
ਸੀਨੀਆਰਤਾ ਸੂਚੀ ਨੂੰ ਛੇਤੀ ਅੰਤਮ ਰੂਪ ਦੇਣ ਦਾ ਆਦੇਸ਼
ਚੰਡੀਗੜ੍ਹ, 24 ਜੂਨ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਵਿਭਾਗ ਵਿਚ ਤਰੱਕੀਆਂ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਅਤੇ ਸੀਨੀਆਰਤਾ ਸੂਚੀ ਨੂੰ ਜਲਦੀ ਅੰਤਮ ਰੂਪ ਦੇਣ ਦਾ ਆਦੇਸ਼ ਦਿਤਾ ਹੈ। ਵਿਭਾਗ ਵਿਚ ਖ਼ਾਲੀ ਆਸਾਮੀਆਂ ਭਰਨ ਦੀ ਚੱਲ ਰਹੀ ਪ੍ਰਕਿਰਿਆ ਦੀ ਸਮੀਖਿਆ ਲਈ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਜਿਹੜੀਆਂ ਆਸਾਮੀਆਂ ਤਰੱਕੀ ਰਾਹੀਂ ਭਰੀਆਂ ਜਾਣੀਆਂ ਹਨ, ਉਨ੍ਹਾਂ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਜਿਹੜੀਆਂ ਆਸਾਮੀਆਂ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਜਾਂ ਅਧੀਨ ਸੇਵਾਵਾਂ ਚੋਣ ਬੋਰਡ (ਐਸ.ਐਸ. ਬੋਰਡ) ਰਾਹੀਂ ਭਰੀਆਂ ਜਾਣੀਆਂ ਹਨ, ਉਨ੍ਹਾਂ ਸਬੰਧੀ ਕਮਿਸ਼ਨ ਤੇ ਬੋਰਡ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਜਾਵੇ।
ਸਮਾਜਕ ਸੁਰੱਖਿਆ ਮੰਤਰੀ ਨੇ ਆਦੇਸ਼ ਦਿਤਾ ਕਿ ਸੁਪਰਵਾਈਜ਼ਰਾਂ ਦੀ ਸੀਨੀਆਰਤਾ ਸੂਚੀ ਨੂੰ ਅਗਲੇ ਮਹੀਨੇ ਤਕ ਅੰਤਮ ਰੂਪ ਦਿਤਾ ਜਾਵੇ। ਇਸ ਤੋਂ ਇਲਾਵਾ ਤਰੱਕੀਆਂ ਰਾਹੀਂ ਭਰੀਆਂ ਜਾਣ ਵਾਲੀਆਂ ਜਿਹੜੀਆਂ ਹੋਰ ਵੀ ਅਸਾਮੀਆਂ ਰਹਿੰਦੀਆਂ ਹਨ, ਉਨ੍ਹਾਂ ਦੀ ਵੀ ਸੀਨੀਆਰਤਾ ਨੂੰ ਛੇਤੀ ਅੰਤਮ ਰੂਪ ਦਿਤਾ ਜਾਵੇ ਤਾਂ ਕਿ ਵਿਭਾਗ ਦਾ ਕੰਮ ਸੁਚਾਰੂ ਤਰੀਕੇ ਨਾਲ ਚਲਾਉਣ ਵਿਚ ਮਦਦ ਮਿਲ ਸਕੇ। ਉਨ੍ਹਾਂ ਕਿਹਾ ਕਿ ਤਰੱਕੀਆਂ ਤੋਂ ਬਾਅਦ ਖ਼ਾਲੀ ਹੋਣ ਵਾਲੀਆਂ ਆਸਾਮੀਆਂ ’ਤੇ ਭਰਤੀ ਲਈ ਵੀ ਸਬੰਧਤ ਕਮਿਸ਼ਨ ਜਾਂ ਬੋਰਡ ਨੂੰ ਮੰਗ ਭੇਜੀ ਜਾਵੇ ਤਾਂ ਜੋ ਸਾਰਾ ਬੈਕਲਾਗ ਭਰਿਆ ਜਾ ਸਕੇ।
File Photo
ਇਸ ਮੌਕੇ ਚੌਧਰੀ ਨੇ ਕਿਹਾ ਕਿ ਇਹ ਆਸਾਮੀਆਂ ਭਰਨ ਨਾਲ ਵਿਭਾਗ ਦਾ ਕੰਮ ਸੁਚਾਰੂ ਕਰਨ ਵਿਚ ਮਦਦ ਮਿਲੇਗੀ ਅਤੇ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵਿਚ ਤਰੱਕੀਆਂ ਦਾ ਬੈਕਲਾਗ ਛੇਤੀ ਪੂਰਾ ਕਰ ਦਿਤਾ ਜਾਵੇਗਾ। ਉਨ੍ਹਾਂ ਵਿਭਾਗ ਵਿਚ ਨਵੇਂ ਭਰਤੀ ਹੋਏ ਸੁਪਰਡੈਂਟ ਹੋਮ ਨੂੰ ਅਪਣਾ ਕੰਮ ਤਨਦੇਹੀ ਤੇ ਈਮਾਨਦਾਰੀ ਨਾਲ ਕਰਨ ਦੀ ਪ੍ਰੇਰਨਾ ਦਿੰਦਿਆਂ ਵਿਭਾਗ ਵਿਚ ਸਵਾਗਤ ਕੀਤਾ। ਇਸ ਮੌਕੇ ਵਿਭਾਗ ਦੀ ਪ੍ਰਮੁੱਖ ਸਕੱਤਰ ਰਾਜੀ ਪੀ ਸ੍ਰੀਵਾਸਤਵ, ਡਾਇਰੈਕਟਰ ਦੀਪਰਵਾ ਲਾਕਰਾ ਅਤੇ ਵਧੀਕ ਡਾਇਰੈਕਟਰ ਲਿਲੀ ਚੌਧਰੀ ਆਦਿ ਹਾਜ਼ਰ ਸਨ।