
ਉਤਰੀ ਜ਼ੋਨ ਵਿਚ ਪੰਜਾਬ ਨੇ ਮੋਹਰੀ ਸਥਾਨ ਮੱਲਿਆ
ਚੰਡੀਗੜ੍ਹ, ਪੰਜਾਬ ਦਾ ਬਠਿੰਡਾ ਸਾਫ਼-ਸਫ਼ਾਈ ਵਿਚ ਸੂਬੇ ਦੇ ਸਾਰੇ ਸ਼ਹਿਰਾਂ ਨੂੰ ਪਿੱਛੇ ਛੱਡ ਗਿਆ ਹੈ। ਮੋਹਾਲੀ ਜਿਹਾ ਸਾਫ਼-ਸੁਥਰਾ ਸ਼ਹਿਰ ਵੀ ਬਠਿੰਡੇ ਤੋਂ ਇਕ ਕਦਮ ਪਿੱਛੇ ਰਹਿ ਗਿਆ ਹੈ। ਬਠਿੰਡਾ ਨੂੰ ਇਹ ਦਰਜਾ ਭਾਰਤ ਸਰਕਾਰ ਦੇ ਸਵੱਛਤਾ ਸਰਵੇਖਣ ਵਿਚ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕਲ ਸਵੱਛਤਾ ਪੁਰਸਕਾਰਾਂ ਦੀ ਵੰਡ ਕੀਤੀ। ਇੰਦੌਰ ਨੇ ਸੱਭ ਤੋਂ ਸਾਫ਼ ਸੁਥਰੇ ਸ਼ਹਿਰ ਵਜੋਂ ਪੁਰਸਕਾਰ ਹਾਸਲ ਕੀਤਾ ਹੈ।
ਸਰਵੇਖਣ ਵਿਚ ਲਗਭਗ 4100 ਸ਼ਹਿਰਾਂ ਨੇ ਹਿੱਸਾ ਲਿਆ। ਪੰਜਾਬ ਵਿਚੋਂ ਪਹਿਲ ਸਥਾਨ 'ਤੇ ਬਠਿੰਡਾ, ਦੂਜੇ ਮੋਹਾਲੀ, ਤੀਜੇ ਸਥਾਨ 'ਤੇ ਲੁਧਿਆਣਾ ਅਤੇ ਚੌਥੇ ਸਥਾਨ 'ਤੇ ੇਫ਼ਿਰੋਜ਼ਪੁਰ ਸ਼ਹਿਰ ਨੇ ਹਾਸਲ ਕੀਤਾ। ਇਸੇ ਤਰ੍ਹਾਂ ਦੇਸ਼ ਭਰ ਦੇ 4203 ਸ਼ਹਿਰਾਂ ਦੇ ਕਰਵਾਏ ਗਏ ਸਵੱਛ ਸਰਵੇਖਣ-2018 ਵਿਚ ਪੰਜਾਬ ਨੇ ਉੱਤਰੀ ਜ਼ੋਨ ਦੇ ਸੂਬਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਪ੍ਰਧਾਨ ਮੰਤਰੀ ਵਲੋਂ ਬੀਤੀ ਸ਼ਾਮ ਇੰਦੌਰ ਵਿਖੇ ਕਰਵਾਏ ਸਮਾਗਮ ਵਿੱਚ ਸਵੱਛ ਸਰਵੇਖਣ ਵਿੱਚ ਮੋਹਰੀ ਰਹੇ ਪੰਜਾਬ ਨੂੰ ਸਨਮਾਨਤ ਕੀਤਾ ਗਿਆ। ਇਸ ਸਰਵੇਖਣ ਵਿਚ ਪੰਜਾਬ ਨੇ ਕੌਮੀ ਪੱਧਰ 'ਤੇ ਵੀ ਆਪਣੀ ਰੈਂਕਿੰਗ ਵਿੱਚ ਸੁਧਾਰ ਕਰਦਿਆਂ ਨੌਵਾਂ ਸਥਾਨ ਹਾਸਲ ਕੀਤਾ।
