
ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮਹਿਜ਼ 10 ਰੁਪਏ ਵਿੱਚ ਭਰ ਪੇਟ ਪੌਸ਼ਟਿਕ ਤੇ ਮਿਆਰੀ ਭੋਜਨ ਮੁਹਈਆ ਕਰਵਾਉਣ ਦੇ ਮਿਥੇ ਟੀਚੇ ਨੂੰ ਪੂਰਾ ਕਰਦਿਆਂ ਅੱਜ...
ਭਵਾਨੀਗੜ੍ਹ, : ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮਹਿਜ਼ 10 ਰੁਪਏ ਵਿੱਚ ਭਰ ਪੇਟ ਪੌਸ਼ਟਿਕ ਤੇ ਮਿਆਰੀ ਭੋਜਨ ਮੁਹਈਆ ਕਰਵਾਉਣ ਦੇ ਮਿਥੇ ਟੀਚੇ ਨੂੰ ਪੂਰਾ ਕਰਦਿਆਂ ਅੱਜ ਭਵਾਨੀਗੜ੍ਹ ਵਿਖੇ ਵੀ 'ਮਿਹਰ ਸਸਤੀ ਰਸੋਈ' ਦਾ ਰਸਮੀ ਉਦਘਾਟਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਲੋਕ ਨਿਰਮਾਣ ਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਵਿਜੇਇੰਦਰ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਲੋਕ ਸੇਵਾ ਨੂੰ ਸਮਰਪਿਤ ਇਸ ਕਾਰਜ ਦੀ ਇਲਾਕਾ ਵਾਸੀਆਂ ਨੂੰ ਮੁਬਾਰਕਬਾਦ ਭੇਟ ਕਰਦਿਆਂ ਆਸ ਪ੍ਰਗਟਾਈ ਕਿ ਇਹ ਰਸੋਈ ਗਰੀਬ ਲੋਕਾਂ ਨੂੰ ਵਿੱਤੀ ਤੌਰ 'ਤੇ ਵੱਡੀ ਰਾਹਤ ਪ੍ਰਦਾਨ ਕਰੇਗੀ।
ਸਿੰਗਲਾ ਨੇ ਕਿਹਾ ਕਿ ਸੰਗਰੂਰ ਵਿਖੇ ਵੀ ਸਾਂਝੀ ਰਸੋਈ ਸਫ਼ਲਤਾਪੂਰਵਕ ਚੱਲ ਰਹੀ ਹੈ ਜਿਥੇ ਔਸਤਨ 300 ਲੋੜਵੰਦ ਰੋਜ਼ਾਨਾ ਪੌਸ਼ਟਿਕ ਭੋਜਨ ਖਾ ਰਹੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਉਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਹੌਲੀ ਹੌਲੀ ਸਾਂਝੀ ਰਸੋਈ ਦੀਆਂ ਸੁਵਿਧਾਵਾਂ 'ਚ ਵਾਧਾ ਕੀਤਾ ਜਾਵੇਗਾ ਅਤੇ ਇਸ 'ਤੇ ਸੋਲਰ ਪ੍ਰੋਜੈਕਟ ਲਗਾਇਆ ਜਾਵੇਗਾ ਤਾਂ ਜੋ ਭਵਿੱਖ ਵਿੱਚ ਬਿਜਲੀ ਦੇ ਬਿਲ ਦਾ ਭੁਗਤਾਨ ਪ੍ਰਬੰਧਕਾਂ ਲਈ ਬੋਝ ਨਾ ਬਣੇ।
ਉਨ੍ਹਾਂ ਕਿਹਾ ਕਿ ਅਜੋਕੇ ਮਹਿੰਗਾਈ ਦੇ ਯੁੱਗ ਵਿੱਚ ਸਿਰਫ਼ 10 ਰੁਪਏ 'ਚ ਸਾਫ਼ ਸੁਥਰੇ, ਪੌਸ਼ਟਿਕ ਤੇ ਮਿਆਰੀ ਭੋਜਨ ਦੀ ਥਾਲੀ ਲੋੜਵੰਦ ਲੋਕਾਂ ਨੂੰ ਉਪਲਬਧ ਕਰਵਾਉਣ ਦੇ ਇਸ ਪ੍ਰਸ਼ਾਸ਼ਨਿਕ ਉਪਰਾਲੇ ਪ੍ਰਤੀ ਲੋਕਾਂ ਤੋਂ ਵੀ ਹਾਂ ਪੱਖੀ ਹੁੰਗਾਰੇ ਦੀ ਉਡੀਕ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਪਿਆਰਿਆਂ ਦੇ ਜਨਮ ਦਿਨ, ਵਰ੍ਹੇਗੰਢ ਆਦਿ ਮਨਾਉਣ ਲਈ ਸਾਂਝੀ ਰਸੋਈ 'ਚ ਆਉਣਾ ਚਾਹੀਦਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ, ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਸਮੇਤ ਐਸ. ਡੀ. ਐਮ ਸ. ਅਮਰਿੰਦਰ ਸਿੰਘ ਟਿਵਾਣਾ ਨੇ ਵੀ ਸਾਂਝੀ ਰਸੋਈ 'ਚ ਖਾਣੇ ਦਾ ਆਨੰਦ ਮਾਣਿਆ। ਇਸ ਮੌਕੇ ਮਨਜੀਤ ਸਿੰਘ ਤਹਿਸੀਲਦਾਰ, ਪ੍ਰਵੇਸ ਗੋਇਲ ਬੀਡੀਪੀਓ, ਰਣਜੀਤ ਸਿੰਘ ਤੂਰ, ਇਕਬਾਲ ਸਿੰਘ ਫੱਗੂਵਾਲਾ, ਵਰਿੰਦਰ ਪੰਨਵਾਂ, ਪਵਨ ਸ਼ਰਮਾ, ਕਪਿਲ ਗਰਗ, ਸਮਰਿੰਦਰ ਬੰਟੀ, ਸੁਖਮਹਿੰਦਰਪਾਲ ਸਿੰਘ ਤੂਰ, ਨਰਿੰਦਰ ਸਲਦੀ, ਮੰਗਤ ਸ਼ਰਮਾ, ਵਿਪਨ ਸ਼ਰਮਾ, ਮਹੇਸ਼ ਮਾਝੀ, ਗੁਰਪ੍ਰੀਤ ਸਿੰਘ ਕੰਧੋਲਾ, ਮਹੇਸ ਵਰਮਾ, ਬਲਵੰਤ ਸਿੰਘ ਸ਼ੇਰਗਿੱਲ, ਜਗਤਾਰ ਸ਼ਰਮਾ, ਪ੍ਰਦੀਪ ਕੱਦ, ਅਵਤਾਰ ਸਿੰਘ ਤੂਰ, ਹਾਜ਼ਰ ਸਨ।