
ਯੂਨਾਈਟਿਡ ਅਕਾਲੀ ਦਲ ਦੇ ਕੌਮੀ ਉਪ ਪ੍ਰਧਾਨ ਭਾਈ ਵੱਸਣ ਸਿੰਘ ਜਫ਼ਵਾਲ ਨੇ ਯੂ.ਪੀ ਸਰਕਾਰ ਵਲੋਂ ਸਿੱਖ ਕਿਸਾਨਾਂ
ਨੌਸ਼ਹਿਰਾ ਮੱਝਾ ਸਿੰਘ, 24 ਜੂਨ (ਰਵੀ ਭਗਤ): ਯੂਨਾਈਟਿਡ ਅਕਾਲੀ ਦਲ ਦੇ ਕੌਮੀ ਉਪ ਪ੍ਰਧਾਨ ਭਾਈ ਵੱਸਣ ਸਿੰਘ ਜਫ਼ਵਾਲ ਨੇ ਯੂ.ਪੀ ਸਰਕਾਰ ਵਲੋਂ ਸਿੱਖ ਕਿਸਾਨਾਂ ਦੇ ਕੀਤੇ ਜਾ ਰਹੇ ਉਜਾੜੇ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਸੰਨ 1947 ਪਿੱਛੋਂ ਪਾਕਿਸਤਾਨ ਤੋਂ ਉਜੜ ਕੇ ਆਏ ਸਿੱਖਾਂ ਨੇ ਹੀ ਯੂਪੀ ਦੀਆਂ ਬੰਜਰ ਜ਼ਮੀਨਾਂ ਨੂੰ ਅਪਣੀ ਮਿਹਨਤ ਮੁਸ਼ੱਕਤ ਨਾਲ ਵਾਹੁਣਯੋਗ ਬਣਾ ਕੇ ਖ਼ੁਸ਼ਹਾਲੀ ਲਿਆਂਦੀ ਸੀ। ਪਰ ਹੁਣ ਯੋਗੀ ਦੀ ਅਗਵਾਈ ਵਾਲੀ ਯੂ. ਪੀ ਸਰਕਾਰ ਵਲੋਂ ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਬੁਲਡੋਜ਼ਰ ਚਲਾ ਕੇ ਫ਼ਸਲਾਂ ਬਰਬਾਦ ਕੀਤੀਆਂ ਜਾ ਰਹੀਆਂ ਹਨ।
ਭਾਈ ਜਫ਼ਰਵਾਲ ਨੇ ਕਿਹਾ ਕਿ ਯੂ.ਪੀ ਵਿਚ ਸਿੱਖਾਂ ਨੇ ਜੰਗਲੀ ਜ਼ਮੀਨਾਂ ’ਤੇ 17 ਪਿੰਡ ਵਸਾਏ ਪਰ ਹੁਣ ਉਨ੍ਹਾਂ ਨੂੰ ਕਿਉਂ ਉਜਾੜਿਆ ਜਾ ਰਿਹਾ ਹੈ? ਕੀ ਇਹ ਦੇਸ਼ ਲਈ ਸਿੱਖਾਂ ਦੀਆਂ ਸ਼ਹੀਦੀਆਂ ਦਾ ਮੁਲ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਨੂੰ ਲਾਮਬੰਦ ਹੋ ਕੇ ਯੂ.ਪੀ ਦੇ ਸਿੱਖਾਂ ਦਾ ਮਸਲਾ ਹੱਲ ਕਰਨ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।