ਜ਼ਮੀਨ ਪੁੱਡਾ ਹਵਾਲੇ ਕਰਨ ਦੇ ਵਿਰੋਧ ’ਚ ‘ਆਪ’ ਨੇ ਕੀਤਾ ਰੋਸ ਪ੍ਰਦਰਸ਼ਨ
Published : Jun 25, 2020, 10:55 am IST
Updated : Jun 25, 2020, 10:55 am IST
SHARE ARTICLE
File Photo
File Photo

ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਦਾ ਮੁੱਦਾ , ਵਿਤ ਮੰਤਰੀ ਦੇ ਦਫ਼ਤਰ ਦੇ ਘਿਰਾਉ ਕਰਨ ਜਾਂਦੇ ਆਗੂਆਂ ਤੇ ਪੁਲਿਸ ਵਿਚਕਾਰ ਹੋਈ ਖਿੱਚਧੂਹ

ਬਠਿੰਡਾ, 24 ਜੂਨ (ਸੁਖਜਿੰਦਰ ਮਾਨ): ਸਥਾਨਕ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਤੋਂ ਬਾਅਦ ਇਸ ਦੇ ਨਾਂ ਬੋਲਦੀ 1764 ਏਕੜ ਜ਼ਮੀਨ ਨੂੰ ਪੰਜਾਬ ਸਰਕਾਰ ਵਲੋਂ ਪੁੱਡਾ ਹਵਾਲੇ ਕਰਨ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਬੀਤੇ ਕਲ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਮਾਮਲੇ ’ਚ ਵਿਤ ਮੰਤਰੀ ਤੇ ਪੰਜਾਬ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ ਸੀ ਜਦਕਿ ਅੱਜ ਆਮ ਆਦਮੀ ਪਾਰਟੀ (ਆਪ) ਨੇ ਵੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁਧ ਮੋਰਚਾ ਖੋਲ੍ਹਦਿਆਂ ਸਥਾਨਕ ਗੋਲ ਡਿੱਗੀ ਕੋਲ ਧਰਨਾ ਦਿਤਾ। 

‘ਆਪ’ ਆਗੂਆਂ ਨੇ ਵਿੱਤ ਮੰਤਰੀ ਦੇ ਸਟੇਡੀਅਮ ਕੋਲ ਸਥਿਤ ਦਫ਼ਤਰ ਦੇ ਘਿਰਾਓ ਦਾ ਵੀ ਐਲਾਨ ਕੀਤਾ ਹੋਇਆ ਸੀ। ਰੋਸ ਪ੍ਰਦਰਸ਼ਨ ਉਪਰੰਤ ਜਿਵੇਂ ਹੀ ‘ਆਪ’ ਆਗੂਆਂ ਦੀ ਅਗਵਾਈ ਹੇਠ ਵਰਕਰ ਵਿੱਤ ਮੰਤਰੀ  ਦੇ ਦਫ਼ਤਰ ਦਾ ਘਿਰਾਉ ਕਰਨ ਲਈ ਜਾਣ ਲੱਗੇ ਤਾਂ ਪਹਿਲਾਂ ਤੋਂ ਹੀ ਮੁਸਤੈਦ ਬੈਠੀ ਪੁਲਿਸ ਨੇ ਪਾਰਟੀ ਆਗੂਆਂ ਨੂੰ ਰਸਤੇ ਵਿਚ ਬੈਰੀਕੇਡ ਲਗਾ ਕੇ ਰੋਕ ਲਿਆ। ਇਸ ਦੌਰਾਨ ਦੋਨਾਂ ਧਿਰਾਂ ’ਚ ਕਰੀਬ ਅੱਧਾ ਘੰਟਾ ਕਹਾਸੁਣੀ ਤੇ ਖਿੱਚ ਧੂਹ ਵੀ ਹੁੰਦੀ ਰਹੀ। ਇਸ ਦੌਰਾਨ ਹਾਲਾਤ ਕਾਬੂ ਨਾ ਹੁੰਦੇ ਦੇਖ ਮੌਕੇ ’ਤੇ ਪਹੁੰਚੇ ਬਠਿੰਡਾ ਦੇ ਐਸ.ਡੀ.ਐਮ ਨੇ ‘ਆਪ’ ਆਗੂਆਂ ਤੋਂ ਮੰਗ ਪੱਤਰ ਲਿਆ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਵਿਰੁਧ ਭਾਰੀ ਨਾਹਰੇਬਾਜ਼ੀ ਕੀਤੀ। 

