਾਂ ਨੂੰ ਹਿਕਾਰਤ-ਆਮੇਜ਼ ਦਸਿਆ। ਅਜਿਹੀ ਪ੍ਰਤੀਕਿਰਿਆ ਤੋਂ ਇਲਾਵਾ ਭਾਰਤ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਪਾਕਿਸਤਾਨੀ ਝੂਠਾਂ ਨੂੰ ਹਰ ਕੌਮਾਂਤਰੀ ਮੰਚ ਉੱਤੇ ਬੇਪਰਦ ਕਰੇ। ਇਸ ਪੱਖੋਂ ਹੋਰ ਰਿਆਇਤ ਵਰਤਣ ਦੀ ਹੁਣ ਗੁੰਜਾਇਸ਼ ਨਹੀਂ ਰਹੀ।
