
ਸੂਬੇ ਵਿਚ ਝੋਨੇ ਦੀ ਲੁਆਈ ਇਸ ਸਮੇਂ ਪੂਰੇ ਜ਼ੋਰਾਂ 'ਤੇ ਹੈ ਅਤੇ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਬਚਾਉਣ ਲਈ ਪੰਜਾਬ ਰਾਜ ਪਾਵਰ....
ਪਟਿਆਲਾ : ਸੂਬੇ ਵਿਚ ਝੋਨੇ ਦੀ ਲੁਆਈ ਇਸ ਸਮੇਂ ਪੂਰੇ ਜ਼ੋਰਾਂ 'ਤੇ ਹੈ ਅਤੇ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਬਚਾਉਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਹਰ ਰੋਜ਼ 60 ਕਰੋੜ ਰੁਪਏ ਦੀ ਬਿਜਲੀ ਖ਼ਰੀਦ ਰਿਹਾ ਹੈ। ਇਸ ਦੇ ਬਾਵਜੂਦ ਵੀ ਬਿਜਲੀ ਕੱਟ ਜਾਰੀ ਰਹੇ। ਬਿਜਲੀ ਨਿਗਮ ਕੋਲ ਅੱਜ ਵੀ ਬਿਜਲੀ ਦੀ ਘਾਟ ਰਹੀ ਜਿਸ ਕਾਰਨ ਪੇਂਡੂ ਖੇਤਰਾਂ ਵਿਚ ਲੋਕਾਂ ਨੂੰ ਵੱਡੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ। ਸੂਬੇ ਵਿਚ ਵਧੀ ਬਿਜਲੀ ਦੀ ਮੰਗ ਨੂੰ ਦੇਖਦੇ ਹੋਏ ਪਾਵਰਕਾਮ ਨੇ ਸੈਂਟਰਲ ਸੈਕਟਰ ਐਲੋਕੇਟਸ ਰਾਹੀਂ 600 ਲੱਖ ਯੂਨਿਟ ਬਿਜਲੀ ਖ਼ਰੀਦੀ।
ਇਸੇ ਤਰ੍ਹਾਂ ਟਰੇਡਰਜ਼ ਰਾਹੀਂ 300 ਲੱਖ ਦੇ ਕਰੀਬ ਬਿਜਲੀ ਖ਼ਰੀਦੀ ਗਈ। ਪੰਜਾਬ ਆਈ.ਪੀ. ਪੀ.ਥਰਮਲ ਯੂਨਿਟਾਂ ਤੋਂ ਪਾਵਰਕਾਮ ਨੇ 730 ਲੱਖ ਯੂਨਿਟ ਬਿਜਲੀ ਖ਼ਰੀਦੀ। ਇਸ ਤਰ੍ਹਾਂ ਸਾਰੇ ਸਾਧਨਾਂ ਤੋਂ ਅੱਜ 1700 ਲੱਖ ਯੂਨਿਟ ਬਿਜਲੀ ਦੀ ਖ਼ਰੀਦ ਕੀਤੀ ਹੈ ਜੋ ਕਿ ਲਗਭਗ 60 ਕਰੋੜ ਰੁਪਏ ਦੀ ਬਣਦੀ ਹੈ। ਜਾਣਕਾਰੀ ਅਨੁਸਾਰ ਅੱਜ ਵੀ ਬਿਜਲੀ ਦੀ ਮੰਗ 2450 ਲੱਖ ਯੂਨਿਟ ਨੂੰ ਪਾਰ ਕਰ ਗਈ ਜਿਸ ਕਾਰਨ ਪਾਵਰਕਾਮ ਕੋਲ ਬਿਜਲੀ ਦੀ ਸਪਲਾਈ 2415 ਲੱਖ ਯੂਨਿਟ ਦੇ ਕਰੀਬ ਰਹੀ।
ਬਾਕੀ ਘਟਦੇ 35 ਲੱਖ ਯੂਨਿਟ ਦੇ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਬਿਜਲੀ ਕੱਟ ਲਾਉਣੇ ਪਏ। ਹਾਲਾਤ ਸਪੱਸ਼ਟ ਕਰ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਵੱਡੇ ਕੱਟਾਂ ਦੀ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਪੰਜਾਬ ਵਿਚ ਮਾਨਸੂਨ ਦੀ ਆਮਦ ਅਪਣੇ ਮਿੱਥੇ ਸਮੇਂ ਤੋਂ ਪਛੜ ਗਈ ਤਾਂ ਬਿਜਲੀ ਦੇ ਹੋਰ ਵਧੇਰੈ ਕੱਟ ਲੱਗਣ ਦੀ ਸੰਭਾਵਨਾ ਵੀ ਵੱਧ ਸਕਦੀ ਹੈ।