ਪਾਰਟੀ ਦੇ ਅੱਧੀ ਦਰਜਨ ਵਿਧਾਇਕਾਂ ਪ੍ਰਿੰਸੀਪਲ ਬੁੱਧ ਰਾਮ, ਮੀਤ ਹੇਅਰ, ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ, ਸਾਬਕਾ ਐਮ.ਪੀ ਪ੍ਰੋ. ਸਾਧੂ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਦੀ ਅਗਵਾਈ ਵਿਚ ਪਾਰਟੀ ਆਗੂਆਂ ਵਲੋਂ ਬਠਿੰਡਾ ਥਰਮਲ ਨੂੰ ਬੰਦ ਕਰਨ ਦੇ ਵਿਰੋਧ ਵਿਚ ਐਸਡੀਐਮ ਬਠਿੰਡਾ ਨੂੰ ਮੰਗ ਪੱਤਰ ਦਿਤਾ ਗਿਆ। 

ਇਸ ਦੌਰਾਨ ਧਰਨੇ ਨੂੰ ਸੰਬੋਧਨ ਕਰਦਿਆਂ ਆਪ ਆਗੂਆਂ ਨੇ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਨੇ ਬੰਦ ਪਏ ਬਠਿੰਡਾ ਥਰਮਲ ਪਲਾਂਟ ਨੂੰ ਮੁੜ ਤੋਂ ਭਖਾਉਣ ਦੀ ਥਾਂ ਇਸ ਦੀ ਸੈਂਕੜੇ ਏਕੜ ਜ਼ਮੀਨ ਪੁੱਡਾ ਰਾਹੀਂ ਲੈਂਡ ਮਾਫ਼ੀਆ ਹਵਾਲੇ ਕੀਤੀ ਜਾ ਰਹੀ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਜਿਸ ਬਿਜਲੀ ਅਤੇ ਲੈਂਡ ਮਾਫ਼ੀਏ ਦੀ ਕਮਾਨ ਪਹਿਲਾਂ ਸੁਖਬੀਰ ਸਿੰਘ ਬਾਦਲ ਕੋਲ ਸੀ। ਉਹ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ’ਚ ਆ ਗਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਬਠਿੰਡਾ ਦੇ ਗੁਰੂ ਨਾਨਕ ਥਰਮਲ ਪਲਾਂਟ ਨੂੰ ਬੰਦ ਕਰਨਾ, ਥਰਮਲ ਦੀ 1764 ਏਕੜ ਜ਼ਮੀਨ ਨੂੰ ਵੇਚਣ ਦਾ, ਬਠਿੰਡਾ ਦੀ ਪਹਿਚਾਣ ਨੂੰ ਖ਼ਤਮ ਕਰਨ ਦਾ ‘ਆਪ’ ਡਟ ਕੇ ਵਿਰੋਧ ਕਰੇਗੀ। 