ਸਵੱਛ ਸਰਵੇਖਣ ਵਿਚ ਪੰਜਾਬ ਗੁਆਂਢੀ ਸੂਬੇ ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਵੱਡੇ ਸੂਬਿਆਂ ਗੁਜਰਾਤ, ਤਾਮਿਲਨਾਢੂ, ਕਰਨਾਟਕਾ, ਕੇਰਲਾ ਤੇ ਉਤਰਾਖੰਡ ਸਮੇਤ ਹੋਰਨਾਂ ਸੂਬਿਆਂ ਨਾਲੋਂ ਅੱਗੇ ਰਿਹਾ। ਉੱਤਰੀ ਜ਼ੋਨ ਦੇ 1008 ਸ਼ਹਿਰਾਂ ਵਿਚੋਂ ਪੰਜਾਬ ਦੇ 42 ਸ਼ਹਿਰਾਂ ਨੇ ਉਤਰੀ ਜ਼ੋਨ ਦੇ ਪਹਿਲੇ 100 ਸ਼ਹਿਰਾਂ ਵਿਚ ਸਥਾਨ ਹਾਸਲ ਕੀਤਾ। ਇੰਦੌਰ ਵਿਖੇ ਹੋਏ ਐਵਾਰਡ ਵੰਡ ਸਮਾਰੋਹ ਵਿਚ ਉਤਰੀ ਜ਼ੋਨ ਦੇ ਚਾਰ ਕੈਟੇਗਰੀਆਂ ਐਵਾਰਡਾਂ ਵਿਚੋਂ ਪੰਜਾਬ ਨੇ ਦੋ ਐਵਾਰਡ ਜਿੱਤੇ। ਇਹ ਐਵਾਰਡ ਸੂਬੇ ਦੇ ਦੋ ਕਸਬਿਆਂ ਭਾਦਸੋਂ ਤੇ ਮੂਨਕ ਨੇ ਜਿੱਤੇ।
ਭਾਦਸੋਂ ਨੇ ਸਰਵੋਤਮ ਸਫ਼ਾਈ ਵਾਲੇ ਕਸਬੇ ਅਤੇ ਮੂਨਕ ਨੇ ਸ਼ਹਿਰੀਆਂ ਵਲੋਂ ਸਰਵੋਤਮ ਫ਼ੀਡਬੈਕ ਵਾਲੇ ਕਸਬੇ ਦਾ ਐਵਾਰਡ ਜਿੱਤਿਆ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੂਰੀ ਟੀਮ ਨੂੰ ਵਧਾਈ ਦਿਤੀ ਹੈ। ਪਿਛਲੇ ਸਾਲ ਇਕ ਲੱਖ ਜਾਂ ਇਸ ਤੋਂ ਵੱਧ ਵਸੋਂ ਵਾਲੇ ਵੱਡੇ ਸ਼ਹਿਰਾਂ ਵਿਚ ਪੰਜਾਬ ਦਾ ਮੋਹਾਲੀ ਸ਼ਹਿਰ ਮੋਹਰੀ ਆਇਆ ਸੀ ਜਿਸ ਨੇ ਕੌਮੀ ਰੈਂਕਿੰਗ ਵਿਚ 121ਵਾਂ ਸਥਾਨ ਹਾਸਲ ਕੀਤਾ ਸੀ ਜਦਕਿ ਇਸ ਵਾਰ ਮੋਹਾਲੀ ਨੇ ਹੋਰ ਸੁਧਾਰ ਲਿਆਉਂਦਿਆਂ109ਵਾਂ ਰੈਂਕ ਹਾਸਲ ਕੀਤਾ ਜਦਕਿ ਚੰਡੀਗੜ੍ਹ ਟਰਾਈਸਿਟੀ ਦਾ ਇਕ ਹੋਰ ਸ਼ਹਿਰ ਪੰਚਕੂਲਾ 142ਵੇਂ ਨੰਬਰ 'ਤੇ ਆਇਆ ਹੈ।