
ਰੋਟਰੀ ਆਈ ਬੈਂਕ ਅਤੇ ਕਾਰਨੀਆਂ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਹੁਸ਼ਿਆਰਪੁਰ ਕੋਲ ਅੱਖਾਂ ਦਾਨ ਕਰਨ ਸਬੰਧੀ ਫ਼ਾਰਮ ਭਰਿਆ
ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਪਣੀਆਂ ਅੱਖਾਂ ਦਾਨ ਕਰਨ ਸਬੰਧੀ ਪ੍ਰਣ ਲੈਣ ਵਾਲੇ ਪੰਜਾਬ ਦੇ ਪਹਿਲੇ ਕੈਬਨਿਟ ਮੰਤਰੀ ਬਣ ਗਏ ਹਨ। ਉਨ੍ਹਾਂ ਅੱਜ ਰੋਟਰੀ ਆਈ ਬੈਂਕ ਅਤੇ ਕਾਰਨੀਆਂ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਹੁਸ਼ਿਆਰਪੁਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਅੱਖਾਂ ਦਾਨ ਕਰਨ ਸਬੰਧੀ ਅਪਣਾ ਫ਼ਾਰਮ ਭਰਿਆ।
ਇਹ ਵੀ ਪੜ੍ਹੋ: ਕਾਗਜ਼ ਦੀਆਂ ਪਲੇਟਾਂ 'ਤੇ ਡਾ. ਅੰਬੇਡਕਰ ਦੀਆਂ ਤਸਵੀਰਾਂ ਛਾਪਣ ਦਾ ਮਾਮਲਾ, ਦਲਿਤ ਨੌਜਵਾਨਾਂ ਵਿਰੁੱਧ FIR ਰੱਦ
ਅਪਣੇ ਦਫ਼ਤਰ ਵਿਖੇ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਸ ਨੇਕ ਕਾਰਜ ਵਿਚ ਹਿੱਸਾ ਪਾਉਣ। ਰੋਟਰੀ ਆਈ ਬੈਂਕ ਅਤੇ ਕਾਰਨੀਆਂ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਦੇ ਚੇਅਰਮੈਨ ਜੇ.ਬੀ. ਬਹਿਲ ਦੀ ਅਗਵਾਈ 'ਚ ਮਿਲੇ ਵਫ਼ਦ ਨੇ ਦਸਿਆ ਕਿ ਉਨ੍ਹਾਂ ਦੀ ਸੰਸਥਾ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਦੀ ਹੈ ਅਤੇ ਉਹ ਹੁਣ ਤਕ 3800 ਤੋਂ ਵੱਧ ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਦਿਵਾ ਚੁਕੇ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਵਿਚੋਂ 400 ਦੇ ਲਗਭਗ 6 ਮਹੀਨੇ ਤੋਂ 16 ਸਾਲ ਤਕ ਦੀ ਉਮਰ ਵਾਲੇ ਹਨ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਐਨਸੀਪੀ ਮੁਖੀ ਸ਼ਰਦ ਪਵਾਰ ਨਾਲ ਕੀਤੀ ਮੁਲਾਕਾਤ
ਉਨ੍ਹਾਂ ਦਸਿਆ ਕਿ ਭਾਰਤ ਸਰਕਾਰ ਵਲੋਂ ਹਾਲ ਹੀ ਵਿਚ ਨੋਟੀਫ਼ਿਕੇਸ਼ਨ ਜਾਰੀ ਕਰਕੇ ਯੂਰਪੀਨ ਦੇਸ਼ਾਂ ਦੀ ਤਰਜ਼ 'ਤੇ ਭਾਰਤ ਵਿਚ ਵੀ ਲਾਇਸੈਂਸ ਬਣਾਉਣ ਸਮੇਂ ਫਾਰਮ ਵਿਚ ਬਿਨੈਕਾਰ ਵਲੋਂ ਹਾਦਸੇ ਵਿਚ ਮੌਤ ਹੋਣ ਦੀ ਸੂਰਤ ਵਿਚ ਅਪਣੇ ਅੰਗ/ਅੱਖਾਂ ਦਾਨ ਕਰਨ ਲਈ ਸਹਿਮਤ/ਅਸਹਿਮਤ ਹੋਣ ਸਬੰਧੀ ਖਾਨਾ ਭਰਨਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ: ਨਵੇਂ ਸੰਸਦ ਭਵਨ ਦਾ ਉਦਘਾਟਨ ਰਾਸ਼ਟਰਪਤੀ ਤੋਂ ਕਿਉਂ ਨਹੀਂ ਕਰਵਾਇਆ ਜਾ ਰਿਹਾ?: ਅਰਵਿੰਦ ਕੇਜਰੀਵਾਲ
ਇਸ 'ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੂਹ ਰੀਜਨਲ ਟਰਾਂਸਪੋਰਟ ਅਥਾਰਿਟੀ ਸਕੱਤਰਾਂ ਨੂੰ ਪੱਤਰ ਜਾਰੀ ਕਰਕੇ ਡਰਾਇਵਿੰਗ ਲਾਈਸੈਂਸ ਬਣਵਾਉਣ ਜਾਂ ਰੀ-ਨਿਊ ਕਰਵਾਉਣ ਸਮੇਂ ਹਰ ਵਿਅਕਤੀ ਨੂੰ, ਸੜਕੀ ਹਾਦਸੇ ਵਿਚ ਮੌਤ ਹੋਣ ਦੀ ਸੂਰਤ ਵਿਚ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨ ਤਾਂ ਜੋ ਪੰਜਾਬ ਭਾਰਤ ਦਾ ਸਭ ਤੋਂ ਵੱਧ ਨੇਤਰਦਾਨੀ ਰਾਜ ਬਣ ਸਕੇ। ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਉਹ ਸਿਹਤ ਮੰਤਰੀ ਨਾਲ ਗੱਲ ਕਰਕੇ ਇਸ ਕਾਰਜ ਨੂੰ ਹੋਰ ਅੱਗੇ ਵਧਾਉਣਗੇ।