ਪ੍ਰਿੰਸੀਪਲ ਬੁੱਧ ਰਾਮ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਹਮਲੇ ਕਰਦਿਆਂ ਕਿਹਾ ਕਿ ਉਹ ਬਠਿੰਡਾ ਦੀ ਸੰਪਤੀ ਅਤੇ ਪਹਿਚਾਣ ਨੂੰ ਖ਼ਤਮ ਕਰਨ ’ਤੇ ਤੁਲੇ ਹੋਏ ਹਨ। ‘ਆਪ’ ਆਗੂਆਂ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਪ੍ਰੋ. ਬਲਜਿੰਦਰ ਕੌਰ, ਵਿਧਾਇਕ ਰੁਪਿੰਦਰ ਕੌਰ ਰੂਬੀ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਮੰਗ ਕੀਤੀ ਕਿ ਥਰਮਲ ਪਲਾਂਟ ਦੀ ਜ਼ਮੀਨ ਉਨ੍ਹਾਂ ਕਿਸਾਨਾਂ ਨੂੰ ਵਾਪਸ ਕੀਤੀ ਜਾਵੇ, ਜਿਨ੍ਹਾਂ ਤੋਂ 1969 ’ਚ ਇਹ ਥਰਮਲ ਪਲਾਂਟ ਲਈ ਲਈ ਗਈ ਸੀ।  ‘ਆਪ’ ਆਗੂਆਂ ਨੇ ਐਲਾਨ ਕੀਤਾ ਕਿ 2022 ਆਪ ਦੀ ਸਰਕਾਰ ਬਣਨ ’ਤੇ ਬਠਿੰਡਾ ਥਰਮਲ ਪਲਾਂਟ ਨੂੰ ਫਿਰ ਚਲਾਇਆ ਜਾਵੇਗਾ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਸਾਰੇ ਲੋਕ ਮਾਰੂ ਸਮਝੌਤੇ ਰੱਦ ਕੀਤੇ ਜਾਣਗੇ। 

ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਤੋੜਨ ਨਹੀਂ ਦੇਵਾਂਗੇ
ਬਠਿੰਡਾ : ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਪਿਛਲੇ ਦਿਨੀ ਕੈਬਨਿਟ ਵਿਚ ਪਾਸ ਕਰ ਕੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਤੋੜ ਕੇ ਉਸ ਦੀ ਜਗ੍ਹਾ ਨੂੰ ਪੁੱਡਾ ਰਾਂਹੀ ਨਿਲਾਮ ਕੀਤੇ ਜਾਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਕੀਮਤ ’ਤੇ ਇਸ ਲੋਕ ਵਿਰੋਧੀ ਫੈਸਲੇ ਨੂੰ ਲਾਗੂ ਨਹੀਂ ਹੋਣ ਦੇਣਗੇ।  

ਅਕਾਲੀ ਆਗੂਆਂ ਸਾਬਕਾ ਮੰਤਰੀ ਸਿੰਕਦਰ ਸਿੰਘ ਮਲੂਕਾ ਤੇ  ਜਨਮੇਜਾ ਸਿੰਘ ਸੇਖੋਂ, ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਨਕੱਈ, ਸਾਬਕਾ ਵਿਧਾਇਕ ਦਰਸਨ ਸਿੰਘ ਕੋਟਫੱਤਾ ਤੇ ਜੀਤ ਮਹਿੰਦਰ ਸਿੰਘ ਸਿੱਧੂ, ਸ੍ਰ ਜਗਸੀਰ ਸਿੰਘ ਜੱਗਾ ਕਲਿਆਣ, ਬਲਕਾਰ ਸਿੰਘ ਬਰਾੜ ਮੈਬਰ ਕੋਰ ਕਮੇਟੀ , ਡਾ ਓਮ ਪ੍ਰਕਾਸ਼ ਸਰਮਾਂ ਨੇ ਬੀਤੇ ਕੱਲ ਬਠਿੰਡਾ ਦੇ ਥਰਮਲ ਥਾਣੇ ਦੀ ਪੁਲਿਸ ਵੱਲੋਂ ਖ਼ਜਾਨਾ ਮੰਤਰੀ ਵਿਰੁਧ ਪ੍ਰਦਰਸ਼ਨ ਕਰਨ ’ਤੇ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਰਾਜਬਿੰਦਰ ਸਿੰਘ ਸਿੱਧੂ ਸਾਬਕਾ ਸ਼ਹਿਰੀ ਪ੍ਰਧਾਨ, ਇਕਬਾਲ ਬਬਲੀ ਢਿੱਲੋਂ ਆਦਿ ਸਮੇਤ 80 ਆਗੂਆਂ ਵਿਰੁਧ ਪਰਚਾ ਦਰਜ ਕਰਨ ਦੀ ਨਿਖੇਧੀ ਕਰਦਿਆਂ ਜ਼ਿਲ੍ਹਾ ਪ੍ਰਸਾਸਨ ਤੋਂ ਮੰਗ ਕੀਤੀ ਹੈ ਕਿ ਇਸ ਝੂਠੇ ਪਰਚੇ ਨੂੰ ਤੁਰਤ ਖਾਰਜ ਕੀਤਾ ਜਾਵੇ। 

