
ਭਾਵੇਂ ਕੇਂਦਰ ਸਰਕਾਰ ਵਲੋਂ ਬਾਬਾ ਰਾਮਦੇਵ ਦੇ ਕੋਰੋਨਾ ਦਾ ਇਲਾਜ ਕਰਨ ਦੇ ਦਾਅਵਿਆਂ ’ਤੇ ਰੋਕ ਲਗਾ ਦਿਤੀ ਗਈ ਹੈ
ਚੰਡੀਗੜ੍ਹ 24 ਜੂਨ, (ਨੀਲ ਭਲਿੰਦਰ ਸਿੰਘ) : ਭਾਵੇਂ ਕੇਂਦਰ ਸਰਕਾਰ ਵਲੋਂ ਬਾਬਾ ਰਾਮਦੇਵ ਦੇ ਕੋਰੋਨਾ ਦਾ ਇਲਾਜ ਕਰਨ ਦੇ ਦਾਅਵਿਆਂ ’ਤੇ ਰੋਕ ਲਗਾ ਦਿਤੀ ਗਈ ਹੈ ਪਰ ਪੰਜਾਬ ਦੇ ਸਮਾਜਕ ਕਾਰਕੁਨਾਂ ਨੇ ਬਾਬਾ ਰਾਮਦੇਵ ਵਿਰੁਧ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹਾਕਮ ਸਿੰਘ ਤੇ ਸਿਮਰਨਜੀਤ ਕੌਰ ਗਿੱਲ ਅਤੇ ਆਰ.ਟੀ.ਆਈ. ਐਕਟਵਿਸਟ ਪਰਵਿੰਦਰ ਸਿੰਘ ਕਿੱਤਣਾ ਤੇ ਕੁਲਦੀਪ ਸਿੰਘ ਖਹਿਰਾ ਨੇ ਸਾਂਝੇ ਤੌਰ ’ਤੇ ਡੀ.ਜੀ.ਪੀ. ਪੰਜਾਬ ਨੂੰ ਸ਼ਿਕਾਇਤ ਭੇਜ ਕੇ ਬਾਬਾ ਰਾਮਦੇਵ ਵਿਰੁਧ ਮੁਕੱਦਮਾ ਦਰਜ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਬਾਬਾ ਰਾਮਦੇਵ ਨੇ ਕੋਰੋਨਾ ਦੇ ਇਲਾਜ ਦੀ ਦਵਾਈ ਤਿਆਰ ਕਰਨ ਦੇ ਦਾਅਵੇ ਕੇਂਦਰ ਸਰਕਾਰ ਦੀ ਆਯੂਸ਼ ਮਨਿਸਟਰੀ ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੂੰ ਬਿਨਾਂ ਭਰੋਸੇ ਵਿਚ ਲਏ ਕੀਤੇ ਹਨ।
File Photo
ਅਜਿਹਾ ਕਰਨਾ ਭਾਰਤ ਸਰਕਾਰ ਦੇ ਸਿਹਤ ਅਤੇ ਪਰਵਾਰ ਭਲਾਈ ਵਿਭਾਗ ਦੇ ਹੁਕਮਾਂ ਦੀ ਉਲੰਘਣਾ ਹੈ। ਬਾਬੇ ਨੇ ਇਹ ਦਾਅਵੇ ਕਰ ਕੇ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਉਸ ਵਿਰੁਧ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ 420, 270, 276 ਅਤੇ 188, ਡਰੱਗ ਐਂਡ ਮੈਜਿਕ ਰੈਮਿਡੀਜ਼ (ਇਤਰਾਜ਼ਯੋਗ ਇਸ਼ਤਿਹਾਰਬਾਜ਼ੀ) ਐਕਟ 1954 ਦੀ ਧਾਰਾ 7 ਅਤੇ ਇਨਫ਼ਰਮੇਸ਼ਨ ਐਂਡ ਟੈਕਨਾਲੋਜੀ ਐਕਟ 2000 ਦੀ ਧਾਰਾ 66(4) ਦੀ ਉਲੰਘਣਾ ਹੈ।
ਡੀਜੀਪੀ ਦਫ਼ਤਰ ਨੇ ਇਨ੍ਹਾਂ ਕਾਰਕੁਨਾਂ ਦੀ ਸ਼ਿਕਾਇਤ ਅਗਲੀ ਕਾਰਵਾਈ ਲਈ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਭੇਜ ਦਿਤੀ ਹੈ। ਐਕਟਿਵਿਸਟ ਕੁਲਦੀਪ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਪਿਛਲੇ ਸਮੇਂ ’ਚ ਕੋਰੋਨਾ ਦੇ ਇਲਾਜ ਲਈ ਦਵਾਈ ਤਿਆਰ ਕਰਨ ਦੇ ਦਾਅਵੇ ਕਰਨ ਵਾਲੇ ਕਈ ਵਿਅਕਤੀਆਂ ਵਿਰੁਧ ਮੁਕੱਦਮੇ ਦਰਜ ਹੋਏ ਹਨ। ਇਸੇ ਤਰ੍ਹਾਂ ਬਾਬਾ ਰਾਮਦੇਵ ਵਿਰੁਧ ਵੀ ਹੋਣਾ ਚਾਹੀਦਾ ਹੈ।