ਕਾਮਰੇਡਾਂ ਵਲੋਂ ਵੀ ਥਰਮਲ ਪਲਾਂਟ ਦੇ ਮੁੱਦੇ ’ਤੇ ਪੰਜਾਬ ਹਿਤੈਸ਼ੀਆਂ ਨੂੰ ਇਕੱਠੇ ਹੋਣ ਦਾ ਸੱਦਾ     
ਬਠਿੰਡਾ : ਉਧਰ ਸੀ.ਪੀ.ਆਈ. ਐਮ ਪੰਜਾਬ ਦੇ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਨੇ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਬਾਰੇ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਇਸ ਮੁੱਦੇ ’ਤੇ ਸਮੂਹ ਪੰਜਾਬ ਹਿਤੈਸ਼ੀਆਂ ਨੂੰ ਇਕਜੁਟ ਹੋਣ ਦਾ ਸੱਦਾ ਦਿਤਾ ਹੈ। ਉਨ੍ਹਾਂ ਕਿਹਾ ਕਿ ਅੱਧੀ ਸਦੀ ਤੋਂ ਵੱਧ ਸਮਾਂ ਪੰਜਾਬ ਖਾਸ ਕਰ ਕੇ ਮਾਲਵਾ ਖੇਤਰ ਅੰਦਰ ਸਨਅਤੀ ਤੇ ਖੇਤੀ ਵਿਕਾਸ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦਾ ਰਾਜ ਦੀ ਮੌਜੂਦਾ ਕੈਪਟਨ ਸਰਕਾਰ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਸਮਝੌਤੇ ਮੁਤਾਬਕ ਭੋਗ ਪਾ ਦਿਤਾ ਹੈ

, ਜੋ ਮਾਲਵਾ ਖੇਤਰ ਦੇ ਲੋਕਾਂ ਨਾਲ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਕੁੱਝ ਸਾਲ ਪਹਿਲਾਂ ਇਸ ਥਰਮਲ ਦੀ ਤੈਅ ਕੀਤੀ ਮਿਆਦ ਖ਼ਤਮ ਹੋਣ ’ਤੇ ਸਮੇਂ ਦੀ ਸਰਕਾਰ ਨੇ 751 ਕਰੋੜ  ਰੁਪਏ ਦੀ ਲਾਗਤ ਨਾਲ ਇਸ ਦਾ ਨਵੀਨੀਕਰਨ ਕਰਦਿਆਂ ਐਲਾਨ ਕੀਤਾ ਸੀ ਕਿ ਸਾਲ 2031 ਤਕ ਇਹ ਥਰਮਲ ਬਾਖੂਬੀ ਕੰਮ ਕਰਦਾ ਰਹੇਗਾ। 
ਕਿਸਾਨ ਜਥੇਬੰਦੀ ਵਲੋਂ ਵੀ ਮੈਦਾਨ ’ਚ ਨਿਤਰਣ ਦਾ ਐਲਾਨ 
ਬਠਿੰਡਾ : ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਵੇਚਣ ਦੇ ਫ਼ੈਸਲੇ ਦਾ ਭਾਕਿਯੂ  (ਏਕਤਾ ਉਗਰਾਹਾਂ) ਵਲੋਂ ਸਖ਼ਤ ਵਿਰੋਧ ਕਰਦਿਆਂ ਮੁਲਾਜ਼ਮ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵਲੋਂ ਇਸ ਸਬੰਧੀ ਜਾਰੀ ਕੀਤੇ ਪ੍ਰੈਸ ਬਿਆਨ ਰਾਹੀਂ ਕਾਂਗਰਸੀ ਕੈਪਟਨ ਸਰਕਾਰ ’ਤੇ ਪੰਜਾਬੀਆਂ ਨਾਲ ਧ੍ਰੋਹ ਕਮਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਤਾਂ ਮਨਪ੍ਰੀਤ ਬਾਦਲ ਨੇ ਅਕਾਲੀ-ਭਾਜਪਾ ਦੀ ਇਸ ਤਜਵੀਜ਼ ਦੇ ਵਿਰੋਧ ਰਾਹੀਂ ਵੋਟਾਂ ਬਟੋਰੀਆਂ ਸਨ,

ਪਰ ਹੁਣ ਸਰਕਾਰ ਇਸ ਤਜਵੀਜ਼ ਨੂੰ ਫ਼ੈਸਲਾ ਬਣਾਉਣ ਦੀ ਮੋਹਰ ਲਾ ਦਿੱਤੀ ਹੈ। ਇਸ ਫ਼ੈਸਲੇ ਨੂੰ ਸਰਾਸਰ ਗ਼ਲਤ ਸਾਬਤ ਕਰਨ ਲਈ ਤੱਥ ਪੇਸ਼ ਕਰਦਿਆਂ ਕਿਸਾਨ ਆਗੂਆਂ ਨੇ ਦਸਿਆ ਕਿ 2014 ’ਚ ਸਰਕਾਰੀ ਖਜ਼ਾਨੇ ’ਚੋਂ 716 ਕਰੋੜ ਰੁਪਏ ਖਰਚ ਕੇ ਇਸ ਥਰਮਲ ਪਲਾਂਟ ਦੇ ਕੀਤੇ ਗਏ ਨਵੀਨੀਕਰਨ ਦੀ ਮਿਆਦ ਵਿਚੋਂ ਅਜੇ ਸਿਰਫ 9% ਹੀ ਲੰਘੀ ਹੈ, 91% ਬਾਕੀ ਹੈ। ਇਥੇ ਪੈਦਾ ਹੋ ਰਹੀ ਰੋਜ਼ਾਨਾ 400 ਮੈਗਾਵਾਟ ਬਿਜਲੀ ਸਿਰਫ 4.50 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ। ਜਦਕਿ ਨਿਜੀ ਖੇਤਰ ਦੀਆਂ ਸੂਰਜੀ ਊਰਜਾ ਕੰਪਨੀਆਂ ਨਾਲ  ਕੀਤੇ ਖਰੀਦ ਸਮਝੌਤਿਆਂ ਤਹਿਤ ਇਹ 18 ਰੁਪਏ ਪ੍ਰਤੀ ਯੂਨਿਟ ਜਾਂ ਇਸ ਤੋਂ ਵੱਧ ਪੈ ਜਾਂਦੀ ਹੈ। 
ਬਠਿੰਡਾ ਥਰਮਲ ਨੂੰ ਨਿਲਾਮ ਕਰਨ ਦੇ ਰੋਸ ’ਚ ਫੂਕੀ ਪੰਜਾਬ ਸਰਕਾਰ ਦੀ ਅਰਥੀ

ਬਠਿੰਡਾ : ਥਰਮਲ ਪਲਾਂਟ ਬਠਿੰਡਾ ਦੀ ਜ਼ਮੀਨ ਨੂੰ ਨਿਲਾਮ ਕਰਨ ਦੇ ਰੋਸ ਵਜੋਂ ਜੀ.ਐਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਵਲੋਂ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਵਿਚ ਅੱਜ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਪੰਜਾਬ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਸੱਤਾ ਸੰਭਾਲਣ ਤੋਂ ਪਹਿਲਾਂ ਕਾਂਗਰਸ ਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਚਲਦਾ ਰਖਣ ਦਾ ਭਰੋਸਾ ਦਿਤਾ ਸੀ ਪ੍ਰੰਤੂ ਸੱਤਾ ’ਚ ਆ ਕੇ ਥਰਮਲ ਪਲਾਂਟ ਨੂੰ ਜਿੰਦਰਾ ਮਾਰ ਦਿਤਾ ਸੀ ਅਤੇ ਹੁਣ ਇਸ ਬੇਸ਼ਕੀਮਤੀ ਜਮੀਨ ਨੂੰ ਪੁੱਡਾ ਨੂੰ ਨਿਲਾਮ ਕਰਨ ਦਾ ਨਾਦਰਸ਼ਾਹੀ ਫੁਰਮਾਨ ਜਾਰੀ ਕਰ ਦਿਤਾ ਹੈ।

ਥਰਮਲ ਪਲਾਂਟ ਨੂੰ  ਕੇਂਦਰੀ ਨਿਯਮਾਂ ਤਹਿਤ ਬੰਦ ਕੀਤਾ ਗਿਆ ਸੀ : ਮਨਪ੍ਰੀਤ ਬਾਦਲ ਦਾ ਦਾਅਵਾ
ਬਠਿੰਡਾ : ਉਧਰ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਬੀਤੇ ਕੱਲ ਚੰਡੀਗੜ੍ਹ ’ਚ ਕੀਤੀ ਪ੍ਰੈਸ ਕਾਨਫ਼ਰੰਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਬਠਿੰਡਾ ਥਰਮਲ ਪਲਾਂਟ ਪਿਛਲੇ ਤਿੰਨ ਸਾਲ ਤੋਂ ਬੰਦ ਪਿਆ ਸੀ ਤੇ ਜਿਸ ਦਾ ਮੈਂਟੀਨੈਂਸ ਖਰਚ ਹੀ 110 ਕਰੋੜ ਰੁਪਏ ਸਲਾਨਾ ਬਣਦਾ ਹੈ। ਇਸ ਤੋਂ ਇਲਾਵਾ ਇਹ 43 ਸਾਲ ਪੁਰਾਣਾ ਥਰਮਲ ਪਲਾਂਟ ਸੀ, ਜਿਸ ਨੂੰ ਕੇਂਦਰੀ ਨਿਯਮਾਂ ਤਹਿਤ ਬੰਦ ਕੀਤਾ ਗਿਆ ਸੀ। ਇਸੇ ਤਰ੍ਹਾਂ ਬਠਿੰਡਾ ਦੇ ਥਰਮਲ ਪਲਾਂਟ ਤੋਂ ਪ੍ਰਤੀ ਯੂਨਿਟ ਬਿਜਲੀ 7.70 ਰੁਪਏ ਪੈ ਰਹੀ ਹੈ, ਜਦਕਿ ਬਾਹਰੋਂ ਇਹ ਪੰਜਾਬ ਸਰਕਾਰ ਨੂੰ 2.30 ਰੁਪਏ ਤੇ 2.70 ਰੁਪਏ ਮਿਲ ਰਹੀ ਹੈ।

ਵਿਤ ਮੰਤਰੀ ਬਠਿੰਡਾ ਸ਼ਹਿਰ ਦੀ ਸ਼ਾਨ ਤੇ ਵਿਰਾਸਤ ਜਿਉਂਦੀ ਰੱਖਣ ਲਈ 164 ਏਕੜ ਖੇਤਰ ਵਿਚ ਫੈਲੀਆਂ ਝੀਲਾਂ ਨੂੰ ਬਰਕਰਾਰ ਰਖਿਆ ਜਾਵੇਗਾ ਤੇ ਇਸ ਦਾ ਪਾਣੀ ਸ਼ਹਿਰੀਆਂ ਦੀ ਵਰਤੋਂ ਲਈ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ 1764 ਏਕੜ ਜ਼ਮੀਨ ਵਿਚੋਂ 280 ਏਕੜ ਥਰਮਲ ਕਾਲੋਨੀ ’ਚ ਸਿਵਲ ਤੇ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਤਬਦੀਲ ਕੀਤਾ ਜਾਵੇਗਾ ਅਤੇ ਉਥੇ ਖ਼ਾਲੀ ਹੋਣ ਵਾਲੀ 65 ਏਕੜ ਜ਼ਮੀਨ ’ਚ ਕਮਰਸ਼ੀਅਲ ਸੈਂਟਰ ਬਣਾਇਟਾ ਜਾਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਬਠਿੰਡਾ ਥਰਮਲ ਦੀ 1320 ਏਕੜ ਜ਼ਮੀਨ ‘ਤੇ ਇੰਡਸਟਰੀਅਲ ਪਾਰਕ ਬਣਾਉਣ ਦੀ ਯੋਜਨਾ ਬਣਾਈ ਗਈ ਹੈ। ਜਿਸ ਨਾਲ ਹਜ਼ਾਰਾਂ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ। 

‘ਆਪ’ ਦੇ ਧਰਨੇ ’ਚ ਉੱਡੀਆਂ ਸਮਾਜਕ ਦੂਰੀ ਦੀਆਂ ਧੱਜੀਆਂ
ਬਠਿੰਡਾ, 24 ਜੂਨ (ਸੁਖਜਿੰਦਰ ਮਾਨ) : ਆਮ ਆਦਮੀ ਪਾਰਟੀ ਵਲੋਂ ਬਠਿੰਡਾ ਥਰਮਲ ਪਲਾਂਟ ਦੀ 1764 ਏਕੜ ਜ਼ਮੀਨ ਨੂੰ ਪੁੱਡਾ ਹਵਾਲੇ ਕਰਨ ਦੇ ਵਿਰੋਧ ’ਚ ਸਥਾਨਕ ਗੋਲ ਡਿੱਗੀ ਕੋਲ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਸਮਾਜਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉਡਦੀਆਂ ਨਜ਼ਰ ਆਈਆਂ। ਹਾਲਾਂਕਿ ਇਸ ਮੌਕੇ ਵਾਰ-ਵਾਰ ਬੁਲਾਰਿਆਂ ਵਲੋਂ ਸਟੇਜ ਉਪਰ ਵਰਕਰਾਂ ਨੂੰ ਸਮਾਜਕ ਦੂਰੀ ਦਾ ਖਿਆਲ ਰੱਖਣ ਦੀ ਅਪੀਲ ਕੀਤੀ ਜਾ ਰਹੀ ਸੀ

ਪ੍ਰੰਤੂ ਵੱਡੇ ਆਗੂਆਂ ਦੇ ਨਜ਼ਦੀਕ ਬੈਠਣ ਦੀ ਲਾਲਸਾ ਨੇ ਕੋਰੋਨਾ ਵਾਇਰਸ ਵੀ ਉਨ੍ਹਾਂ ਨੂੰ ਡਰਾ ਨਹੀਂ ਸਕਿਆ। ਇਸ ਤੋਂ ਇਲਾਵਾ ਜਦ ਆਪ ਆਗੂਆਂ ਦੀ ਅਗਵਾਈ ਵਿਚ ਵਰਕਰ ਵਿਤ ਮੰਤਰੀ ਦੇ ਦਫ਼ਤਰ ਦਾ ਘਿਰਾਉ ਕਰਨ ਜਾ ਰਹੇ ਸਨ ਤਾਂ ਪੁਲਿਸ ਨਾਲ ਹੋਈ ਖਿੱਚ-ਧੂਹ ਦਰਮਿਆਨ ਇਕ ਇੰਚ ਦਾ ਫ਼ਰਕ ਵੀ ਨਹੀਂ ਸੀ। ਉਂਜ ਇਸ ਮੌਕੇ ਪੁਲਿਸ ਮੁਲਾਜ਼ਮ ਤੇ ਅਧਿਕਾਰੀਆਂ ਵਿਚ ਵੀ ਸਮਾਜਕ ਦੂਰੀ ਦਾ ਕੋਈ ਖਿਆਲ ਵੇਖਣ ਨੂੰ ਨਹੀਂ ਮਿਲਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement